Special article : ਸ਼ਰੀਫ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

Special article : ਸ਼ਰੀਫ਼

file photo

 Special article : ਪਹਿਲੀ ਮਿਲਣੀ ਵਿਚ ਉਹ ਬੜੇ ਹੀ ਖਲੂਸ ਨਾਲ ਮਿਲਿਆ ਤੇ ਕਹਿਣ ਲੱਗਾ, ‘ਬਾਈ ਜੀ, ਕੰਮ ਹੋਵੇ ਤਾਂ ਦਸਣਾ’ ਉਹ ਤਾਂ ਚਲਾ ਗਿਆ ਪਰ ਚਿੱਤ ਨੂੰ ਚਿਤਮਣੀ ਜਿਹੀ ਲਾ ਗਿਆ ਕਿ ਮੈਂ ਤਾਂ ਉਸ ਨੂੰ ਜਾਣਦਾ ਵੀ ਨਹੀਂ, ਕੇਵਲ ਅੱਧੇ ਘੰਟੇ ਦੇ ਸਫ਼ਰ ’ਚ ਉਹ ਮੈਨੂੰ ਅਪਣਾ ਬਣਾ ਗਿਆ। ਦਿਨ ਲੰਘਦੇ ਗਏ, ਮੇਰੇ ਮਨ ਨੂੰ ਹੋਰ ਅੱਚਵੀ ਜਿਹੀ ਲੱਗੀ ਰਹੀ। ਇਕ ਦਿਨ ਮੈਂ ਅਪਣੇ ਦੋਸਤ ਨੂੰ ਫ਼ੋਨ ਕੀਤਾ ਜਿਹੜਾ ਕਿ ਉਸ ਦੇ ਪਿੰਡਾਂ ਦੇ ਨੇੜੇ ਦਾ ਹੀ ਹੈ। ‘ਉਸ ਬੰਦੇ ਨਾਲ ਬਹੁਤੀ ਨੇੜਤਾ ਨਾ ਰੱਖੀਂ’ ਕਹਿ ਕੇ ਦੋਸਤ ਨੇ ਮੇਰੇ ਮਨ ਅੰਦਰ ਹੋਰ ਖਲਬਲੀ ਮਚਾ ਦਿਤੀ ਤੇ ਮੈਂ ਫ਼ੈਸਲਾ ਕਰ ਲਿਆ ਕਿ ਉਹਦੇ ਬਾਰੇ ਜ਼ਰੂਰ ਪਤਾ ਕਰਾਂਗਾ।

ਪੁਛਦਾ-ਪੁਛਦਾ ਮੈਂ ਉਸ ਦੇ ਘਰ ਅੱਗੇ ਪਹੁੰਚ ਗਿਆ। ਟੁਟਿਆ ਜਿਹਾ ਗੇਟ, ਬੋੜਾ ਜਿਹਾ ਦਰ ਦੇਖ ਕੇ ਇੰਝ ਲੱਗਾ ਜਿਵੇਂ ਕਿਸੇ ਪੁਰਾਣੇ ਕਿਲ੍ਹੇ ਸਾਹਮਣੇ ਆ ਗਿਆ ਹੋਵਾਂ। ਨੇੜੇ ਖੜ੍ਹੇ ਬਜ਼ੁਰਗ ਤੋਂ ਪੁਛਿਆ ਤਾਂ ਉਸ ਨੇ ਦਸਿਆ ਕਿ ਇਥੇ ਤਾਂ ਕੋਈ ਨਹੀਂ ਰਹਿੰਦਾ। ਮੈਂ ਹੋਰ ਵੀ ਹੈਰਾਨ ਹੋ ਗਿਆ। 

ਮੈਂ ਬਜ਼ੁਰਗ ਨੂੰ ਪੁਛਿਆ ਕਿ ਉਹ ਮੈਨੂੰ ਘਰ ਦਿਖਾ ਸਕਦੇ ਹਨ ਤਾਂ ਬਜ਼ੁਰਗ ਨੇ ਝੱਟ ਤਖ਼ਤੇ ਨੂੰ ਧੱਕ ਕੇ ਵਿਰਲ ਜਿਹੀ ਕਰ ਲਈ ਤੇ ਅਸੀਂ ਅੰਦਰ ਵੜ ਗਏ। ਕੱਚੀਆਂ ਕੰਧਾਂ ਤੋਂ ਉਤਰੇ ਲਿਉੜ ਸਾਅਦੀ ਭਰਦੇ ਸਨ ਕਿ ਇਥੇ ਕਈ ਸਾਲਾਂ ਤੋਂ ਕੋਈ ਨਹੀਂ ਰਹਿੰਦਾ। ਟੁੱਟੀ ਜਿਹੀ ਕੰਧੋਲੀ ’ਤੇ ਮੂਧਾ ਪਿਆ ਕੁੱਜਾ ਸਾਫ਼ ਦੱਸ ਰਿਹਾ ਸੀ ਕਿ ਉਸ ਦਾ ਮਾਲਕ ਉਸ ਨੂੰ ਅੰਦਰ ਰਖਣਾ ਹੀ ਭੁੱਲ ਗਿਆ। ਵਿਹੜੇ ’ਚ ਖੜੇ ਸੁੱਕੇ ਜਿਹੇ ਨਿੰਮ ਦੇ ਪੱਤੇ ਖਿਲਰੇ ਹੋਏ ਇਹ ਸੰਕੇਤ ਦਿੰਦੇ ਸਨ ਕਿ ਲੰਮੇ ਸਮੇਂ ਤੋਂ ਘਰ ਦੀ ਸਾਂਭ-ਸੰਭਾਲ ਵਾਲਾ ਕੋਈ ਨਹੀਂ।

