ਬੇਲਾਗ ਲੀਡਰ ਅਤੇ ਉੱਤਮ ਲੇਖਕ ਮਾਸਟਰ ਤਾਰਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਵੀਹਵੀਂ ਸਦੀ ਵਿਚ ਹੋਏ ਪ੍ਰਸਿੱਧ ਸਿੱਖ ਨੇਤਾ ਮਾਸਟਰ ਤਾਰਾ ਸਿੰਘ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖੋਂ ਬਖ਼ਸ਼ੀ...

Best leader and writer Master Tara Singh

ਵੀਹਵੀਂ ਸਦੀ ਵਿਚ ਹੋਏ ਪ੍ਰਸਿੱਧ ਸਿੱਖ ਨੇਤਾ ਮਾਸਟਰ ਤਾਰਾ ਸਿੰਘ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖੋਂ ਬਖ਼ਸ਼ੀ ਗੋਪੀਚੰਦ ਮਲਹੋਤਰਾ ਪਟਵਾਰੀ ਦੇ ਘਰ 24 ਜੂਨ 1885 ਨੂੰ ਹੋਇਆ। ਮੁਢਲੀ ਤਾਲੀਮ ਅਪਣੇ ਪਿੰਡ ਦੇ ਮਦਰੱਸੇ ਵਿਚੋਂ ਪ੍ਰਾਪਤ ਕੀਤੀ, ਫਿਰ ਮਿਸ਼ਨ ਸਕੂਲ ਰਾਵਲਪਿਡੀ ਵਿਚ ਦਾਖ਼ਲ ਹੋਏ। ਪੜ੍ਹਨ-ਲਿਖਣ ਵਿਚ ਹੁਸ਼ਿਆਰ ਹੋਣ ਕਰ ਕੇ ਕਈ ਸਾਲ ਵਜ਼ੀਫ਼ਾ ਪ੍ਰਾਪਤ ਕਰਦੇ ਰਹੇ। ਉਚ ਸਿਖਿਆ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖ਼ਲ ਹੋਏ ਅਤੇ ਬੀ.ਏ. ਪਾਸ ਕਰਨ ਉਪਰੰਤ ਟ੍ਰੇਨਿੰਗ ਕਾਲਜ, ਲਾਹੌਰ ਤੋਂ ਬੀ.ਟੀ. ਪਾਸ ਕੀਤੀ।

ਸਕੂਲ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਆਪ ਹਾਕੀ ਅਤੇ ਫ਼ੁਟਬਾਲ ਦੇ ਚੰਗੇ ਖਿਡਾਰੀ ਰਹੇ। ਉਨ੍ਹਾਂ ਦੇ ਦ੍ਰਿੜ ਇਰਾਦੇ ਕਰ ਕੇ ਸਾਥੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ 'ਪੱਥਰ' ਅੱਲ ਨਾਲ ਬੁਲਾਉਣਾ ਸ਼ੁਰੂ ਕਰ ਦਿਤਾ। ਬਾਅਦ ਵਿਚ ਇਹੀ ਪੱਥਰ 'ਚੱਟਾਨ' ਦੇ ਰੂਪ ਵਿਚ ਸਾਹਮਣੇ ਆਇਆ। ਇਤਿਹਾਸਕ ਸਥਿਤੀਆਂ ਨੇ ਆਪ ਨੂੰ ਰਾਜਨੀਤੀ ਵਲ ਝੁਕਾਉਣਾ ਸ਼ੁਰੂ ਕਰ ਦਿਤਾ। ਬੀ.ਟੀ. ਕਰਨ ਤੋਂ ਬਾਅਦ 15 ਮਈ 1908 ਨੂੰ ਆਪ ਨਾਂ ਮਾਤਰ ਤਨਖ਼ਾਹ 'ਤੇ ਖ਼ਾਲਸਾ ਹਾਈ ਸਕੂਲ, ਲਾਇਲਪੁਰ ਦੇ ਹੈੱਡਮਾਸਟਰ ਨਿਯੁਕਤ ਹੋਏ। ਉਦੋਂ ਤੋਂ ਹੀ ਉਨ੍ਹਾਂ ਦੇ ਨਾਂ ਨਾਲ 'ਮਾਸਟਰ' ਸ਼ਬਦ ਜੁੜ ਗਿਆ।

