ਅਮਿਟ ਤ੍ਰਿਸ਼ਨਾ ਦਾ ਕਵੀ ਭਗਵੰਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਭਗਵੰਤ ਸਿੰਘ ਮਸ਼ਹੂਰ ਪੰਜਾਬੀ ਕਵੀ ਸਨ ਜਿਨ੍ਹਾਂ ਦਾ ਜਨਮ 2 ਦਸੰਬਰ, 1926 ਨੂੰ ਹੋਇਆ। ਸ਼ਾਇਦ ਇਹ ਦਿਸ਼ਾਹੀਣਤਾ ਹੀ ਉਨ੍ਹਾਂ ਦੀ ਕਲਮ ਦੀ ਧਾਰ ਨੂੰ ਸਾਡੇ ਸਮਾਜਕ ਸਰੋਕਾਰਾਂ...

Famous Punjabi poet

ਭਗਵੰਤ ਸਿੰਘ ਮਸ਼ਹੂਰ ਪੰਜਾਬੀ ਕਵੀ ਸਨ ਜਿਨ੍ਹਾਂ ਦਾ ਜਨਮ 2 ਦਸੰਬਰ, 1926 ਨੂੰ ਹੋਇਆ। ਸ਼ਾਇਦ ਇਹ ਦਿਸ਼ਾਹੀਣਤਾ ਹੀ ਉਨ੍ਹਾਂ ਦੀ ਕਲਮ ਦੀ ਧਾਰ ਨੂੰ ਸਾਡੇ ਸਮਾਜਕ ਸਰੋਕਾਰਾਂ ਪ੍ਰਤੀ ਹੋਰ ਤੇਜ਼ ਕਰਦੀ ਹੈ। ਉਨ੍ਹਾਂ ਨੇ ਛੇ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਨ੍ਹਾਂ 'ਚ ਆਸ ਨਿਰਾਸ, ਹਨੇਰੇ ਸਾਥ, ਅਸਗਾਹ ਭਟਕਣ, ਸੂਲ ਸਿਰਜਣਾ ਅਤੇ ਵੇਦਨਾ ਪ੍ਰਤੀਵੇਦਨਾ ਸ਼ਾਮਲ ਹਨ। ਆਸ ਨਿਰਾਸ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ ਦਾ ਪੁਰਸਕਾਰ ਮਿਲਿਆ ਸੀ ਜਦਕਿ ਸੂਲ ਸਿਰਜਣਾ ਨੂੰ 1968-69 ਦੀ ਪਹਿਲੀ ਕਾਵਿ ਪੁਸਤਕ ਵਜੋਂ ਭਾਸ਼ਾ ਵਿਭਾਗ ਤੋਂ ਪੁਰਸਕਾਰ ਮਿਲਿਆ ਸੀ।

ਉਨ੍ਹਾਂ ਦੀ ਕਵਿਤਾ ਮੱਧ ਵਰਗ ਦੇ ਸੰਕੋਚੀ ਤਜਰਬਿਆਂ 'ਚੋਂ ਜਨਮੀ ਹੈ, ਅਤੇ ਜਿਸ ਦਾ ਧੁਰਾ ਉਸ ਨੂੰ ਇਸ ਦੁਆਲੇ ਪੈਦਾ ਹੋਏ ਖ਼ਲਾਅ ਅਤੇ ਛਲ-ਕਪਟ ਤੋਂ ਜਾਣੂ ਕਰਵਾਉਂਦਾ ਹੈ। ਉਨ੍ਹਾਂ ਨੇ ਰਵਾਇਤੀ ਛੰਦਾਂ ਦਾ ਪ੍ਰਯੋਗ ਨਹੀਂ ਕੀਤਾ ਬਲਕਿ ਉਨ੍ਹਾਂ ਦੀਆਂ ਕਵਿਤਾਵਾਂ 'ਚ ਵਿਅੰਗਾਤਮਕ ਪੈਰੇ ਅਤੇ ਆਕ੍ਰਿਤੀਆਂ ਸ਼ਾਮਲ ਹਨ ਜੋ ਅਪਣੀ ਹੀ ਕਾਵਿਕ ਤਾਲ ਪੈਦਾ ਕਰਦੀਆਂ ਹਨ। ਹਾਲਾਂਕਿ ਉਨ੍ਹਾਂ ਦੇ ਵਿਅੰਗ ਅਤੇ ਕਟਾਖਸ਼ ਦਾ ਕੋਈ ਇਕ ਕੇਂਦਰ ਨਹੀਂ ਹੈ। ਸਮਾਜ ਬਾਰੇ ਉਨ੍ਹਾਂ ਦਾ ਨਜ਼ਰੀਆ ਨਾਕਾਰਾਤਮਕ ਹੈ ਅਤੇ ਕਿਸੇ ਇਕ ਦਿਸ਼ਾ ਵਲ ਨਹੀਂ ਜਾਂਦਾ।

