ਸਾਦਗੀ ਦੀ ਮੂਰਤ ਪ੍ਰੋ. ਪ੍ਰੀਤਮ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪ੍ਰੋ. ਪ੍ਰੀਤਮ ਸਿੰਘ ਪੰਜਾਬੀ ਸੂਬੇ ਦਾ ''ਬੈਸਟ ਟੀਚਰ ਆਫ਼ ਦੀ ਸਟੇਟ'' ਐਵਾਰਡ ਵੀ ਹਾਸਲ ਸੀ

Professor Pritam Singh

ਫ਼ਾਰਸੀ ਦੇ ਉੱਚ ਕੋਟੀ ਦੇ ਵਿਦਵਾਨ ਵਜੋਂ ਸੰਨ 1998 ਵਿਚ ਭਾਰਤ ਦੇ ਰਾਸ਼ਟਰਪਤੀ ਵਲੋਂ ਪ੍ਰੋ. ਪ੍ਰੀਤਮ ਸਿੰਘ ਜੀ (ਭਾਪਾ ਜੀ) ਦਾ ਸਨਮਾਨ ਹੋਣਾ ਸੀ। ਉਸੇ ਸਾਲ ਉਨ੍ਹਾਂ ਨੂੰ ਪੰਜਾਬ ਸਾਹਿਤ ਸ਼੍ਰੋਮਣੀ ਦਾ ਸਨਮਾਨ ਵੀ ਮਿਲਿਆ ਸੀ। ਪੰਜਾਬੀ ਸੂਬੇ ਦਾ ''ਬੈਸਟ ਟੀਚਰ ਆਫ਼ ਦੀ ਸਟੇਟ'' ਐਵਾਰਡ ਵੀ ਹਾਸਲ ਸੀ। ਭਾਈ ਵੀਰ ਸਿੰਘ ਅੰਤਰਰਾਸ਼ਟਰੀ ਐਵਾਰਡ, ਸ੍ਰ. ਕਰਤਾਰ ਸਿੰਘ ਧਾਲੀਵਾਲ ਐਵਾਰਡ ਤੇ ਬੱਚਿਆਂ ਦੇ ਲਿਖਾਰੀ ਵਜੋਂ ਪੰਜਾਬੀ ਅਕਾਦਮੀ ਦਿੱਲੀ ਵਲੋਂ 'ਬੈਸਟ ਚਿਲਡਰਨ ਲਿਟਰੇਚਰ ਆਫ਼ ਡਿਕੇਡ' ਸਨਮਾਨ ਹਾਸਲ ਕਰ ਚੁੱਕੇ ਹੋਏ ਸਨ।

ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨਤ ਸਨ ਤੇ ਲਗਭਗ 1200 ਤੋਂ ਉੱਤੇ ਹੋਰ ਸਨਮਾਨ ਮਿਲ ਚੁੱਕੇ ਸਨ। ਉਸ ਸਮਾਗਮ ਵਿਚ ਭਾਪਾ ਜੀ ਦੇ ਨਾਲ ਜਾਣ ਦਾ ਮੈਨੂੰ ਤੇ ਮੇਰੇ ਪਤੀ ਨੂੰ ਸੁਭਾਗ ਪ੍ਰਾਪਤ ਹੋਇਆ। ਭਾਪਾ ਜੀ ਵਕਤ ਦੇ ਬੜੇ ਪਾਬੰਦ ਸਨ। ਸਾਦਾ ਖਾਣਾ ਤੇ ਸਾਦਾ ਪਹਿਨਣਾ ਉਨ੍ਹਾਂ ਦੀ ਆਦਤ ਸੀ। ਦਿੱਲੀ ਰਾਸ਼ਟਰਪਤੀ ਭਵਨ ਮੈਂ ਪਹਿਲੀ ਵਾਰ ਵੇਖਣਾ ਸੀ।

ਚਾਅ ਨਾਲ ਮੈਂ ਨਵਾਂ ਸੂਟ ਸੁਆਇਆ। ਆਖ਼ਰ ਭਾਪਾ ਜੀ ਨੂੰ ਇਨਾਮ ਲੈਂਦੇ ਵੇਖਣਾ ਸੀ, ਨਵੀਂ ਜੁੱਤੀ ਵੀ ਖ਼ਰੀਦੀ। ਪਤੀ ਲਈ ਨਵੀਂ ਦਸਤਾਰ ਖ਼ਰੀਦਣ ਜਾਣ ਲਗਿਆਂ ਭਾਪਾ ਜੀ ਨੂੰ ਪੁਛਿਆ ਕਿ ਜੇ ਕੁੱਝ ਉਸ ਦਿਨ ਵਾਸਤੇ ਖ਼ਰੀਦਣਾ ਹੈ ਤਾਂ ਉਹ ਵੀ ਨਾਲ ਹੀ ਚੱਲ ਪੈਣ। ਭਾਪਾ ਜੀ ਝੱਟ ਤਿਆਰ ਹੋ ਗਏ। ਦੁਕਾਨ ਉੱਤੇ ਗਏ ਤਾਂ ਭਾਪਾ ਜੀ ਨੇ ਵਧੀਆ ਪੰਜ ਕਮੀਜ਼ਾਂ ਖ਼ਰੀਦੀਆਂ।

