ਮੈਂ ਗੁਨਾਹਗਾਰ ਹਾਂ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਉਹ ਵਰ੍ਹਿਆਂ ਬੱਧੀ ਮੇਰੀ ਹਮਸਫ਼ਰ ਜਦੋਂ ਅਚਾਨਕ ਨਹਿਰ ਦਾ ਕੰਢਾ ਵੀਰਾਨ ਕਰ ਕੇ ਚਲੀ ਗਈ ਤਾਂ ਮੈਂ ਬੜਾ ਰੋਇਆ ਸੀ। ਜਦੋਂ ਧਾਂਦਰਾ ਛੱਡ ਕੇ ਰੋਂਦੀ ਵਿਲਕਦੀ ਡੋਲੀ ਬ...

Guilty

(ਅਮੀਨ ਮਲਿਕ) ਉਹ ਵਰ੍ਹਿਆਂ ਬੱਧੀ ਮੇਰੀ ਹਮਸਫ਼ਰ ਜਦੋਂ ਅਚਾਨਕ ਨਹਿਰ ਦਾ ਕੰਢਾ ਵੀਰਾਨ ਕਰ ਕੇ ਚਲੀ ਗਈ ਤਾਂ ਮੈਂ ਬੜਾ ਰੋਇਆ ਸੀ। ਜਦੋਂ ਧਾਂਦਰਾ ਛੱਡ ਕੇ ਰੋਂਦੀ ਵਿਲਕਦੀ ਡੋਲੀ ਬਹਿ ਕੇ ਠੀਕਰੀਵਾਲੇ ਚਲੀ ਗਈ ਤਾਂ ਮੇਰੇ ਕੋਲ ਅਥਰੂ ਹੀ ਰਹਿ ਗਏ। ਫਿਰ ਜਦੋਂ ਉਹ ਅਪਣੀ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਇਸ ਦੁਨੀਆਂ ਦੀ ਮਕਾਣ ਕਰ ਗਈ ਤਾਂ ਮੈਂ ਫਿਰ ਵੀ ਰੋਇਆ। ਅੱਜ ਉਹ ਲੇਖ ਲੜੀ ਸਪੋਕਸਮੈਨ ਦੇ ਪੰਨਿਆਂ ਤੋਂ ਅਪਣੀ ਰੋਂਦੀ ਚੀਕਦੀ ਕਹਾਣੀ ਮੁਕਾ ਗਈ ਤਾਂ ਲੋਕੀਂ ਵੀ ਰੋਏ ਤੇ ਮੈਨੂੰ ਵੀ ਰਵਾਇਆ। ਉਹ ਦੁੱਖਾਂ ਦੀ ਜਾਈ ਜਦੋਂ ਵੀ ਗਈ, ਜਿਥੇ ਵੀ ਗਈ, ਅਥਰੂ ਲੈ ਗਈ ਤੇ ਅਥਰੂ ਹੀ ਦੇ ਗਈ।

ਪਤਾ ਨਹੀਂ ਉਸ ਦਾ ਨਾਂ ਅਥਰੀ ਸੀ ਕਿ ਅਥਰੂ? ਇਹ ਕੈਸੀ ਦੁਨੀਆਂ ਹੈ ਕਿ ਕਈਆਂ ਦੇ ਜਾਣ ਨਾਲ ਕਿਸੇ ਦੀ ਜਾਨ 'ਤੇ ਬਣ ਜਾਂਦੀ ਏ ਤੇ ਕਈਆਂ ਦੇ ਜਾਣ ਨਾਲ ਜਾਨ ਛੁੱਟ ਜਾਂਦੀ ਏ। ਕਈ ਤਾਂ ਦਿਲਾਂ ਦੀ ਜਾਨ ਬਣ ਜਾਂਦੇ ਨੇ ਤੇ ਕਈ ਲੋਕਾਂ ਦੀ ਜਾਨ ਖਾਂਦੇ ਨੇ। ਅਥਰੀ ਅੱਜ ਚੌਥੀ ਵਾਰ ਮੁੱਕੀ ਤੇ ਕਈਆਂ ਨੂੰ ਮਾਰ ਮੁਕਾ ਗਈ। ਅੱਜ ਜਦੋਂ ਉਹ ਸਪੋਕਸਮੈਨ ਨੂੰ ਆਖ਼ਰੀ ਸਲਾਮ ਕਰ ਗਈ ਤਾਂ ਹਰ ਕਿਸੇ ਨੇ ਅਪਣੇ ਅਪਣੇ ਅੰਦਾਜ਼ ਨਾਲ ਪੀੜ ਵੰਡੀ ਤੇ ਅਪਣੇ-ਅਪਣੇ ਢੰਗ ਨਾਲ ਸੋਗ ਮਨਾਇਆ। ਕਿਸੇ ਨੇ ਰੋ ਕੇ ਆਖਿਆ, ''ਅਮੀਨ ਜੀ, ਹੁਣ ਮੈਂ ਹਰ ਐਤਵਾਰ ਨੂੰ ਅਖ਼ਬਾਰ ਵਿਚ ਕਿਸ ਨੂੰ ਉਡੀਕਿਆ ਕਰਾਂਗਾ?''