ਆਸ ਨਿਰਾਸ ਵਿਚ ਭਗਵੰਤ ਸਿੰਘ ਦਾ ਧਿਆਨ ਵਿਕੇਂਦਰਿਤ ਅਤੇ ਪ੍ਰਭਾਵ ਅਟਿਕਵਾਂ ਸੀ। ਮਸ਼ਹੂਰ ਸਾਹਿਤਕਾਰ ਸੰਤ ਸਿੰਘ ਸੇਖੋਂ ਆਸ ਨਿਰਾਸ ਪੁਸਤਕ ਬਾਰੇ ਕਹਿੰਦੇ ਹਨ, ''ਜਿਹੜੀ ਗੱਲ ਮੈਨੂੰ ਇਸ ਕਵਿਤਾ ਵਿਚ ਆਸ਼ਾਜਨਕ ਪ੍ਰਤੀਤ ਹੁੰਦੀ ਹੈ, ਉਹ ਇਸ ਦਾ ਤਕਨੀਕੀ ਪੱਖ ਹੈ। ਜਿਥੇ ਗੀਤਾਂ ਤੇ ਗ਼ਜ਼ਲਾਂ ਵਿਚ ਭਗਵੰਤ ਸਿੰਘ ਰੂੜੀਗਤ ਤਕਨੀਕ ਉਤੇ ਪੂਰਾ ਉਤਰ ਸਕਦਾ ਹੈ, ਉਥੇ ਖੁਲ੍ਹੀਆਂ ਕਵਿਤਾਵਾਂ ਵਿਚ ਉਸ ਦੇ ਤਾਲ, ਬਿੰਬ ਅਤੇ ਤੋਲ ਬੜੀ ਸੋਹਣੀ ਨਵੀਨਤਾ ਦੇ ਧਾਰਨੀ ਹਨ। ਉਨ੍ਹਾਂ ਵਿਚ ਬੌਧਿਕ ਅੰਸ਼ ਦਾ ਪ੍ਰਵੇਸ਼ ਹੈ, ਜੋ ਸਾਡੀ ਕਵਿਤਾ ਦੀ ਵੱਡੀ ਲੋੜ ਹੈ। ਗੀਤਾਂ ਦੀ ਵੈਣਿਕਤਾ ਵਿਸ਼ੇਸ਼ ਕਰ ਕੇ ਵਰਣਨਯੋਗ ਹੈ। ਚੰਗਾ ਹੁੰਦਾ ਜੇ ਇਨ੍ਹਾਂ ਵਿਚ ਨਿਰਾਸ਼ਾ ਦਾ ਅੰਸ਼ ਜ਼ਰਾ ਮੱਧਮ ਹੁੰਦਾ, ਅਤੇ ਆਸ਼ਾ ਵਧੇਰੇ ਹੁੰਦੀ। ਪਰ ਇਸ ਵੈਣਿਕਤਾ ਦੇ ਆਸ਼ਾਵਾਦ ਵਲ ਵਿਕਾਸ ਕਰਨ ਦੀ ਸੰਭਾਵਨਾ ਮੈਨੂੰ ਤਕੜੀ ਪ੍ਰਤੀਤ ਹੁੰਦੀ ਹੈ।''

ਅਤਰ ਸਿੰਘ ਅਨੁਸਾਰ ਭਗਵੰਤ ਸਿੰਘ ਪਿਆਰ ਨੂੰ ਇਕ ਆਤਮਕ ਭੁੱਖ ਸਵੀਕਾਰ ਨਹੀਂ ਕਰਦਾ। ਪਿਆਰ ਉਸ ਲਈ ਜੀਵਨ ਦੀ ਭਰਪੂਰਤਾ ਦੀ ਪਹਿਲੀ ਸ਼ਰਤ ਹੈ। 
ਭਗਵੰਤ ਸਿੰਘ ਦੀ ਕਵਿਤਾ ਦਾ ਪਾਠ ਮਨ ਤੇ ਇਕ ਬੋਝ ਜਿਹਾ ਬਣ ਕੇ ਰਹਿ ਜਾਂਦਾ ਹੈ ਅਤੇ ਫਿਰ ਚਿਰ ਤਕ ਨਾਲ ਰਹਿੰਦਾ ਹੈ। ਸ਼ਾਇਦ ਇਸ ਲਈ ਕਿ ਅਫ਼ਸਲਤਾ, ਅਤ੍ਰਿਪਤੀ, ਅਪੂਰਤੀ ਦਾ ਜੋ ਅਹਿਸਾਸ ਅਪਣੇ ਪਾਠਕ ਜਾਂ ਸਰੋਤੇ ਤਕ ਅਪੜਾਉਂਦਾ ਖ਼ਾਲਸ ਸ਼ਖ਼ਸੀ ਹੋ ਕੇ ਵੀ ਵਿਆਪਕ ਅਰਥਾਂ ਤੋਂ ਊਣਾ ਨਹੀਂ। ਭਗਵੰਤ ਸਿੰਘ ਦਾ ਦੁਖਾਂਤ ਇਹ ਨਹੀਂ ਕਿ ਉਹ ਹਾਰਿਆ ਹੈ। ਉਸ ਦਾ ਦੁਖਾਂਤ ਉਸ ਦੀ ਅਮਿਟ ਤ੍ਰਿਸ਼ਨਾ ਹੈ ਜਿਹੜੀ ਵਸਲ ਵਾਲੇ ਚਸ਼ਮਿਆਂ ਉਤੇ ਪੁਜ ਕੇ ਵੀ ਤਿਹਾਈ ਰਹਿੰਦੀ ਹੈ। 

