Vishwa Punjabi Prachar Sabha : ਪੰਜਾਬੀ ’ਚੋਂ 100 ਪ੍ਰਤੀਸ਼ਤ ਅੰਕਾਂ ਲਈ ਜੈਸਮੀਨ ਕੌਰ ਸਨਮਾਨਿਤ
Vishwa Punjabi Prachar Sabha : ਕਵੀ ਦਰਬਾਰ ਕਰਵਾਇਆ
Vishwa Punjabi Prachar Sabha : ਚੰਡੀਗੜ੍ਹ -ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੰਸਥਾ ਦੇ ਸੈਕਟਰ-41 ਚੰਡੀਗੜ੍ਹ ਦਫਤਰ ਵਿਖੇ ਇੱਕ ਵਿਸ਼ੇਸ਼ ਸਮਾਗਮ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਸੀ.ਬੀ.ਐਸ.ਈ. ਬੋਰਡ ਦੇ ਬਾਰਵੀਂ ਦੇ ਨਤੀਜੇ ਵਿੱਚ ਪੰਜਾਬੀ ਚੋਂ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਲੜਕੀ ਜੈਸਮੀਨ ਕੌਰ ਨੂੰ ਸੰਸਥਾ ਵਲੋਂ ਸਨਮਾਨਿਤ ਕਰਨਾ ਸੀ। (ਇਸ ਸਮਾਗਮ ਦੇ ਮੁੱਖ ਮਹਿਮਾਨ ਗੁਰਮੀਤ ਸਿੰਘ ਜੌੜਾ ਮੈਂਬਰ ਬੀ.ਸੀ. ਸਟੇਟ ਕਮਿਸ਼ਨ ਅਤੇ ਪੰਜਾਬੀ ਸੱਭਿਆਚਾਰਕ ਪ੍ਰਚਾਰਕ ਵਲੋਂ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ। ਸਮਾਗਮ ਦਾ ਆਰੰਭ ਜਗਤਾਰ ਸਿੰਘ ਜੋਗ ਵਲੋਂ ਲੜਕੀਆਂ ਨੂੰ ਸਮਰਪਿਤ ਪ੍ਰਿੰ. ਗੋਸਲ ਰਚਿਤ ਗੀਤ ‘‘ਲੋਕੀ ਦੇਣ ਵਧਾਈ, ਘਰ ਕਾਕੀ ਆਈ, ਨਾਲ ਕੀਤਾ ਗਿਆ। ਜਿਸ ਦੀ ਸਰੋਤਿਆਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਸਮਾਗਮ ਵਿੱਚ ਉੱਚ ਕੋਟੀ ਦੇ ਸਿੱਖਿਆ ਸ਼ਾਸਤਰੀ, ਬੁੱਧੀਜੀਵੀ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਮੁੱਖ ਮਹਿਮਾਨ ਅਤੇ ਸਮਾਗਮ ਵਿੱਚ ਪਹੁੰਚੇ ਸਾਰੇ ਕਵੀਆਂ, ਸਿੱਖਿਆ ਸ਼ਾਸਤਰੀਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਦੱਸਿਆ ਗਿਆ ਕਿ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਹਰ ਸਾਲ ਦਸਵੀਂ-ਬਾਰਵੀਂ ਜਮਾਤ ਵਿੱਚ ਪੰਜਾਬੀ ’ਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਇਹ ਸਨਮਾਨ ਬਾਰਵੀਂ ਜਮਾਤ ਦੀ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ-36 ਚੰਡੀਗੜ੍ਹ ਦੀ ਲੜਕੀ ਜੈਸਮੀਨ ਕੌਰ ਨੂੰ ਦਿੱਤਾ ਜਾ ਰਿਹਾ ਹੈ।