ਤਾਂ ਕਿਸੇ ਨੇ ਡੁਬਦੀ ਆਵਾਜ਼ ਵਿਚ ਗਿਲਾ ਕੀਤਾ ਕਿ, ''ਮਲਿਕ ਜੀ, ਅਖ਼ੀਰ ਤੇ ਕਿਹੜੇ ਦੁੱਖਾਂ ਦੇ ਵਹਿਣ ਵਿਚ ਧੱਕਾ ਦੇ ਕੇ ਇਹ ਕਹਾਣੀ ਮੁਕਾਈ ਜੇ?'' ਕਈਆਂ ਨੇ ਤਿੰਨ-ਤਿੰਨ ਵੇਰਾਂ ਪੁਛਿਆ ਕਿ ''ਅਮੀਨ ਸਾਹਿਬ ਕੀ ਇਹ ਵਾਕਿਆ ਹੀ ਸੱਚਾ ਹਾਦਸਾ ਹੈ?'' ਮੈਂ ਜਦੋਂ ''ਹਾਂ'' ਆਖਿਆ ਤਾਂ ਕਈ ਗੱਲ ਕੀਤੇ ਬਗ਼ੈਰ ਫ਼ੋਨ ਛੱਡ ਗਏ। ਸ਼ਾਇਦ ਉਨ੍ਹਾਂ ਤੋਂ ਇਹ ਦੁਖ-ਦਾਇਕ ਸਚਾਈ ਝੱਲੀ ਨਾ ਗਈ। ਮੈਂ ਉਸ ਬਦਨਸੀਬ ਦੀ ਕਹਾਣੀ ਰੋਂਦੇ ਹੋਏ ਨੇ ਸ਼ੁਰੂ ਕੀਤੀ ਤੇ ਲੋਕਾਂ ਨੇ ਅੱਜ ਰੋਂਦੇ ਹੋਏ ਮੁਕਾਈ।

ਅੱਜ 23 ਅਗੱਸਤ ਨੂੰ ਉਹ ਰੋਂਦੇ ਹੋਏ ਪਾਠਕਾਂ ਨੂੰ ਛੱਡ ਕੇ ਅਖ਼ਬਾਰ ਦੇ ਚੁੱਲ੍ਹੇ ਵਿਚ ਇਕ ਲਾਂਬੂ ਬਾਲ ਕੇ ਹਮੇਸ਼ਾ ਲਈ ਚਲੀ ਗਈ। ਉਹ ਕਿਸੇ ਲਾਵਾਰਸ ਖ਼ਬਰ ਦੀ ਮਿੱਟੀ ਸੀ ਜੋ ਹਮੇਸ਼ਾ ਹੀ ਬੇਰਹਿਮ ਹਵਾਵਾਂ ਦੀ ਜ਼ਦ ਵਿਚ ਆ ਜਾਂਦੀ ਰਹੀ। ਉਹ ਕਿਸੇ ਛੱਪੜ ਕੰਢੇ ਉਗਿਆ ਨਖਸਮਾ ਗੁਲਾਬ ਸੀ ਜਿਸ ਦੀ ਕਰੂੰਬਲੀ ਨੂੰ ਹਮੇਸ਼ਾ ਬਦਨਸੀਬੀ ਦੀ ਬਕਰੀ ਨੇ ਮਰੁੰਡਿਆ। ਮੈਂ ਇਸ ਦਰਦਨਾਕ ਕਿੱਸੇ ਨੂੰ ਅੱਜ ਤਕ ਅਪਣਾ ਹੀ ਦਰਦ ਸਮਝਦਾ ਰਿਹਾ। ਇਹ ਮੇਰੀ ਨਾਦਾਨੀ ਸੀ। (ਚਲਦਾ)