ਬੀਬੀ ਸੁਭਾਗੀ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਕੋਈ ਸੌਖਾ ਸਮਾਂ ਨਹੀਂ ਸੀ ਉਨ੍ਹਾਂ ਲਈ। ਪਤੀ ਸ਼ਹੀਦ ਕਰ ਦਿਤੇ ਗਏ ਸਨ। ਘਰ ਬਾਰ ਲੁੱਟ ਲਿਆ ਗਿਆ ਸੀ.......

Singhnian Da Sidak

 (ਅੱਗੇ) ਕੋਈ ਸੌਖਾ ਸਮਾਂ ਨਹੀਂ ਸੀ ਉਨ੍ਹਾਂ ਲਈ। ਪਤੀ ਸ਼ਹੀਦ ਕਰ ਦਿਤੇ ਗਏ ਸਨ। ਘਰ ਬਾਰ ਲੁੱਟ ਲਿਆ ਗਿਆ ਸੀ। ਭੁੱਖੀਆਂ ਭਾਣੀਆਂ ਜੇਲਾਂ ਵਿਚ ਡੱਕੀਆਂ। ਕੁਰਲਾਉਂਦੇ ਦੁੱਧ ਪੀਂਦੇ ਬੱਚਿਆਂ ਨਾਲ ਹਨੇਰੇ ਵਿਚ ਮੁਗ਼ਲਾਂ ਦੀ ਜੇਲ ਵਿਚ ਕੈਦ। ਉੱਤੋਂ ਰੋਜ਼ ਤਾਅਨੇ ਮਿਹਣੇ। ਧੰਨ ਉਨ੍ਹਾਂ ਸਿੱਖ ਔਰਤਾਂ ਦੇ ਜਿਗਰੇ। ਇਕ ਵਾਰ ਵੀ ਕਿਸੇ ਦਾ ਮਨ ਨਾ ਡੋਲਿਆ। ਸਿਰਫ਼ 'ਧੰਨ ਵਾਹਿਗੁਰੂ, ਤੇਰਾ ਹੀ ਆਸਰਾ' ਉਚਾਰਦੀਆਂ ਰਹੀਆਂ। ਮੀਰ ਮੰਨੂ ਇਹ ਸੱਭ ਕੁੱਝ ਸੁਣ ਕੇ ਭੜਕ ਗਿਆ। ਕਿੰਨਾ ਕੁ ਜਿਗਰਾ ਹੋ ਸਕਦਾ ਹੈ ਔਰਤ ਵਿਚ? ਉਸ ਨੂੰ ਪੱਕਾ ਯਕੀਨ ਸੀ ਕਿ ਇਨ੍ਹਾਂ ਵਿਚੋਂ ਸਿਰਫ਼ ਇਕ ਵੀ ਡੋਲ ਗਈ ਤਾਂ ਸੱਭ ਯਰਕ ਜਾਣਗੀਆਂ ਅਤੇ ਸਿੱਖ ਧਰਮ ਖਿੰਡ ਪੁੰਡ ਜਾਏਗਾ।

ਮੀਰ ਮੰਨੂ ਜਾਣਦਾ ਸੀ ਕਿ ਸਿਰਫ਼ ਔਰਤਾਂ ਹੀ ਕਿਸੇ ਧਰਮ ਨੂੰ ਅੱਗੇ ਪੂਰਨ ਰੂਪ ਵਿਚ ਤੋਰ ਸਕਣ ਦੇ ਸਮਰੱਥ ਹੁੰਦੀਆਂ ਹਨ ਕਿਉਂਕਿ ਉਹ ਅਪਣੇ ਬੱਚੇ ਨੂੰ ਸਖ਼ਤ ਜਾਨ ਬਣਾਉਣ ਦੀ ਤਾਕਤ ਰਖਦੀਆਂ ਹਨ। ਮੀਰ ਮੰਨੂ ਨੇ ਭੁੱਖੀਆਂ ਭਾਣੀਆਂ ਮਾਵਾਂ, ਕੁੱਛੜ ਵਿਲਕਦੀਆਂ ਨਿੱਕੀਆਂ ਜਾਨਾਂ ਨੂੰ ਲਈ ਬੈਠੀਆਂ ਅੱਗੇ ਭਾਰੀ ਪੱਥਰ ਦੀਆਂ ਚੱਕੀਆਂ ਰਖਵਾ ਦਿਤੀਆਂ ਅਤੇ ਨਾਲ ਸਵਾ ਮਣ ਸਖ਼ਤ ਅਨਾਜ ਧਰ ਦਿਤਾ ਕਿ ਇਹ ਰੋਜ਼ ਹਰ ਕਿਸੇ ਨੂੰ ਪੀਸਣਾ ਪਵੇਗਾ। ਬੀਬੀ ਸੁਭਾਗੀ ਨੇ ਅਪਣੀਆਂ ਸਾਰੀਆਂ ਸਾਥਣਾਂ ਨਾਲ ਬਿਨਾਂ ਮੱਥੇ ਉੱਤੇ ਰਤਾ ਵੀ ਸ਼ਿਕਨ ਵਿਖਾਇਆਂ 'ਤੇਰਾ ਕੀਆ ਮੀਠਾ ਲਾਗੈ' ਸ਼ਬਦ ਉਚਾਰਦਿਆਂ ਚੱਕੀ ਚਲਾਉਣੀ ਸ਼ੁਰੂ ਕਰ ਦਿਤੀ।