ਆਪ ਨੇ ਅਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਸਾਹਿਤ ਦੀ ਰਚਨਾ ਵੀ ਕੀਤੀ। ਕੁੱਝ ਇਕ ਟਰੈਕਟਾਂ ਤੋਂ ਇਲਾਵਾ ਆਪ ਨੇ 'ਪ੍ਰੇਮ ਲਗਨ' ਅਤੇ 'ਬਾਬਾ ਤੇਗਾ ਸਿੰਘ' ਨਾਂ ਦੇ ਦੋ ਨਾਵਲ ਲਿਖੇ। ਇਨ੍ਹਾਂ ਤੋਂ ਇਲਾਵਾ ਆਪ ਦੇ ਰਚੇ ਤਿੰਨ ਲੇਖ ਸੰਗ੍ਰਹਿ, ਇਕ ਸਫ਼ਰਨਾਮਾ ਅਤੇ ਸਵੈ-ਜੀਵਨੀ ਵੀ ਉਪਲਬਧ ਹਨ। ਆਪ ਨੇ 'ਸੱਚਾ ਢੰਡੋਰਾ' (ਸੰਨ 1909) ਅਤੇ 'ਪਰਦੇਸੀ ਖ਼ਾਲਸਾ' ਨਾਂ ਦੇ ਸਪਤਾਹਿਕ ਰਸਾਲੇ ਸ਼ੁਰੂ ਕੀਤੇ ਜੋ ਬਾਅਦ ਵਿਚ 'ਅਕਾਲੀ' ਅਖ਼ਬਾਰ ਦੇ ਰੂਪ ਵਿਚ ਬਦਲ ਗਏ। ਸੰਨ 1961 ਵਿਚ ਆਪ ਨੇ 'ਜੱਥੇਦਾਰ' ਨਾਂ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿਚ 'ਪ੍ਰਭਾਤ' ਨਾਂ ਦਾ ਅਖ਼ਬਾਰ ਕੱਢ ਕੇ ਆਪ ਨੇ ਪੰਥਕ ਹਿਤਾਂ ਲਈ ਖ਼ੂਬ ਪ੍ਰਚਾਰ ਕੀਤਾ। ਸੰਨ 1949 ਵਿਚ ਆਪ ਵਲੋਂ ਸ਼ੁਰੂ ਕੀਤਾ 'ਸੰਤ ਸਿਪਾਹੀ' ਮਾਸਿਕ ਰਸਾਲਾ ਹੁਣ ਤਕ ਚਲ ਰਿਹਾ ਹੈ।

ਉਨ੍ਹਾਂ ਦੇ ਲੇਖਾਂ ਦੀਆਂ ਕਿਤਾਬਾਂ 'ਕਿਉ ਵਰਣੀ ਕਿਵ ਜਾਣਾ' 'ਪਿਰਮ ਪਿਆਲਾ' ਵਗ਼ੈਰਾ ਅੱਜ ਵੀ ਓਨੀ ਹੀ ਕੀਮਤ ਰਖਦੀਆਂ ਹਨ ਜਿੰਨੀਆਂ 50 ਸਾਲ ਪਹਿਲਾਂ। ਉਨ੍ਹਾਂ ਨੇ 'ਗ੍ਰਹਿਸਤ ਧਰਮ ਸਿਖਿਆ' ਕਿਤਾਬ ਲਿਖ ਕੇ ਪਤੀ-ਪਤਨੀ ਦੇ ਰਿਸ਼ਤੇ ਦੀ ਗੰਢ ਨੂੰ ਪੀਡਿਆਂ ਕਰਨ ਦੇ ਗੁਰ ਸਮਝਾਏ। ਉਨ੍ਹਾਂ ਅਪਣੀ ਜੀਵਨੀ 'ਮੇਰੀ ਯਾਦ' ਵੀ ਲਿਖੀ ਸੀ। ਉਨ੍ਹਾਂ ਨੇ ਇਕ ਸਫ਼ਰਨਾਮੇ ਦੇ ਨਾਲ ਦਰਜਨਾਂ ਟ੍ਰੈਕਟ ਅਤੇ ਸੈਂਕੜੇ ਲੇਖ ਵੀ ਲਿਖੇ। ਸਿੱਖਿਆ ਦੇ ਖੇਤਰ ਵਿਚ ਮਾਸਟਰ ਤਾਰਾ ਸਿੰਘ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਅਪਣੀ ਸਿੱਖਿਆ ਪ੍ਰਾਪਤੀ ਮਗਰੋਂ ਕਈ ਉੱਚ ਦਰਜੇ ਦੀਆਂ ਨੌਕਰੀਆਂ ਛੱਡ ਕੇ ਉਨ੍ਹਾਂ ਸਕੂਲ ਅਧਿਆਪਕ ਬਣਨ ਦਾ ਫ਼ੈਸਲਾ ਕੀਤਾ।

