Literature: ਸਾਹਿਤ ਦੇ ਸਿਤਾਰੇ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸੁਰਜਨ ਸਿੰਘ ਜ਼ੀਰਵੀ

Literature in punjabi

ਸੁਰਜਨ ਸਿੰਘ ਜ਼ੀਰਵੀ ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਿਰਮੌਰ ਥੰਮ, ਠੋਸ ਇਰਾਦੇ ਵਾਲੇ ਤੇ ਹਸਮੁੱਖ ਸੁਭਾਅ ਦੇ ਮਾਲਕ ਸਨ, ਜੋ ਨੌਜਵਾਨ ਪੱਤਰਕਾਰਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਨੇ ਅਨੇਕਾਂ ਪੱਤਰਕਾਰਾਂ ਨੂੰ ਪੱਤਰਕਾਰੀ ਦੀ ਗੁੜ੍ਹਤੀ ਦੇ ਕੇ ਨਿਰਪੱਖਤਾ ਨਾਲ ਪੱਤਰਕਾਰੀ ਕਰਨ ਦੀ ਸਿਖਿਆ ਦਿਤੀ। ਅੱਜ ਉਨ੍ਹਾਂ ਦੇ ਬਣਾਏ ਦਰਜਨਾਂ ਤੋਂ ਵੱਧ ਪੱਤਰਕਾਰ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਨਾਮਣਾ ਖੱਟ ਰਹੇ ਹਨ। ਉਹ ਇਕ ਸੁਹਿਰਦ ਤੇ ਨੇਕ ਇਨਸਾਨ ਸਨ। ਨਵਾਂ ਜ਼ਮਾਨਾ ਅਖ਼ਬਾਰ ਦੇ ਅਮਲੇ ਤੋਂ ਕੰਮ ਕਰਵਾਉਣ ਸਮੇਂ ਉਨ੍ਹਾਂ ਕਦੇ ਵੀ ਸਖ਼ਤੀ ਨਹੀਂ ਵਰਤੀ ਸਗੋਂ ਹਰ ਕੰਮ ਚੁਟਕਲਿਆਂ, ਲਤੀਫ਼ਿਆਂ ਅਤੇ ਹਾਸੇ ਠੱਠਿਆਂ ਦੀਆਂ ਛਹਿਬਰਾਂ ਲਗਾਉਂਦਿਆਂ ਕਰਵਾ ਲੈਂਦੇ ਸਨ।


ਉਨ੍ਹਾਂ ਦਾ ਅਪਣੇ ਕਿੱਤੇ ਵਿਚ ਮੁਹਾਰਤ ਹਾਸਲ ਕਰਨ ਦਾ ਮੁੱਖ ਕਾਰਨ ਉਨ੍ਹਾਂ ਦਾ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦੀਆਂ ਪੁਸਤਕਾਂ ਪੜ੍ਹਦੇ ਰਹਿਣਾ ਸੀ ਜਿਸ ਕਰ ਕੇ ਉਨ੍ਹਾਂ ਦੀ ਸ਼ਬਦਾਵਲੀ ਦਾ ਭੰਡਾਰ ਵਿਸ਼ਾਲ ਹੁੰਦਾ ਰਿਹਾ। ਉਨ੍ਹਾਂ ਅਪਣਾ ਪੱਤਰਕਾਰੀ ਦਾ ਕੈਰੀਅਰ 1954-55 ਵਿਚ ਲੋਕ ਯੁਗ ਪੇਪਰ ਦੀ ਸੰਪਾਦਨਾ ਤੋਂ ਸ਼ੁਰੂ ਕੀਤਾ। ਦੋ ਸਾਲ ਉਹ ਇਹ ਪੇਪਰ ਪ੍ਰਕਾਸ਼ਤ ਕਰਦੇ ਰਹੇ ਪ੍ਰੰਤੂ ਆਰਥਕ ਮਜਬੂਰੀਆਂ ਕਰ ਕੇ ਦੋ ਸਾਲ ਬਾਅਦ ਉਨ੍ਹਾਂ ਇਹ ਪੇਪਰ ਬੰਦ ਕਰ ਦਿਤਾ। ਫਿਰ ਉਨ੍ਹਾਂ ਨਵਾਂ ਜ਼ਮਾਨਾ ਅਖ਼ਬਾਰ ਵਿਚ ਸਬ ਐਡੀਟਰ ਦੇ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿਤਾ। ਖ਼ਬਰਾਂ ਅਤੇ ਲੇਖਾਂ ਦੇ ਸਿਰਲੇਖ ਬਣਾਉਣ ਦੇ ਵੀ ਉਨ੍ਹਾਂ ਨੂੰ ਮਾਹਰ ਗਿਣਿਆ ਜਾਂਦਾ ਸੀ। ਭਾਵੇਂ ਉਹ ਅਪਣੀ ਪਾਰਟੀ ਅਤੇ ਅਖ਼ਬਾਰ ਦੀ ਨੀਤੀ ਪ੍ਰਤੀ ਵਚਨਬੱਧ ਸਨ ਪ੍ਰੰਤੂ ਉਹ ਸਮਾਜਕ ਸਰੋਕਾਰਾਂ ਨਾਲ ਸਬੰਧਤ ਖ਼ਬਰਾਂ ਅਤੇ ਲੇਖ ਲਗਾਉਣ ਨੂੰ ਤਰਜੀਹ ਦਿੰਦੇ ਸਨ। ਲੋਕ ਹਿਤਾਂ ’ਤੇ ਪਹਿਰਾ ਦੇਣ ਵਾਲੇ ਲੇਖ ਅਤ ਖ਼ਬਰਾਂ ਪ੍ਰਕਾਸ਼ਤ ਕਰਨ ਵਿਚ ਖ਼ੁਸ਼ੀ ਮਹਿਸੂਸ ਕਰਦੇ ਸਨ। ਉਨ੍ਹਾਂ ਦੀ ਅਨੁਵਾਦ ਕਰਨ ਦੀ ਕਲਾ ਵੀ ਕਮਾਲ ਦੀ ਸੀ। ਅੱਜਕਲ ਤਾਂ ਭਾਵੇਂ ਕੰਪਿਊਟਰ ਆ ਗਏ ਹਨ ਪ੍ਰੰਤੂ ਉਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦਕ ਕਰਦੇ ਸਨ। ਟੈਲੀਪਿ੍ਰੰਟਰ ਦਾ ਜ਼ਮਾਨਾ ਸੀ। ਪੰਜਾਬੀ ਭਾਵੇਂ ਉਨ੍ਹਾਂ 9ਵੀਂ ਕਲਾਸ ਤੋਂ ਹੀ ਪੜ੍ਹਨੀ ਸ਼ੁਰੂ ਕੀਤੀ ਸੀ ਪ੍ਰੰਤੂ ਉਨ੍ਹਾਂ ਦੇ ਸੰਪਾਦਕੀ ਅਤੇ ਲੇਖਾਂ ਦੀ ਸ਼ਬਦਾਵਲੀ ਪੰਜਾਬੀ ਦੇ ਪ੍ਰਬੁਧ ਲਿਖਾਰੀ ਹੋਣ ਦਾ ਪ੍ਰਮਾਣ ਦਿੰਦੀ ਸੀ। ਸੁਰਜਨ ਸਿੰਘ ਜ਼ੀਰਵੀ ਇਕ ਸੁਲਝੇ ਹੋਏ ਪੱਤਰਕਾਰ ਹੋਣ ਦੇ ਨਾਲ ਬੁੱਧੀਜੀਵੀ ਲੇਖਕ ਵੀ ਸਨ, ਜਿਨ੍ਹਾਂ ਦੀਆਂ ਦੋ ਪੁਸਤਕਾਂ ‘ਇਹ ਹੈ ਬਾਰਬੀ ਸੰਸਾਰ’ ਅਤੇ ‘ਆਉ ਸੱਚ ਜਾਣੀਏਂ’ ਹਨ। ‘ਇਹ ਹੈ ਬਾਰਬੀ ਸੰਸਾਰ’ ਪੁਸਤਕ ਪਾਠਕਾਂ ਵਿਚ ਬਹੁਤ ਹੀ ਹਰਮਨ ਪਿਆਰੀ ਹੈ। ਇਨ੍ਹਾਂ ਦੋਹਾਂ ਪੁਸਤਕਾਂ ਦੇ ਵਿਸ਼ੇ ਬੜੇ ਖ਼ਤਰਨਾਕ ਹਨ ਪ੍ਰੰਤੂ ਉਨ੍ਹਾਂ ਨੂੰ ਬਹੁਤ ਹੀ ਸਲੀਕੇ ਨਾਲ ਲਿਖਿਆ ਗਿਆ ਹੈ।


ਸੁਰਜਨ ਸਿੰਘ ਜ਼ੀਰਵੀ ਦੇ ਵਿਅੰਗਾਂ ਦੇ ਤੀਰ ਵੀ ਬੜੇ ਟਿਕਾਣੇ ’ਤੇ ਲਗਦੇ ਸਨ। ਉਹ ਨਿਡਰ ਹੋ ਕੇ ਲੇਖ ਲਿਖਦੇ ਸਨ ਭਾਵੇਂ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ। ‘ਇਹ ਹੈ ਬਾਰਬੀ ਸੰਸਾਰ’ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਸਿਲੇਬਸ ਵਿਚ ਲਗਾਈ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੇ ਲੇਖ ਤੇ ਸੰਪਾਦਕੀਆਂ ਲਿਖੀਆਂ ਪ੍ਰੰਤੂ ਕੁੱਝ ਉਨ੍ਹਾਂ ਦੇ ਲੇਖ ਚਰਚਾ ਦਾ ਵਿਸ਼ਾ ਬਣ ਰਹੇ, ਜਿਨ੍ਹਾਂ ਵਿਚ ਕਾਰਲ ਮਾਰਕਸ: ਇਕ ਅਦਭੁਤ ਗਾਥਾ, ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ, ਖ਼ੂਬਸੂਰਤੀ ਦੇ ਮੁਖੌਟੇ ਪਿੱਛੇ ਲੁਕੀ ਦਰਿੰਦਗੀ, ਦੋ ਗੱਲਾਂ ‘ਮੇਰੀ ਪੱਤਰਕਾਰੀ ਦੇ ਰੰਗ’ ਅਤੇ ਸਾਡਾ ਦੇਸ਼ ਬੀਮਾਰ ਹੈ ਆਦਿ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ। ਉਨ੍ਹਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਵਰਕਰ ਹੋਣ ਦੇ ਨਾਤੇ ਰੂਸ ਦੀ ਦੋ ਵਾਰ ਯਾਤਰਾ ਵੀ ਕੀਤੀ। ਪੰਜਾਬੀ ਸੂਬੇ ਦੇ ਮੋਰਚੇ ਵਿਚ ਵੀ ਉਹ ਕਾਫ਼ੀ ਸਰਗਰਮ ਰਹੇ ਜਿਸ ਕਰ ਕੇ ਉਨ੍ਹਾਂ ਨੂੰ ਜੇਲ ਦੀ ਯਾਤਰਾ ਵੀ ਕਰਨੀ ਪਈ।


ਉਨ੍ਹਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਨਿਵਾਜਿਆ ਸੀ। ਇਕਬਾਲ ਮਾਹਲ ਅਤੇ ਜੋਗਿੰਦਰ ਕਲਸੀ ਨੇ ਸੁਰਜਨ ਸਿੰਘ ਜ਼ੀਰਵੀ ਦੇ ਪੱਤਰਕਾਰੀ ਵਿਚ ਪਾਏ ਯੋਗਦਾਨ ਲਈ ‘ਵਿਯਨਜ਼ ਆਫ਼ ਪੰਜਾਬ’ ਨਾਮ ਦੀ ਦਸਤਾਵੇਜ਼ੀ ਫ਼ਿਲਮ ਬਣਾਈ ਹੈ। ਉਨ੍ਹਾਂ ਨੂੰ ਵਿਰਾਸਤ ਪੀਸ ਸੰਸਥਾ ਵਲੋਂ ‘ ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਦੇ ਕੇ ਸਨਮਾਨਤ ਵੀ ਕੀਤਾ ਸੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਕਾਮਰੇਡ ਜਗਜੀਤ ਸਿੰਘ ਆਨੰਦ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਸੀ।


ਸੁਰਜਨ ਸਿੰਘ ਜ਼ੀਰਵੀ ਦਾ ਜਨਮ ਪਿਤਾ ਬਲਵੰਤ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ 1 ਦਸੰਬਰ 1929 ਨੂੰ ਹੋਇਆ ਸੀ। ਉਹ ਦੋ ਭਰਾ ਅਤੇ ਚਾਰ ਭੈਣਾਂ ਸਨ। ਉਨ੍ਹਾਂ ਦਾ ਸਾਰਾ ਪ੍ਰਵਾਰ ਹੀ ਸਾਹਿਤਕ ਰੁਚੀਆਂ ਵਾਲਾ ਅਤੇ ਕਲਾ ਪ੍ਰੇਮੀ ਸੀ। ਉਨ੍ਹਾਂ ਦਾ ਭਰਾ ਜਗਜੀਤ ਸਿੰਘ ਜ਼ੀਰਵੀ ਪੰਜਾਬੀ ਕਵੀ ਤੇ ਸੁਰੀਲਾ ਗਾਇਕ ਸੀ। ਉਨ੍ਹਾਂ ਦੇ ਬਹਿਨੋਈ ਡਾ.ਜਸਵੰਤ ਸਿੰਘ ਨੇਕੀ ਪੀ.