ਭਗਵੰਤ ਸਿੰਘ ਦੀ ਕਵਿਤਾ ਦੀ ਇਕ ਹੋਰ ਵਡਿਆਈ ਵਿੰਗ ਵਲਿਅਸ ਤੋਂ ਬਿਨਾਂ ਥਾਂ ਤੇ ਚੋਟ ਕਰਨ ਦੀ ਸ਼ਕਤੀ ਹੈ। ਭਗਵੰਤ ਦੀ ਕਵਿਤਾ ਵਿਚ ਬਿੰਬ ਦੀ ਬਹੁਲਤਾ ਦੀ ਅਸਾਧਾਰਣਤਾ ਧੁਰੇ ਤੋਂ ਧਿਆਨ ਨੂੰ ਭਟਕਾਉਂਦੀ ਨਹੀਂ। ਉਸ ਨੂੰ ਨਿਰ-ਉਦੇਸ਼ ਗੱਲ ਕਹਿਣੀ ਆਉਂਦੀ ਹੈ। ਇਸ ਸ਼ਕਤੀ ਨੂੰ ਉਹ ਵਿਅੰਗ ਤੇ ਸਨਕ ਦਾ ਰੰਗ ਪੈਦਾ ਕਰਨ ਲਈ ਖ਼ੂਬ ਵਰਤਦਾ ਹੈ। 

''ਉਹ ਵੀ ਹਨ 
ਜਾਪਦੇ ਨੇ ਜੋ ਸਨੇਹੀ
ਤੇ ਸੰਜੋਗੀ ਮਿੱਥੇ ਹੋਏ ਪੂਰਵ ਜਨਮ ਦੇ ਸਾਥ ਪੱਕੇ
ਹੋਣ ਜਿਉਂ 
ਨਿਤ ਪ੍ਰਤਿ ਜੋ
ਇਕ ਬਨੌਟੀ
ਜਾਂ ਕਹਾਂ
ਵਿਸ਼ਵਾਸ ਘਾਤਕ ਮੁਸਕਣੀ
ਦੀ ਓਟ ਵਿਚ
ਰਖਦੇ ਛੁਪਾ 
ਢਕਿਆ ਤੇ ਸਿਮਟਿਆ 
ਉਨ੍ਹਾਂ ਦੇ ਦਿਲ ਚੋਰ ਅੰਦਰ 
ਵਿਹਲੀਆਂ ਊਜਾਂ ਤੇ ਦੂਸ਼ਨ
ਲਾਉਣ ਦਾ
ਜੋ ਸਦਾ ਨਚਦਾ ਹੈ
ਸ਼ੌਦਾਈ ਚਾਅ। 
(ਵਿਹਲ ਨਹੀਂ ਮੈਨੂੰ ਅਜੇ)

ਨਵੀਂ ਪੰਜਾਬੀ ਕਵਿਤਾ ਵਿਚ ਭਗਵੰਤ ਸਿੰਘ ਦੀ ਸੁਰ ਨਵੇਕਲੀ ਹੈ। ਇਹ ਸੁਰ ਬੇਪ੍ਰਤੀਤੀ ਦੀ ਹੈ, ਪ੍ਰੇਸ਼ਾਨੀ ਦੀ-ਪਸ਼ੇਮਾਨੀ ਦੀ। ਸਾਡੀ ਕਵਿਤਾ ਦੇ ਬੜੇ ਵੱਡੇ ਵੱਡੇ ਸਾਰਥੀ ਇਸ ਰਾਹ ਤੇ ਤੁਰੇ ਸਨ। ਇਸ ਪੱਖੋਂ ਭਗਵੰਤ ਉਨ੍ਹਾਂ ਨਾਲੋਂ ਕੁਝ ਵਧੇਰੇ ਭਾਗਵਾਨ ਵੀ ਹੈ ਕਿਉਂਕਿ ਅੱਜ ਦੇ ਨਵੀਂ ਕਾਵਿਕ ਚੇਤਨਾ ਲਈ ਹਮਦਰਦੀ ਰਖਦੇ ਯੁਗ ਵਿਚ ਉਸ ਦੀ ਇਹ ਆਵਾਜ਼ ਸੁਣੀ ਜ਼ਰੂਰੀ ਜਾਵੇਗੀ।