ਅਪਣੀਆਂ ਕੋਸ਼ਿਸ਼ਾਂ ਸਦਕਾ ਲਾਇਲਪੁਰ ਵਿਚ ਖ਼ਾਲਸਾ ਸਕੂਲ ਸ਼ੁਰੂ ਕੀਤਾ ਅਤੇ ਸਕੂਲ ਦੀ ਇਮਾਰਤ ਦੀ ਉਸਾਰੀ ਲਈ ਟੋਕਰੀ ਢੋਹਣ ਤੋਂ ਲੈ ਕੇ ਹੈੱਡ ਮਾਸਟਰ ਤਕ ਦੀ ਡਿਊਟੀ ਨਿਭਾਈ। ਆਪ ਅਪਣੀ ਤਨਖ਼ਾਹ ਵਿਚੋਂ ਸਿਰਫ਼ 15 ਰੁਪਏ ਅਪਣੇ ਗੁਜ਼ਾਰੇ ਲਈ ਰੱਖ ਕੇ ਬਾਕੀ ਰਕਮ ਸਿਖਿਆ ਦੀ ਉੱਨਤੀ ਲਈ ਦਾਨ ਦੇ ਦਿੰਦੇ ਸਨ। ਹੋਰ ਕਈ ਸਿਖਿਆ ਸੰਸਥਾਵਾਂ ਜਿਵੇਂ ਨੈਸ਼ਨਲ ਕਾਲਜ ਲਾਇਲਪੁਰ, ਖ਼ਾਲਸਾ ਕਾਲਜ ਮੁੰਬਈ ਆਦਿ ਵੀ ਆਪ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਸਨ। ਮਾਸਟਰ ਜੀ ਨੇ ਬੜੇ ਬੇਲਾਗ ਢੰਗ ਨਾਲ ਲੀਡਰੀ ਕੀਤੀ ਅਤੇ ਹਰ ਪ੍ਰ੍ਰਕਾਰ ਦੇ ਮੋਹ ਤੋਂ ਬਚੇ ਰਹੇ। ਉਨ੍ਹਾਂ ਦਾ ਸਿਆਸੀ ਜੀਵਨ ਵੀ ਬੇਦਾਗ਼, ਆਤਮ-ਉਤਸਰਗੀ ਵਾਲਾ ਹੈ। ਆਪ ਨੇ ਸਿੱਖ ਕੌਮ ਦੇ ਹਿਤਾਂ ਲਈ ਜੋ ਸੰਘਰਸ਼ ਕੀਤੇ ਅਤੇ ਉਨ੍ਹਾਂ ਕਰ ਕੇ ਆਪ ਨੂੰ ਜੋ ਔਕੜਾਂ ਸਹਿਣੀਆਂ ਪਈਆਂ, ਉਨ੍ਹਾਂ ਲਈ ਸਿੱਖ ਜਗਤ ਵਿਚ ਆਪ ਦੀ ਬੜੀ ਕਦਰ ਅਤੇ ਇੱਜ਼ਤ ਹੈ। ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦਾ ਉਤਸ਼ਾਹ ਵਧਾਉਣ ਲਈ ਆਪ ਵਿਦੇਸ਼ਾਂ ਵਿਚ ਵੀ ਗਏ।