ਜੀ.ਆਈ.ਚੰਡੀਗੜ੍ਹ ਦੇ ਡਾਇਰੈਕਟਰ ਅਤੇ ਪੰਜਾਬੀ ਦੇ ਚੋਟੀ ਦੇ ਕਵੀ ਸਨ। ਸੁਰਜਨ ਸਿੰਘ ਜ਼ੀਰਵੀ ਨੇ ਦਸਵੀਂ ਤਕ ਦੀ ਪੜ੍ਹਾਈ ਸਰਕਾਰੀ ਸਕੂਲ ਜ਼ੀਰਾ ਵਿਚ ਕੀਤੀ ਸੀ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਥੋੜ੍ਹਾ ਸਮਾਂ ਪੰਜਾਬ ਸਰਕਾਰ ਦੇ ਸਿਵਲ ਸਪਲਾਈ ਵਿਭਾਗ ਵਿਚ ਨੌਕਰੀ ਵੀ ਕੀਤੀ। ਉਨ੍ਹਾਂ ਦੀ ਸੋਚ ਨੂੰ ਸਰਕਾਰੀ ਨੌਕਰੀ ਰਾਸ ਨਹੀਂ ਆਈ। ਉਸ ਤੋਂ ਬਾਅਦ ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਗਏ। ਪਾਰਟੀ ਲਈ ਉਨ੍ਹਾਂ ਦਿ੍ਰੜ੍ਹਤਾ ਅਤੇ ਵਚਨਬੱਧਤਾ ਨਾਲ ਕੰਮ ਕੀਤਾ। 22 ਮਾਰਚ 1960 ਨੂੰ ਉਨ੍ਹਾਂ ਦਾ ਵਿਆਹ ਅੰਮ੍ਰਿਤ ਕੌਰ ਨਾਲ ਹੋਇਆ। ਅੰਮ੍ਰਿਤ ਕੌਰ ਬੀ.ਏ.ਬੀ.ਐਡ ਅਧਿਆਪਕ ਸੀ। ਅਧਿਆਪਨ ਤੋਂ ਬਾਅਦ ਉਨ੍ਹਾਂ ਨੇ ਵੀ ਸੁਰਜਨ ਸਿੰਘ ਜ਼ੀਰਵੀ ਦੇ ਨਾਲ ਹੀ ਨਵਾਂ ਜ਼ਮਾਨਾ ਅਖ਼ਬਾਰ ਵਿਚ ਬਤੌਰ ਸਬ ਐਡੀਟਰ ਕੰਮ ਕੀਤਾ। ਕੈਨੇਡਾ ਪਰਵਾਸ ਕਰਨ ਤੋਂ ਬਾਅਦ ਅੰਮ੍ਰਿਤ ਕੌਰ ਉਥੇ ਸੈਟਲਮੈਂਟ ਕਾਊਂਸਲਰ ਵਜੋਂ ਵੀ ਸਰਗਰਮ ਰਹੇ। ਉਨ੍ਹਾਂ ਦੇ ਇਕ ਲੜਕੀ ਸੀਰਤ ਕੌਰ ਹੈ। ਇਸ ਸਮੇਂ ਸੁਰਜਨ ਸਿੰਘ ਜ਼ੀਰਵੀ ਟਰਾਂਟੋ ਵਿਖੇ ਅਪਣੀ ਪਤਨੀ ਅੰਮ੍ਰਿਤ ਕੌਰ, ਲੜਕੀ ਸੀਰਤ ਕੌਰ ਅਤੇ ਜਵਾਈ ਨਵਤੇਜ ਸਿੰਘ ਨਾਲ ਰਹਿ ਰਹੇ ਸਨ। ਦੇਸ਼ ਦੀ ਵਿਗੜਦੀ ਹਾਲਤ ਬਾਰੇ ਉਹ ਕਾਫ਼ੀ ਚਿੰਤਾਤੁਰ ਸਨ। ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਉਨ੍ਹਾਂ ਦੀ ਫਿਰਾਕਦਿਲੀ ਅਤੇ ਹਾਸੇ ਮਾਖੌਲ ਦੀ ਪ੍ਰਵਿਰਤੀ ਬੀਮਾਰੀ ਦੌਰਾਨ ਵੀ ਬਰਕਰਾਰ ਰਹੀ। ਸ਼ਾਇਰੀ ਦੇ ਸ਼ੌਕੀਨ ਸਨ, ਹਮੇਸ਼ਾ ਸ਼ੇਅਰ ਸੁਣਾਉਂਦੇ ਰਹਿੰਦੇ ਸਨ। ਸੁਰਜਨ ਸਿੰਘ ਜ਼ੀਰਵੀ 1990 ਵਿਚ ਪ੍ਰਵਾਰ ਸਮੇਤ ਕੈਨੇਡਾ ਪ੍ਰਵਾਸ ਕਰ ਗਏ ਸਨ। 33 ਸਾਲ ਕੈਨੇਡਾ ਵਿਚ ਪ੍ਰਵਾਸ ਕਰਨ ਤੋਂ ਬਾਅਦ ਉਹ 24 ਅਕਤੂਬਰ 2023 ਨੂੰ ਟਰਾਂਟੋ ਵਿਖੇ ਸਵਰਗ ਸਿਧਾਰ ਗਏ।
-ਉਜਾਗਰ ਸਿੰਘ, 94178 13072