ਜਿਉਂ ਜਿਉਂ ਮੋਟਾ ਅਨਾਜ ਹੋਰ ਵਧਾਇਆ ਜਾਂਦਾ, ਓਨੀ ਹੀ ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਜਾਂਦੀ। 'ਵਾਹਿਗੁਰੂ', 'ਵਾਹਿਗੁਰੂ', 'ਧੰਨ ਸਤਿਗੁਰ ਤੇਰਾ ਹੀ ਆਸਰਾ' ਨਾਲ ਜੇਲਾਂ ਦੀਆਂ ਕੰਧਾਂ ਗੂੰਜਣ ਲੱਗ ਪਈਆਂ। ਮੁਗ਼ਲ ਪਹਿਰੇਦਾਰਾਂ ਦੇ ਸਿਰ ਪੀੜ ਨਾਲ ਫਟਣ ਲੱਗ ਪਏ। ਸ਼ਿਕਾਇਤ ਫਿਰ ਮੀਰ ਮੰਨੂ ਕੋਲ ਪਹੁੰਚੀ। ਦਸਿਆ ਗਿਆ ਕਿ ਸਿੰਘਣੀਆਂ ਤਾਂ ਕਿਸੇ ਹੋਰ ਮਿੱਟੀ ਦੀਆਂ ਬਣੀਆਂ ਹਨ। ਇਹ ਡੋਲ ਨਹੀਂ ਰਹੀਆਂ। ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਅਨੰਦਿਤ ਹੋ ਜਾਂਦੀਆਂ ਹਨ। ਮੀਰ ਮੰਨੂ ਦੇ ਸੱਤੀਂ ਕਪੜੀਂ ਅੱਗ ਲੱਗ ਗਈ। ਕੀ ਉਹ ਏਨਾ ਗਿਆ ਗੁਜ਼ਰਿਆ ਹੈ ਕਿ ਇਕ ਸਿੱਖ ਔਰਤ ਨੂੰ ਅਪਣਾ ਧਰਮ ਛੱਡਣ ਲਈ ਤਿਆਰ ਨਾ ਕਰ ਸਕੇ?

ਉਸ ਨੇ ਜ਼ੁਲਮ ਦਾ ਅਤਿ ਕਰਨ ਦੀ ਸੋਚੀ। ਮਨ ਵਿਚ ਡਰ ਸੀ ਕਿ ਇਹ ਔਰਤਾਂ ਅੱਗੋਂ ਅਪਣੇ ਬੱਚਿਆਂ ਨੂੰ ਬਹੁਤ ਪੱਕਾ ਸਿੱਖ ਬਣਾ ਦੇਣਗੀਆਂ। ਇਸੇ ਲਈ ਉਸ ਨੇ ਅਨਾਜ ਦੀ ਮਾਤਰਾ ਵਧਾ ਦਿਤੀ ਅਤੇ ਸਾਰੇ ਦਿਨ ਵਿਚ ਸਿਰਫ਼ ਇਕ ਨਿੱਕੀ ਕੌਲੀ ਪਾਣੀ ਤੇ ਚੱਪਾ ਰੋਟੀ ਹੀ ਦੇਣੀ ਸ਼ੁਰੂ ਕਰ ਦਿਤੀ। ਜਿਹੜੀਆਂ ਔਰਤਾਂ ਥੱਕ ਕੇ ਬੇਹਾਲ ਹੋ ਜਾਂਦੀਆਂ, ਉਨ੍ਹਾਂ ਦੀ ਛਾਤੀ ਉੱਤੇ ਚੱਕੀ ਦਾ ਭਾਰਾ ਪਟ ਰੱਖ ਦਿਤਾ ਜਾਂਦਾ। ਬਥੇਰੀਆਂ ਇਸੇ ਤਰ੍ਹਾਂ ਭੁੱਖੀਆਂ ਭਾਣੀਆਂ ਸ਼ਹੀਦ ਹੋ ਗਈਆਂ। (ਚੱਲਦਾ)

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783​