Dhani Ram Chatrik: ਪੰਜਾਬੀ ਮਾਂ ਬੋਲੀ ਦੇ ਚਿੰਤਕ ਕਵੀ ਧਨੀ ਰਾਮ ਚਾਤ੍ਰਿਕ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਧਨੀ ਰਾਮ ਚਾਤ੍ਰਿਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਸੁਪ੍ਰਸਿੱਧ ਕਵੀ ਹੋਇਆ ਹੈ

Dhani Ram Chatrik

Dhani Ram Chatrik: ਧਨੀ ਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਵੀ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਅਧੁਨਿਕ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ ਅਤੇ ਪੰਜਾਬੀ ਸਭਿਆਚਾਰ ਤੇ ਮਨੁੱਖੀ ਜ਼ਿੰਦਗੀ ਦੀ ਝਲਕ ਪੇਸ਼ ਕਰਦੀਆ ਹਨ। ਉਨ੍ਹਾਂ ਦਾ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਇਸ ਕਵਿਤਾ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਅਸਾਂ ਨਹੀਂ ਭੁਲਾਉਣੀ,
ਬੋਲੀ ਹੈ ਪੰਜਾਬੀ ਸਾਡੀ, ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਣ ਸਾਡੀ,
ਹੱਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ।
ਤ੍ਰਿੰਞਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ।
ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ,
ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ।

ਧਨੀ ਰਾਮ ਚਾਤ੍ਰਿਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਸੁਪ੍ਰਸਿੱਧ ਕਵੀ ਹੋਇਆ ਹੈ ਜਿਨ੍ਹਾਂ ਦਾ ਜਨਮ ਮਸ਼ਹੂਰ ਕਿੱਸਾਕਾਰ ਇਮਾਮਬਖ਼ਸ਼ ਦੇ ਪਿੰਡ ਪੱਸੀਆਵਾਲਾਂ ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ’ਚ 4 ਅਕਤੂਬਰ, 1876 ਨੂੰ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਹੋਇਆ। ਉਸ ਦੀ ਬਾਲ ਉਮਰ ਹੀ ਸੀ ਕਿ ਰੋਜ਼ੀ ਰੋਟੀ ਦੇ ਚੱਕਰ ’ਚ ਉਸ ਦਾ ਪ੍ਰਵਾਰ ਨਾਨਕੇ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ’ਚ ਆ ਗਿਆ। ਆਰਥਕ ਤੰਗੀਆਂ ਕਾਰਨ ਰਸਮੀ ਸਿਖਿਆ ਪ੍ਰਾਇਮਰੀ ਤਕ ਹੀ ਸੀਮਤ ਹੋ ਕੇ ਰਹਿ ਗਈ। ਪਿਤਾ ਦੇ ਕਹਿਣ ’ਤੇ ਫਿਰ ਵਸੀਕਾ ਨਵੀਸੀ ਸਿੱਖਣ ਲੱਗ ਪਿਆ। 17 ਸਾਲ ਦੀ ਉਮਰ ’ਚ ਹੀ ਭਾਈ ਵੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈੱਸ ਵਿਚ ਨੌਕਰੀ ਮਿਲ ਗਈ। ਇਥੇ ਕੰਮ ਕਰਦੇ ਸਮੇਂ ਹੀ ਉਸ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਸੀ। ਉਸ ਨੇ ਪੰਜਾਬੀ, ਉਰਦੂ ਤੇ ਫ਼ਾਰਸੀ ਦੀ ਮੁਢਲੀ ਵਿਦਿਆ ਪ੍ਰਾਪਤ ਕੀਤੀ। ਉਸ ਦੀਆਂ ਕਵਿਤਾਵਾਂ ‘ਖ਼ਾਲਸਾ ਸਮਾਚਾਰ’ ਤੇ ‘ਖ਼ਾਲਸਾ ਯੰਗਮੈਨ’ ਨਾਮਕ ਰਸਾਲਿਆਂ ’ਚ ਛਪਣੀਆਂ ਸ਼ੁਰੂ ਹੋਈਆਂ। ਉਹ ਪਹਿਲਾਂ ਹਰਧਨੀ ਉਪ ਨਾਮ ਹੇਠ ਲਿਖਦੇ ਰਹੇ ਤੇ ਫੇਰ ‘ਚਾਤ੍ਰਿਕ’ ਤਖ਼ੱਲਸ਼ ਰੱਖ ਲਿਆ। 1924 ’ਚ ਉਸ ਨੇ ਸੁਦਰਸ਼ਨ ਪ੍ਰੈੱਸ ਦੀ ਸਥਾਪਨਾ ਕੀਤੀ। 1926 ’ਚ ਜਦੋਂ ਅੰਮ੍ਰਿਤਸਰ ’ਚ ਪੰਜਾਬੀ ਸਭਾ ਬਣੀ ਤਾਂ ਉਸ ਨੂੰ ਪ੍ਰਧਾਨ ਚੁਣਿਆ ਗਿਆ। ਇਸ ਸਭਾ ’ਚ ਚਰਨ ਸਿੰਘ, ਮੌਲਾ ਬਖ਼ਸ਼, ਹੀਰਾ ਸਿੰਘ ਦਰਦ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਵਿਧਾਤਾ ਸਿੰਘ ਤੀਰ, ਲਾਲਾ ਕਿਰਪਾ ਸਾਗਰ ਤੇ ਉਸਤਾਦ ਹਮਦਮ ਵਰਗੇ ਉੱਘੇ ਸਾਹਿਤਕਾਰ ਸ਼ਾਮਲ ਸਨ।