ਦੇਸ਼ ਵੰਡ ਵੇਲੇ ਆਪ ਨੇ ਸਿੱਖਾਂ ਦੇ ਹੱਕਾਂ ਦੀ ਰਖਿਆ ਲਈ ਭਰਪੂਰ ਯਤਨ ਕੀਤੇ। ਜਦੋਂ ਆਪ ਫਰਵਰੀ 1949 ਵਿਚ ਦਿੱਲੀ ਵਿਚ ਹੋਣ ਵਾਲੀ ਅਕਾਲੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ, ਤਾਂ ਆਪ ਨੂੰ ਨਰੇਲਾ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜੇਲ੍ਹ ਤੋਂ ਰਿਹਾ ਹੋਣ ਉਪਰੰਤ ਆਪ ਨੇ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਸਥਾਪਨਾ ਦੀ ਮੰਗ ਕੀਤੀ । 10 ਮਈ 1955 ਨੂੰ ਆਪ ਨੂੰ 'ਪੰਜਾਬੀ ਸੂਬਾ ਜ਼ਿੰਦਾਬਾਦ' ਦਾ ਨਾਅਰਾ ਲਾਉਣ ਤੇ ਫੜ ਲਿਆ ਗਿਆ ਅਤੇ 12 ਜੁਲਾਈ ਨੂੰ ਛਡਿਆ ਗਿਆ। 17 ਜਨਵਰੀ 1960 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਆਪ ਨੇ 140 ਸੀਟਾਂ ਵਿਚੋਂ 136 ਸੀਟਾਂ ਅਕਾਲੀ ਦਲ ਦੀ ਝੋਲੀ ਪਾਈਆਂ।

ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਿਰ ਪ੍ਰਧਾਨ ਚੁਣੇ ਗਏ, ਪਰ ਜਲਦੀ ਹੀ ਆਪ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਚਲਾਏ ਜਾ ਰਹੇ ਪੰਜਾਬੀ ਸੂਬਾ ਅੰਦੋਲਨ ਵਿਚ ਜੁਟ ਗਏ। 22 ਮਈ 1960 ਨੂੰ ਅੰਮ੍ਰਿਤਸਰ ਵਿਚ 'ਪੰਜਾਬੀ ਸੂਬਾ ਕਨਵੈਨਸ਼ਨ' ਸੱਦ ਕੇ 'ਪੰਜਾਬੀ ਸੂਬਾ' ਬਣਾਏ ਜਾਣ ਦਾ ਮਤਾ ਪਾਸ ਕਰਵਾਇਆ । 12 ਜੂਨ 1960 ਨੂੰ ਦਿੱਲੀ ਵਿਚ ਪ੍ਰਭਾਵਸ਼ਾਲੀ ਜਲੂਸ ਕਢਣ ਦੀ ਜੁਗਤ ਬਣਾਈ। ਭਾਵੇਂ ਆਪ ਨੂੰ 25 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਜਲੂਸ ਬੜੀ ਸ਼ਾਨ ਨਾਲ ਨਿਕਲਿਆ। 4 ਜਨਵਰੀ 1961 ਨੂੰ ਆਪ ਰਿਹਾਅ ਹੋਏ ਅਤੇ ਸੰਤ ਫ਼ਤਹਿ ਸਿੰਘ ਦੇ ਮਰਨ ਵਰਤ ਨੂੰ ਖੁਲ੍ਹਵਾਇਆ। ਇਸ ਤੋਂ ਬਾਅਦ ਆਪ ਦੀ ਸਿਆਸੀ ਸਥਿਤੀ ਨਿਘਰਨ ਲੱਗ ਗਈ ਅਤੇ 22 ਨਵੰਬਰ 1967 ਨੂੰ ਆਪ ਕਾਲਵਸ ਹੋ ਗਏ।