ਸਾਰੀਆਂ ਵਖਰੇ ਨਾਪ ਦੀਆਂ। ਮੇਰੇ ਪੁੱਛਣ ਉੱਤੇ ਕਹਿਣ ਲੱਗੇ 'ਚਾਰ ਜਵਾਈਆਂ ਲਈ ਤੇ ਪੰਜਵੀਂ ਪੁੱਤਰ ਜੈ-ਰੂਪ ਲਈ।' ਫਿਰ ਵਾਰੀ ਆਈ ਸੂਟਾਂ ਦੀ। ਛੇ ਸੂਟ ਖ਼ਰੀਦੇ। ਇਕ ਨੂੰਹ ਲਈ, ਚਾਰ ਧੀਆਂ ਲਈ, ਇਕ ਦਲੀਪ ਕੌਰ ਟਿਵਾਣਾ ਭੈਣ ਜੀ ਲਈ। ''ਏਨਾ ਖ਼ਰਚਾ ਕਿਉਂ?'', ਮੈਂ ਪੁਛਿਆ? ਭਾਪਾ ਜੀ ਕਹਿਣ ਲੱਗੇ, ''ਬੱਲਿਆ ਤੇਰੀ ਮਾਂ ਨੇ ਸਾਰੀ ਉਮਰ ਮੇਰੇ ਨਾਲ ਗ਼ਰੀਬੀ ਹੰਢਾਈ ਸੀ। ਸਿਰਫ਼ ਦੋ ਸੂਟਾਂ ਨਾਲ ਸਾਰੀ ਉਮਰ ਕੱਢ ਲਈ। ਇਕ ਧੋਂਦੀ ਸੀ ਤੇ ਇਕ ਪਾਉਂਦੀ ਸੀ।

ਪ੍ਰੋ. ਸਾਹਿਬ ਸਿੰਘ ਦੀ ਧੀ ਜੁ ਹੋਈ। ਸ਼ਿਕਾਇਤ ਤਾਂ ਕਦੇ ਪੂਰੀ ਉਮਰ ਉਸ ਨੇ ਕੀਤੀ ਨਹੀਂ। ਨਾ ਕੋਈ ਮੰਗ ਕਦੇ ਰੱਖੀ। ਅੱਜ ਜਿਊਂਦੀ ਹੁੰਦੀ ਤਾਂ ਇਕ ਉਸ ਨੂੰ ਵੀ ਲੈ ਦਿੰਦਾ। ਤੂੰ ਸੋਚ ਲੈ, ਉਹੀ ਕਰਜ਼ਾ ਲਾਹ ਰਿਹਾਂ।'' ''ਇਹ ਤਾਂ ਚਾਰ ਮਹੀਨਿਆਂ ਦੀ ਪੈਨਸ਼ਨ ਦਾ ਪੈਸਾ ਖ਼ਰਚ ਹੋ ਜਾਣੈ। ਰੋਟੀ ਕਿਵੇਂ ਖਾਉਗੇ,'' ਮੈਨੂੰ ਫ਼ਿਕਰ ਪੈ ਗਿਆ। ''ਅੱਗੇ ਵੀ ਰੁਖੀ ਸੁੱਖੀ ਖਾਂਦੇ ਸਾਂ। ਹੁਣ ਵੀ ਦਾਲ ਫੁਲਕਾ ਚੱਲੀ ਜਾਊ। ਤੂੰ ਪ੍ਰਵਾਹ ਨਾ ਕਰ। ਇਕ ਵੇਲੇ ਦੀ ਰੋਟੀ ਘੱਟ ਖਾਣ ਨਾਲ ਸ੍ਰੀਰ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਸਭ ਨੂੰ ਦੇ ਲੈਣ ਦੇ,'' ਭਾਪਾ ਜੀ ਕਹਿਣ ਲੱਗੇ।

''ਅੱਛਾ ਚਲੋ ਹੁਣ ਤੁਹਾਡੇ ਲਈ ਮੈਂ ਖ਼ਰੀਦ ਕੇ ਦੇਵਾਂਗੀ, ਤੁਸੀਂ ਪਸੰਦ ਕਰੋ,'' ਮੈਂ ਕਿਹਾ।
ਭਾਪਾ ਜੀ ਨੇ ਨਾਂਹ ਵਿਚ ਸਿਰ ਹਿਲਾ ਦਿਤਾ ਤੇ ਕਿਹਾ, ''ਬੱਲਿਆ ਸਨਮਾਨ ਮੇਰੇ ਕੰਮ ਨੂੰ ਮਿਲ ਰਿਹੈ ਚੰਮ ਨੂੰ ਨਹੀਂ। ਇਹ ਚੰਮ ਤਾਂ ਬੇਜਾਨ ਹੋ ਜਾਣੀ ਹੈ। ਕੰਮ ਸਦੀਵੀਂ ਰਹਿਣ ਵਾਲਾ ਹੈ। ਉਮਰ ਦੇ 65 ਸਾਲ ਮੈਂ ਫ਼ਾਰਸੀ ਜ਼ੁਬਾਨ ਵਿਚ ਖੋਜ ਕਰਨ ਉੱਤੇ ਲਗਾਏ ਹਨ।