ਸਮਾਗਮ ਦੇ ਪਹਿਲੇ ਪੜਾਅ ’ਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਮੂਹ ਅਹੁਦੇਦਾਰਾਂ ਵਲੋਂ ਪੰਜਾਬੀ ਦਾ ਮਾਣ ਜੈਸਮੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਉਸ ਨੂੰ ਇੱਕ ਫੁਲਕਾਰੀ, ਇੱਕ ਸ਼ਾਲ, ਸੰਸਥਾ ਦਾ ਸਨਮਾਨ ਚਿੰਨ, ਇੱਕ ਗੋਲਡ ਮੈਡਲ, 1600 ਰੁਪਏ ਨਕਦ, ਕਿਤਾਬਾਂ ਦਾ ਸੈੱਟ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜੈਸਮੀਨ ਕੌਰ ਦੇ ਮਾਤਾ ਨਰਿੰਦਰ ਕੌਰ ਅਤੇ ਪਿਤਾ ਸਰਵਸਤਿਕਾਰ ਸਿੰਘ ਅਤੇ ਭਰਾ ਜਸਵੀਰ ਸਿੰਘ ਵੀ ਹਾਜ਼ਰ ਸਨ। ਜੈਸਮੀਨ ਕੌਰ ਅਤੇ ਉਸਦੇ ਮਾਪਿਆਂ ਵਲੋਂ ਇਸ ਸਨਮਾਨ ਲਈ ਸੰਸਥਾ ਦਾ ਧੰਨਵਾਦ ਕੀਤਾ ਗਿਆ ਅਤੇ ਜੈਸਮੀਨ ਨੇ ਦੱਸਿਆ ਕਿ ਉਹ ਯੂਨੀਵਰਸਿਟੀ ’ਚ ਟੀਚਰ ਬਨਣ ਦੀ ਇੱਛਕ ਹੈ।
ਸਮਾਗਮ ਦੇ ਦੂਜੇ ਪੜਾਅ ’ਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦਲਬੀਰ ਸਿੰਘ ਸਰੋਆ, ਅਵਤਾਰ ਸਿੰਘ ਮਹਿਤਪੁਰੀ, ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਜੋਗ, ਰੁਪਿੰਦਰ ਮਾਨ ਮੁਕਤਸਰੀ, ਅਮਰਜੀਤ ਸਿੰਘ ਬਠਲਾਣਾ, ਕ੍ਰਿਸ਼ਨ ਰਾਹੀਂ, ਜਸਪਾਲ ਸਿੰਘ ਕੰਵਲ, ਬਲਜਿੰਦਰ ਕੌਰ ਸ਼ੇਰਗਿੱਲ, ਰਾਜਵਿੰਦਰ ਸਿੰਘ ਗੱਡੂ, ਗੁਰਮੀਤ ਸਿੰਘ ਜੌੜਾ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਹੈਡੋ, ਨਰਿੰਦਰ ਸਿੰਘ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਕਵੀ ਦਰਬਾਰ ਵਿੱਚ ਖੂਬ ਰੰਗ ਬੰਨਿਆ।
ਸਮਾਗਮ ਵਿੱਚ ਸਟੇਜ ਸਕੱਤਰ ਦੀ ਸੇਵਾ, ਸਭਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾਖੂਬੀ ਨਿਭਾਈ ਗਈ, ਇਸ ਮੌਕੇ ਤੇ ਪੰਜਾਬੀ ਪ੍ਰੇਮੀਆਂ ਵਲੋਂ ਬੱਚੀ ਜੈਸਮੀਨ ਵਲੋਂ 100 ਪ੍ਰਤੀਸ਼ਤ ਅੰਕ ਪ੍ਰਾਪਤੀ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਅਤੇ ਉਸਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਬੱਚੀ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਅੰਤ ਵਿੱਚ ਪ੍ਰਸਿੱਧ ਸਾਹਿਤਕਾਰ ਰੁਪਿੰਦਰ ਮਾਨ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
(For more news apart from Vishwa Punjabi Prachar Sabha for 100 percent marks in Punjabi Jasmin Kaur awarded News in Punjabi, stay tuned to Rozana Spokesman)