ਉਸ ਨੇ ਕਈ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਨ੍ਹਾਂ ’ਚ ‘ਫੁੱਲਾਂ ਦੀ ਟੋਕਰੀ’, ‘ਭਰਥਰੀ ਹਰੀ’, ‘ਨਲ ਦਮਯੰਤੀ, ‘ਧਰਮਵੀਰ’, ‘ਚੰਦਨਵਾੜੀ’, ‘ਕੇਸਰ ਕਿਆਰੀ’, ‘ਨਵਾਂ ਜਹਾਨ’, ‘ਸੂਫ਼ੀ ਖ਼ਾਨਾ’ ਤੇ ‘ਨੂਰਜਹਾਂ ਬਾਦਸ਼ਾਹ ਬੇਗ਼ਮ ਆਦਿ ਸ਼ਾਮਲ ਹਨ। ਉਸ ਦੀਆਂ ਰਚਨਾਵਾਂ ਪੁਰਾਤਨ ਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਸ ਨੂੰ ਜਾਂਦਾ ਹੈ। ਮੁਹਾਵਰੇਦਾਰ ਠੇਠ ਪੰਜਾਬੀ ਉਨ੍ਹਾਂ ਦੀ ਵਖਰੀ ਪਛਾਣ ਸੀ। ਉਨ੍ਹਾਂ ਦੀਆਂ ਆਰੰਭਕ ਕਵਿਤਾਵਾਂ ਉੱਤੇ ਤਾਂ ਆਤਮਕ ਤੇ ਪ੍ਰਾਚੀਨ ਵਿਚਾਰਧਾਰਾ ਦੀ ਡੂੰਘੀ ਛਾਪ ਸੀ ਪਰ ਬਾਅਦ ’ਚ ਉਸ ਦਾ ਰੁਝਾਨ ਯਥਾਰਥਵਾਦ ਵਲ ਹੋਇਆ। ਉਸ ਦੇ ਯਥਾਰਥਵਾਦ ’ਚ ਪ੍ਰਗਤੀਸ਼ੀਲ ਤੰਦਾਂ ਉਘੜਵੀਆਂ ਹਨ। ਉਸ ਦੀਆਂ ਕਵਿਤਾਵਾਂ ’ਚ ਸੂਫ਼ੀਵਾਦ ਦੇ ਦਰਸ਼ਨ ਵੀ ਹੁੰਦੇ ਹਨ। ਉਹ ਲੋਕਮੁਖੀ ਸ਼ੈਲੀ ਵਿਚ ਲਿਖਦਾ ਸੀ। ਕਿਸਾਨੀ ਦੀ ਗੱਲ ਕਰਦਾ ਗੀਤ
ਤੂਡੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ।
ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ,
ਸੁੰਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਉਸ ਵਕਤ ਇਹ ਗੀਤ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਸੀ। ਉਨ੍ਹਾਂ ਦੀ ਕਲਮ ਮਰਦੇ ਦਮ ਤਕ ਚਲਦੀ ਰਹੀ। ਅਪਣੀ ਮੌਤ ਤੋਂ ਪਹਿਲਾਂ ਵੀ ਉਨ੍ਹਾਂ ਨੇ ਦੋ ਕਵਿਤਾਵਾਂ ਲਿਖੀਆਂ:

ਦਰਗਾਹੀਂ ਸੱਦੇ ਆ ਗਏ ਨੇ, ਸਮਾਨ ਤਿਆਰ ਸਫ਼ਰ ਦਾ ਹੈ।
ਪਰ ਤੇਰੇ ਬੂਹਿਉਂ ਹਿੱਲਣ ਨੂੰ ‘ਚਾਤ੍ਰਿਕ’ ਦਾ ਜੀ ਨਹੀਂ ਕਰਦਾ।
ਅੰਤਮ ਯਾਤਰਾ ਤੋਂ ਕੁੱਝ ਦਿਨ ਪਹਿਲਾਂ ਲਿਖਦੇ ਹਨ ਹੈ ਕਿ:
ਜਿਸ ਘੜੀ ਬੁਲਾਵਾ ਆਵੇਗਾ, ਹੱਥ ਜੋੜ ਹੁਕਮ ਭੁਗਤਾਵਾਂਗੇ।
ਆਉਂਦੀ ਵਾਰ ਕੁੱਝ ਰੋਏ ਸਾਂ, ਪਰ ਹਸਦੇ ਹਸਦੇ ਜਾਵਾਂਗੇ।

ਆਖ਼ਰ ਉਹ ਦਿਨ ਵੀ ਆ ਪਹੁੰਚਿਆ ਜਦੋਂ ਕਲਮ ਦਾ ਧਨੀ, ਧਨੀ ਰਾਮ ਚਾਤ੍ਰਿਕ 18 ਦਸੰਬਰ 1954 ਈ: ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ ਦੀਆਂ ਰਚਨਾਵਾਂ ਸਦਾ ਸਦਾ ਲਈ ਅਮਰ ਰਹਿਣਗੀਆਂ।

-ਕੁਲਦੀਪ ਸਿੰਘ ਸਾਹਿਲ, ਫ਼ੋਕਲ ਪੁਆਇੰਟ ਰਾਜਪੁਰਾ
9417990040