ਸਾਹਿਤਕ ਮੰਜ਼ਲਾਂ ਸਰ ਕਰਦਾ ਇਕ ਸਥਾਪਤ ਨਾਂ ਰਮਾ ਰਾਮੇਸ਼ਵਰੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤਕ ਤੇ ਸਭਿਆਚਾਰਕ ਹਲਕਿਆਂ ਵਿਚ ਅਪਣੀ ਗੂਹੜੀ ਪਛਾਣ ਬਣਾ ਚੁੱਕੀ ਰਮਾ ਰਮੇਸ਼ਵਰੀ

Rama Rameshwari

ਕਲਪਨਾ, ਕਵਿਤਾ ਅਤੇ ਕਲਾ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ। ਕਲਪਨਾ ਨਾਲ ਕਵਿਤਾ ਉਪਜ ਕੇ ਕਾਵਿ ਕਲਾ ਹੋ ਜਾਂਦੀ ਹੈ ਤੇ ਇਹ ਸੌਗਾਤ ਕਿਸੇ ਭਾਗਾਂ ਵਾਲੇ ਦੇ ਹਿੱਸੇ ਹੀ ਆਉਂਦੀ ਹੈ।  ਉਨ੍ਹਾਂ ਭਾਗਾਂ ਵਾਲਿਆਂ ਵਿਚੋਂ ਇਕ ਹੈ ਭਾਗਭਰੀ ਕਵਿਤਰੀ ਰਮਾ ਰਮੇਸ਼ਵਰੀ। ਸਾਹਿਤਕ ਤੇ ਸਭਿਆਚਾਰਕ ਹਲਕਿਆਂ ਵਿਚ ਅਪਣੀ ਗੂਹੜੀ ਪਛਾਣ ਬਣਾ ਚੁੱਕੀ ਰਮਾ ਰਮੇਸ਼ਵਰੀ ਇਕ ਅਸਾਧਾਰਣ ਸੋਚ ਰੱਖਣ ਵਾਲੇ ਪ੍ਰਵਾਰ ਵਿਚ ਮਾਤਾ ਸ੍ਰੀਮਤੀ ਸੰਧਿਆ ਭੱਟੀ ਤੇ ਪਿਤਾ ਲਾਲ ਚੰਦ ਭੱਟੀ ਦੇ ਘਰ ਪੰਜਾਬ ਦੇ ਦੋਆਬਾ ਖੇਤਰ ਦੇ ਸ਼ਹਿਰ ਹੁਸ਼ਿਆਰਪੁਰ ਵਿਖੇ ਜਨਮੀ।

ਘਰ ਵਿਚ ਪੰਜ ਭੈਣ ਭਰਾਵਾਂ ਵਿਚੋਂ ਸੱਭ ਤੋਂ ਵੱਡੀ ਹੋਣ ਕਰ ਕੇ ਮਾਤਾ ਪਿਤਾ ਦੀ ਲਾਡਲੀ ਧੀ ਜ਼ਿੰਮੇਵਾਰੀਆਂ ਨੂੰ ਖ਼ੂਬ ਸਮਝਦੀ ਸੀ। ਗ਼ਰੀਬੀ ਨੇ ਛੇਤੀ ਹੀ ਉਸ ਨੂੰ ਜ਼ਿੰਦਗੀ ਨਾਲ ਸੰਘਰਸ਼ ਕਰਨਾ ਸਿਖਾ ਦਿਤਾ। ਸਕੂਲ ਵਿਚ ਹਰ ਗਤੀ-ਵਿਧੀ ਵਿਚ ਮੋਹਰੀ ਹੋਣ ਕਰ ਕੇ ਅਧਿਆਪਕਾਂ ਦੀ ਚਹੇਤੀ ਬਣ ਗਈ। ਸਕੂਲ ਦੀਆਂ ਕਿਤਾਬਾਂ ਵਿਚ ਛਪੀਆਂ ਕਵਿਤਾਵਾਂ ਨੂੰ ਲੈਅ ਵਿਚ ਗਾਉਣ ਅਤੇ ਸਟੇਜਾਂ ’ਤੇ ਬੋਲਣ ਕਰ ਕੇ ਰਮਾ ਦਾ ਆਤਮ ਵਿਸ਼ਵਾਸ ਵਧਦਾ ਗਿਆ।