ਬਾਬਾ ਫ਼ਰੀਦ ਬਾਰੇ ਜਿੰਨੀ ਘੋਖ ਕਰ ਸਕਦਾ ਸੀ, ਉਸ ਬਾਰੇ ਪੂਰੇ ਪਾਕਿਸਤਾਨ, ਅਫ਼ਗਾਨਿਸਤਾਨ ਤੇ ਹਿੰਦੁਸਤਾਨ ਵਿਚ ਤੁਰਦਾ ਫਿਰਦਾ ਰਿਹਾ ਤੇ ਤੱਥ ਇਕੱਠੇ ਕੀਤੇ। ਮੇਰੇ ਕੋਲ ਖੱਦਰ ਦੀ ਗਰਮ ਕਮੀਜ਼ ਹੈ ਤੇ ਪੁਰਾਣੀ ਗੁਰਗਾਬੀ ਵੀ ਠੀਕ ਹੈ। ਕੁੱਝ ਵੀ ਨਵਾਂ ਨਹੀਂ ਲੈਣਾ।'' ਪੂਰਾ ਜ਼ੋਰ ਲਗਾਉਣ ਉੱਤੇ ਵੀ ਉਨ੍ਹਾਂ ਅਪਣੇ ਲਈ ਰੁਮਾਲ ਤਕ ਨਾ ਖ਼ਰੀਦਿਆ।

ਇਨਾਮ ਵਾਲੇ ਦਿਨ ਵੀ ਪੁਰਾਣੀ ਖੱਦਰ ਦੀ ਕਮੀਜ਼, ਪੁਰਾਣੀ ਇਕੋ ਗਰਮ ਪੈਂਟ ਜੋ ਉਨ੍ਹਾਂ ਕੋਲ ਕਈ ਸਾਲਾਂ ਦੀ ਸੀ ਤੇ ਉਹੀ ਪੁਰਾਣਾ ਇਕੋ ਬੰਦ ਗਲੇ ਵਾਲਾ ਗਰਮ ਕੋਟ ਜੋ ਉਨ੍ਹਾਂ 20 ਸਾਲ ਹੰਢਾਇਆ ਸੀ, ਸਿਰ ਉੱਤੇ ਫਿੱਕੀ ਨੀਲੀ ਦਸਤਾਰ ਤੇ ਪੈਰੀਂ ਪੁਰਾਣੀ ਘਸੀ ਹੋਈ ਗੁਰਗਾਬੀ ਜੋ ਛੇ ਸਾਲਾਂ ਤੋਂ ਉਹ ਪਾ ਰਹੇ ਸਨ, ਹੀ ਪਾ ਕੇ ਗਏ।

ਨੇ ਹੋਰ ਸਨਮਾਨ ਲੈਣ ਗਏ ਸਨ, ਸੱਭ ਸੋਨੇ ਹੀਰਿਆਂ ਨਾਲ ਲੱਦੇ ਪਹੁੰਚੇ ਸਨ ਤੇ ਪੂਰੀ ਟੌਹਰ ਕੱਢ ਕੇ। ਭਾਪਾ ਜੀ ਇਕੱਲੇ ਹੀ ਸਾਦਗੀ ਦੀ ਮੂਰਤ ਲੱਗ ਰਹੇ ਸਨ। ਕਿਸੇ ਵੀ ਫੋਕੀ ਫੂੰ-ਫਾਂ ਤੋਂ ਬਿਨਾਂ! ਉਸ ਦਾ ਅਸਰ ਅਜਿਹਾ ਪਿਆ ਕਿ ਰਾਸ਼ਟਰਪਤੀ ਜੀ ਨੇ ਖ਼ਾਸ ਤੌਰ 'ਤੇ ਉਨ੍ਹਾਂ ਦਾ ਨਾਂ ਲੈ ਕੇ ਤਾਰੀਫ਼ ਕਰਨ ਦੇ ਬਾਅਦ ਹੀ ਬਾਕੀਆਂ ਨੂੰ ਵਧਾਈ ਦਿਤੀ। ਵਾਕਈ ਕੰਮ ਬੋਲਦਾ ਮੈਂ ਅਪਣੇ ਅੱਖੀਂ ਵੇਖ ਲਿਆ।

ਹਰਸ਼ਿੰਦਰ ਕੌਰ
ਸੰਪਰਕ : 0175-2216783