ਲੰਦਨ ਦੇ ਹਾਊਸ ਆਫ ਲੋਰਡਜ਼ ’ਚ ਹੋਇਆ ‘ਵਿਗਿਆਨ ਕੀ ਹੈ?’ ਦਾ ਕਿਤਾਬ ਵਿਮੋਚਨ
ਡਾ. ਬਲਦੇਵ ਸਿੰਘ ਕੰਦੋਲਾ ਵੱਲੋਂ ਲਿਖੀ ਗਈ ਹੈ ਕਿਤਾਬ
ਲੰਦਨ : ਪੰਜਾਬੀ ਵਿਗਿਆਨ ਸਾਹਿਤ ਪ੍ਰੇਮੀਆਂ ਲਈ ਇਹ ਬਹੁਤ ਹੀ ਖੁਸ਼ੀ ਅਤੇ ਮਾਣਮੱਤੀ ਗੱਲ ਹੈ ਕਿ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਡਾ. ਬਲਦੇਵ ਸਿੰਘ ਕੰਦੋਲਾ ਦੀ ਕਿਤਾਬ ‘ਵਿਗਿਆਨ ਕੀ ਹੈ?’ ਦਾ ਲੋਕ ਅਰਪਨ ਸੋਮਵਾਰ, 20 ਅਕਤੂਬਰ ਨੂੰ ‘ਹਾਊਸ ਆਫ ਲੋਰਡਜ਼’ ਵਿੱਚ ਹੋਣ ਜਾ ਰਿਹਾ ਹੈ। ਕਿਤਾਬ ਬਾਰੇ ਗੱਲ ਕਰਦਿਆਂ ਪੰਜਾਬੀ ਵਿਕਾਸ ਮੰਚ ਯੂਕੇ ਦੇ ਚੇਅਰਮੈਨ ਕੌਂ: ਸਰਦੂਲ ਸਿੰਘ ਮਾਰਵਾ MBE ਨੇ ਕਿਹਾ ਕਿ ਪੰਜਾਬੀਆਂ ਵਿੱਚ ਇਹ ਧਾਰਨਾ ਆਮ ਹੈ ਕਿ ਵਿਗਿਆਨ ਦੀ ਭਾਸ਼ਾ ਸਿਰਫ ਤਾਂ ਸਿਰਫ ਅੰਗਰੇਜੀ ਹੀ ਹੈ। ਪਰ ਉਹ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਵਿਗਿਆਨਿਕ ਵਿਸ਼ਿਆਂ ਲਈ ਪੰਜਾਬੀ ਭਾਸ਼ਾ ਵੀ ਹੋਰ ਭਾਸ਼ਾਵਾਂ ਜਿੰਨੀ ਹੀ ਸਮਰੱਥ ਭਾਸ਼ਾ ਹੈ। ਇਹੋ ਸੱਚਾਈ ਡਾ. ਕੰਦੋਲਾ ਨੇ ਇਸ ਕਿਤਾਬ ਵਿੱਚ ਸਿੱਧ ਕਰ ਕੇ ਦਿਖਾਈ ਹੈ।
ਮੰਚ ਦੇ ਮੁੱਖ ਸਕੱਤਰ ਕੌਂ: ਸ਼ਿੰਦਰਪਾਲ ਸਿੰਘ ਮਾਹਲ ਨੇ ਦੱਸਿਆ ਕਿ ਡਾ. ਬਲਦੇਵ ਸਿੰਘ ਕੰਦੋਲਾ, ਜੋ ਐਡਨਬਰਾ ਯੂਨੀਵਰਸਿਟੀ ਤੋਂ ਹਵਾਬਾਜ਼ੀ ਇੰਜਨੀਅਰਿੰਗ ਵਿੱਚ ਪੀ.ਐਚ.ਡੀ ਹਨ, ਦੀ ਲਗਨ ਭਰਪੂਰ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਸੰਸਾਰ ਦੀ ਹਰ ਭਾਸ਼ਾ ਜਿੰਨੀ ਹੀ ਸਮਰੱਥਾ ਭਾਸ਼ਾ ਹੈ, ਜਿਸ ਵਿੱਚ ਵਿਗਿਆਨ ਦੇ ਹਰ ਵਿਸ਼ੇ ਵਾਸਤੇ ਸਾਰੀ ਸ਼ਬਦਾਵਲੀ ਮੌਜੂਦ ਹੈ। ਸਿਰਫ ਖੋਜ ਅਤੇ ਜਤਨ ਕਰਨ ਦੀ ਲੋੜ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਰਤਾਨੀਆ ਤੇ ਯੂਰਪ ਤੋਂ ਇਲਾਵਾ ਭਾਰਤ, ਕੈਨੇਡਾ ਦੇ ਵਿਦਵਾਨ ਪੰਜਾਬੀਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਲਾਰਡ ਕੁਲਦੀਪ ਸਿੰਘ ਸਹੋਤਾ, ਜੋ ਕਿ ਖੁਦ ਪੰਜਾਬੀ ਭਾਸ਼ਾ ਦੇ ਸਮਰਥਕ ਹਨ, ਦੇ ਸੱਦੇ ਉੱਤੇ ਇਸ ਸਮਾਗਮ ਵਿੱਚ ਬਰਤਾਨੀਆ ਦੇ ਸਾਰੇ ਪੰਜਾਬੀ ਸੰਸਦ ਮੈਂਬਰਾਂ ਨੂੰ ਵੀ ਉਚੇਚੇ ਤੌਰ ’ਤੇ ਸੱਦੇ-ਪੱਤਰ ਭੇਜੇ ਗਏ ਹਨ।