ਬਚਪਨ ਤੋਂ ਹੀ ਡਾ. ਭੀਮ ਰਾਉ ਅੰਬੇਦਕਰ ਤੋਂ ਪ੍ਰਭਾਵਤ ਹੋਣ ਕਾਰਨ ਸਕੂਲ ਸਮੇਂ ਤੋਂ ਹੀ ਉਹ ਮਿਸ਼ਨਰੀ ਕਵਿਤਾਵਾਂ ਲਿਖਣ ਲੱਗ ਪਈ ਸੀ। ਹਾਈ ਸਕੂਲ ਉਪਰੰਤ ਜਦੋਂ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦੀ ਪੜ੍ਹਾਈ ਦੌਰਾਨ ਯੂਥ ਫ਼ੈਸਟੀਵਲ ਵਿਚ ਉਸ ਨੇ ਭਾਗ ਲਿਆ ਤਾਂ ਕਿਸੇ ਦੀ ਲਿਖੀ ਕਵਿਤਾ ਬੋਲਣ ਨਾਲ ਉਸ ਨੂੰ ਪੁਰਸਕਾਰ ਮਿਲਿਆ।  

ਇਸ ਪੁਰਸਕਾਰ ਨੇ ਕਵਿਤਾ ਲਿਖਣ ਦਾ ਉਸ ਦਾ ਰਾਹ ਹੋਰ ਵੀ ਅਜਿਹਾ ਪੱਕਾ ਕਰ ਦਿਤਾ ਕਿ ਰਮਾ ਕਾਲਜ ਦੀ ਮੈਗਜ਼ੀਨ ਦੀ ਵਿਦਿਆਰਥੀ-ਐਡੀਟਰ ਬਣ ਗਈ ਅਤੇ ਪੰਜਾਬੀ ਸਾਹਿਤ ਵਲ ਹੋਰ ਖਿੱਚੀ ਜਾਣ ਸਦਕਾ ਉਸ ਨੇ ਕਵਿਤਾਵਾਂ ਲਿਖ ਲਿਖ ਕੇ ਡਾਇਰੀਆਂ ਸਜਾ ਦਿਤੀਆਂ।  ਬੀ. ਏ. ਦੀ ਪੜ੍ਹਾਈ ਉਪਰੰਤ ਬੀ ਐੱਡ ਦੀ ਪੜ੍ਹਾਈ ਉਸ ਨੇ ਸਿੱਧਵਾਂ ਕਾਲਜ ਜਗਰਾਉਂ ਤੋਂ ਕੀਤੀ। ਉਪਰੰਤ ਉਹ ਵਿਆਹ ਦੇ ਬੰਧਨਾਂ ਵਿਚ ਬੱਝ ਗਈ। 

ਕਿੱਤੇ ਵਜੋਂ ਅਧਿਆਪਕਾ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਸੇ ਦੌਰਾਨ ਐਮ. ਏ. ਪੰਜਾਬੀ ਅਤੇ ਐਮ. ਏ. ਇਤਿਹਾਸ ਕਰਦਿਆਂ ਉਹ ਅਵਤਾਰ ਪਾਸ਼ ਅਤੇ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਤੋਂ ਬਹੁਤ ਪ੍ਰਭਾਵਤ ਹੋਈ। ਫਿਰ ਉਸ ਨੇ ਦੋ ਹਜ਼ਾਰ ਸੋਲਾਂ ਵਿਚ ਜੀਵਨ-ਸਾਥੀ ਰਾਜ ਕੁਮਾਰ ਤੇ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸ਼ਖ਼ਸੀਅਤ ਡਾ. ਦਰਸ਼ਨ ਸਿੰਘ ਆਸ਼ਟ ਦੀ ਪ੍ਰੇਰਨਾ ਸਦਕਾ ਕਾਲਜ ਸਮੇਂ ਵਿਚ ਲਿਖੀਆਂ ਕਵਿਤਾਵਾਂ ਨੂੰ ਅਪਣੇ ਪਲੇਠੇ ਕਾਵਿ- ਸੰਗ੍ਰਹਿ, ‘‘ਸੱਚ ਦੀ ਲੋਅ’’ ਦੇ ਰੂਪ ਵਿਚ ਮਾਰਕੀਟ ਵਿਚ ਲਿਆਂਦਾ।  

ਪਾਠਕਾਂ ਵਲੋਂ ਮਿਲੀ ਹੱਲਾ-ਸ਼ੇਰੀ ਅਤੇ ਹੌਂਸਲੇ ਦੇ ਖੰਭਾਂ ਉਤੇ ਉਡਾਣਾਂ ਭਰਦਿਆਂ ਫਿਰ ਰਮਾ ਅਪਣੀਆਂ ਕਵਿਤਾਵਾਂ ਨਾਲ ਟੀ ਵੀ, ਰੇਡੀਉ ਅਤੇ ਸੋਸ਼ਲ ਮੀਡੀਆ ਦੇ ਨਾਲ-ਨਾਲ ਦੇਸ਼-ਵਿਦੇਸ਼ ਦੇ ਅਖ਼ਬਾਰਾਂ-ਮੈਗਜ਼ੀਨਾਂ ਵਿਚ ਭਰਵੀਆਂ ਹਾਜ਼ਰੀਆਂ ਲਗਵਾਉਣ ਲੱਗੀ।  ਸਾਹਿਤਕ ਖੇਤਰ ’ਚੋਂ ਮਿਲੇ ਜੋਸ਼ ਸਦਕਾ ਰਮਾ ਦਾ ਦੂਜਾ ਕਾਵਿ- ਸੰਗ੍ਰਹਿ, ‘‘ਕਠਪੁਤਲੀ ਦੀ ਪਰਵਾਜ਼’’ ਮਾਰਚ, 2020 ਵਿਚ ਪਾਠਕਾਂ ਦੇ ਹੱਥਾਂ ਵਿਚ ਆਇਆ।  