ਇੰਨੇ ਨੂੰ ਦੋ ਬੰਦੇ ਹੋਰ ਆ ਵੜੇ। ਪੁੱਛਣ ’ਤੇ ਪਤਾ ਲੱਗਾ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ‘ਬਾਈ ਜੀ, ਕੀ ਦਸੀਏ ਉਹ ਤਾਂ ਬੜਾ ਹੀ ਸਰੀਫ਼ ਇਨਸਾਨ ਸੀ, ਬਾਪ ਛੋਟੇ ਹੁੰਦਾ ਦਾ ਮਰ ਗਿਆ ਤੇ ਮਾਂ ਨੇ ਦਿਹਾੜੀਆਂ ਕਰ ਕੇ ਪਾਲਿਆ ਪਰ ਪੜ੍ਹਾਈ ’ਚ ਪੁੱਜ ਕੇ ਹੁਸ਼ਿਆਰ--ਸਮੇਂ ਦੀਆਂ ਸਰਕਾਰਾਂ ਨੇ ਅਪਣੇ ਚਹੇਤਿਆਂ ਨੂੰ ਨੌਕਰੀਆਂ ਦਿਤੀਆਂ ਤੇ ਉਹ ਵਿਚਾਰਾ ਹਰੇਕ ਵਾਰੀ ਖ਼ਾਲੀ ਹੱਥ ਮੁੜਦਾ ਰਿਹਾ--ਹਿੱਸੇ-ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਲੱਗਿਆ ਤਾਂ ਸਰਦਾਰਾਂ ਨੇ ਫ਼ਸਲ ਦੱਬ ਲਈ ਪਰ ਉਸ ਨੇ ਫਿਰ ਵੀ ਸ਼ਿਕਵਾ ਨਾ ਕੀਤਾ।’

‘ਖ਼ੁਸ਼ੀਆਂ ਦਾ ਤਾਂ ਬਾਈ ਜੀ ਉਹਦੇ ਨਾਲ ਮੁੱਢ ਤੋਂ ਹੀ ਵੈਰ ਸੀ’ ਦੂਜਾ ਬੋਲਿਆ। ‘ਉਹਨੇ ਵੀ ਚੁੰਨੀ ਪਿਛੇ ਚੰਨ ਦੇਖਣ ਦੀ ਕੋਸ਼ਿਸ਼ ਕੀਤੀ ਸੀ--ਕਹਿੰਦੀ ਤੇਰੇ ਕੋਲ ਪਿਆਰ ਹੈ, ਜ਼ਮੀਰ ਹੈ ਪਰ ਜ਼ਮੀਨ ਨਹੀਂ--ਅਖ਼ੀਰ ਉਹ ਚੰਨ ਵੀ ਗੋਡੀ ਮਾਰ ਗਿਆ’

ਮੈਥੋਂ ਬਹੁਤਾ ਨਾ ਸੁਣਿਆ ਗਿਆ ਤੇ ਗੱਡੀ ਸਟਾਰਟ ਕਰ ਕੇ ਘਰ ਵਲ ਚੱਲ ਪਿਆ। ਅਜੇ ਉਸ ਦੇ ਪਿੰਡੋਂ ਦੋ ਕੁ ਕਿਲੋਮੀਟਰ ਬਾਹਰ ਆਇਆ ਹੋਵਾਂਗਾ ਤੇ ਉਹ ਸਾਹਮਣੇ ਖੜਾ ਸੀ। ‘ਬਾਈ ਜੀ, ਦੇਖ ਆਏ ਮੇਰਾ ਘਰ’ ਗੱਡੀ ਰੁਕਦਿਆਂ ਹੀ ਉਸ ਨੇ ਪੁਛਿਆ। ਉਸ ਦੇ ਡੱਬ ਵਿਚ ਟੰਗਿਆ ਪਿਸਤੌਲ ਸਾਫ਼ ਦਿਖਾਈ ਦੇ ਰਿਹਾ ਸੀ ਤੇ ਪਿਛੇ ਉਸ ਦੇ ਦੋ ਸਾਥੀਆਂ ਕੋਲ ਵੀ ਹਥਿਆਰ ਸਨ। ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ। ‘ਬਾਈ ਜੀ, ਡਰੋ ਨਾ--ਇਹ ਤੁਹਾਡੇ ਵਰਗੇ ਸ਼ਰੀਫ਼ਾਂ ਲਈ ਨਹੀਂ--ਇਹ ਤਾਂ ਲੋਕਾਂ ਨੂੰ ਖ਼ੁਸ਼ੀ ਦੇਣ ਲਈ ਨੇ--ਸਾਲਾ ਸਾਡਾ ਦਰਵਾਜ਼ਾ ਤਾਂ ਖ਼ੁਸ਼ੀਆਂ ਨੇ ਖੜਕਾਇਆ ਨਹੀਂ ਪਰ ਅੱਜ ਦੂਜਿਆਂ ਨੂੰ ਖ਼ੁਸ਼ੀ ਦੇ ਕੇ ਖ਼ੁਸ਼ ਹੋ ਲਈਦੈ’

ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਬੰਦੇ ਨੂੰ ਮੈਂ ਸ਼ਰੀਫ਼ ਕਹਾਂ ਜਾਂ ਬਦਮਾਸ਼--!          

ਭੋਲਾ ਸਿੰਘ ‘ਪ੍ਰੀਤ’