ਜ਼ਿਕਰਯੋਗ ਹੈ ਕਿ ਇਸ ਸਾਹਿਤਕ ਸਫ਼ਰ ਵਿਚ ਰਮਾ ਰਾਮੇਸ਼ਵਰੀ ਨੂੰ ਅਨੇਕਾਂ ਵੱਖ-ਵੱਖ ਸਾਹਿਤ ਸਭਾਵਾਂ, ਮੰਚਾਂ ਅਤੇ ਸੰਸਥਾਵਾਂ ਵਲੋਂ ਉਸ ਦੀ ਕਲਮ ਦੀ ਕਦਰ ਪਾਉਂਦਿਆਂ ਸਨਮਾਨਤ ਕੀਤਾ ਗਿਆ ਅਤੇ ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਸ਼ਾਇਰਿਆਂ ਵਿਚ ਵੀ ਅਪਣੀਆਂ ਕਵਿਤਾਵਾਂ ਤੇ ਰਚਨਾਵਾਂ ਸਦਕਾ ਸੋਹਣੀ ਵਾਹ ਵਾਹ ਖੱਟ ਚੁੱਕੀ ਹੈ। ਅੱਜਕਲ ਅਪਣੇ ਪ੍ਰਵਾਰ ਨਾਲ ਪਟਿਆਲਾ ਵਿਖੇ ਰਹਿ ਰਹੀ ਇਸ ਕਵਿਤਰੀ ਦੀ ਕਲਮ ਦੇ ਵਿਸ਼ਿਆਂ ਵਲ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਸਮਾਜਕ ਕੁਰੀਤੀਆਂ, ਸਰਕਾਰਾਂ ਦੀਆਂ ਮਾੜੀਆਂ ਨੀਤੀਆਂ, ਮਜ਼ਦੂਰਾਂ, ਕਿਸਾਨਾਂ, ਬੇਵਸ ਇਨਸਾਨਾਂ, ਨਾਰੀ ਦੇ ਦੁੱਖ, ਗ਼ਰੀਬ ਦੀ ਭੁੱਖ ਆਦਿ ਪ੍ਰਤੀ ਹਾੜੇ ਕਢਦੀ ਹੈ, ਇਸ ਕਵਿਤਰੀ ਦੀ ਲਾ-ਜੁਵਾਬ ਮਿਆਰੀ ਕਲਮ।

ਪੰਜਾਬੀ ਮਾਂ-ਬੋਲੀ ਦੀ ਪੁਜਾਰਨ, ਇਹ ਕਵਿਤਰੀ ਅਪਣੀ ਵਖਰੀ ਤੇ ਨਿਵੇਕਲੀ ਸੋਚ ਵਾਲੀ ਕਲਮ ਨਾਲ ਇਸੇ ਤਰ੍ਹਾਂ ਮਿਆਰੀ ਕਵਿਤਾਵਾਂ ਲਿਖਦੀ, ਪਾਠਕਾਂ ਦਾ ਮਨ ਜਿੱਤਦੀ, ਨਵੀਆਂ ਉਚੇਰੀਆਂ ਸ਼ਾਨਾਂ-ਮੱਤੀਆਂ ਮੰਜ਼ਲਾਂ ਸਰ ਕਰਦੀ ਹੋਰ ਵੀ ਬੁਲੰਦੀਆਂ ਨੂੰ ਜਾ ਛੂਹਵੇ। ਉਸ ਦਾ ਨਾਂ ਪਾਠਕਾਂ ਅਤੇ ਸਰੋਤਿਆਂ ਦੇ ਬੁੱਲ੍ਹਾਂ ਉਤੇ ਹੋਰ ਵੀ ਗੂਹੜਾ ਹੋ ਨਿਬੜੇ, ਦਿਲੀ ਕਾਮਨਾ ਹੈ ਮੇਰੀ, ਇਸ ਕਲਮ ਲਈੇ।
- ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ), 9876428641