ਬੀਬੀ ਸੁਭਾਗੀ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਢੇ ਤਿੰਨ ਸੌ ਸਿੱਖ ਔਰਤਾਂ ਜੋ ਏਨਾ ਜ਼ੁਲਮ ਸਹਿਣ ਬਾਅਦ ਵੀ ਜ਼ਿੰਦਾ ਰਹਿ ਗਈਆਂ........

Singhnian Da Sidak

(ਅੱਗੇ)

ਸਾਢੇ ਤਿੰਨ ਸੌ ਸਿੱਖ ਔਰਤਾਂ ਜੋ ਏਨਾ ਜ਼ੁਲਮ ਸਹਿਣ ਬਾਅਦ ਵੀ ਜ਼ਿੰਦਾ ਰਹਿ ਗਈਆਂ, ਉਨ੍ਹਾਂ ਦੇ ਮਨ ਅੰਦਰਲੀ ਤਾਕਤ ਤੇ ਵਾਹਿਗੁਰੂ ਵਿਚ ਅਥਾਹ ਵਿਸ਼ਵਾਸ਼ ਨੇ ਮੀਰ ਮੰਨੂ ਦੀਆਂ ਰਾਤਾਂ ਦੀ ਨੀਂਦਰ ਹਰਾਮ ਕਰ ਦਿਤੀ। ਇਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ। ਅਗਲੇ ਦਿਨ ਉਸ ਨੇ ਹੈਵਾਨੀਅਤ ਦਾ ਨੰਗਾ ਨਾਚ ਕਰਨ ਬਾਰੇ ਫ਼ੈਸਲਾ ਲੈ ਲਿਆ। ਸਵੇਰ ਵੇਲੇ ਜੇਲ੍ਹ ਦੇ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਸਾਹਮਣੇ ਬੈਠੀ ਵਾਹਿਗੁਰੂ ਸਤਿਨਾਮ ਜਪਦੀ, ਛਾਤੀ ਦਾ ਦੁੱਧ ਚੁੰਘਾਉਂਦੀ ਬੀਬੀ ਸੁਭਾਗੀ ਕੋਲੋਂ ਉਸ ਦਾ ਡੇਢ ਵਰ੍ਹਿਆਂ ਦਾ ਬਾਲ ਖੋਹ ਲਿਆ।

ਉਸ ਕੋਲੋਂ ਪੁਛਿਆ ਗਿਆ, ''ਆਖ਼ਰੀ ਵਾਰ ਪੁੱਛ ਰਹੇ ਹਾਂ, ਇਸਲਾਮ ਕਬੂਲ ਕਰ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਲੈ ਨਹੀਂ ਤਾਂ ਤੇਰਾ ਬੱਚਾ ਨੇਜ਼ਿਆਂ ਨਾਲ ਫੁੰਡ ਦਿਤਾ ਜਾਵੇਗਾ!'' ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ''ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ। ਅਪਣੇ ਗੁਰੂ ਤੋਂ ਹਜ਼ਾਰ ਪੁੱਤਰ ਵਾਰਨ ਨੂੰ ਤਿਆਰ ਹਾਂ। ਪਰ, ਕਿਸੇ ਵੀ ਹਾਲ ਵਿਚ ਸਿੱਖੀ ਤਿਆਗਣ ਨੂੰ ਤਿਆਰ ਨਹੀਂ।'' ਏਨਾ ਸੁਣਦੇ ਸਾਰ ਇਕ ਮੁਗ਼ਲ ਸੈਨਿਕ ਨੇ ਨੇਜ਼ਾ ਸਿੱਧਾ ਕੀਤਾ ਅਤੇ ਦੂਜੇ ਨੇ ਸੁਭਾਗੀ ਦਾ ਕੋਮਲ ਮਲੂਕ ਫੁੱਲ ਜਿਹਾ ਬਾਲ ਉਤਾਂਹ ਉਛਾਲ ਦਿਤਾ। ਬੀਬੀ ਸੁਭਾਗੀ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿਤਾ।

ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਬੱਚੇ ਨੂੰ ਨੇਜ਼ੇ ਨਾਲ ਵਿੰਨ੍ਹ ਦਿਤਾ ਗਿਆ ਅਤੇ ਫਿਰ ਹੇਠਾਂ ਜ਼ਮੀਨ ਉੱਤੇ ਸੁੱਟ ਕੇ ਤਲਵਾਰ ਨਾਲ ਟੋਟੇ-ਟੋਟੇ ਕਰ ਦਿਤਾ ਗਿਆ। ਲਹੂ ਦੀਆਂ ਤਤੀਰੀਆਂ ਵਹਿ ਤੁਰੀਆਂ। ਕਿਸੇ ਵੀ ਮਾਂ ਦਾ ਦਿਲ ਅਪਣੇ ਜਿਗਰ ਦੇ ਟੁਕੜੇ ਨਾਲ ਅਜਿਹਾ ਹੁੰਦਾ ਵੇਖ ਕੇ ਪਿਘਲ ਜਾਏ। ਧੰਨ ਸੁਭਾਗੀ ਵਰਗੀਆਂ ਸੈਂਕੜੇ ਬੀਬੀਆਂ ਦਾ, ਜਿਨ੍ਹਾਂ ਨੇ ਸਹੀ ਅਰਥਾਂ ਵਿਚ ਗੁਰੂ ਸਾਹਿਬ ਦੀ ਸਿਖਿਆ ਨੂੰ ਚੰਮ ਨਾਲ ਹੰਢਾਇਆ। ਬੀਬੀ ਸੁਭਾਗੀ ਨੇ 'ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ' ਉਚਾਰਨ ਸ਼ੁਰੂ ਕਰ ਦਿਤਾ

ਜਿਸ ਉੱਤੇ ਮੀਰ ਮੰਨੂ ਹੋਰ ਭੜਕ ਗਿਆ ਅਤੇ ਉਸ ਨੇ ਸੈਨਿਕਾਂ ਨੂੰ ਹੁਕਮ ਦਿਤਾ ਕਿ ਬੱਚੇ ਦੇ ਮਾਸ ਨੂੰ ਸੁਭਾਗੀ ਦੇ ਮੂੰਹ ਵਿਚ ਤੁੰਨਿਆ ਜਾਵੇ ਅਤੇ ਬਾਕੀ ਟੋਟਿਆਂ ਨੂੰ ਬੰਨ੍ਹ ਕੇ ਬੀਬੀ ਸੁਭਾਗੀ ਦੇ ਗਲ ਵਿਚ ਪਾ ਦਿਤਾ ਜਾਵੇ। ਧੰਨ ਗੁਰੂ ਨਾਨਕ ਵਲੋਂ ਅਣਖ ਨਾਲ ਭਰਪੂਰ ਤੇ ਬੇਖ਼ੌਫ਼ ਕੌਮ ਦਾ ਨੀਂਹ ਪੱਥਰ ਰੱਖੇ ਜਾਣ ਅਤੇ ਬੇਮਿਸਾਲ ਕੁਰਬਾਨੀਆਂ ਨਾਲ ਸਿੰਜੇ ਜਾਣ ਨਾਲ ਤਿਆਰ ਹੋਈ ਦਲੇਰਾਨਾ ਕੌਮ ਦੀਆਂ ਬੀਬੀਆਂ, ਜਿਨ੍ਹਾਂ ਨੇ ਉਸ ਦਿਨ ਇਤਿਹਾਸਿਕ ਮਿਸਾਲ ਕਾਇਮ ਕੀਤੀ, ਜਿਸ ਦਾ ਅੱਜ ਤਕ ਕੋਈ ਹੋਰ ਸਾਨੀ ਨਹੀਂ।  (ਚੱਲਦਾ)

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783​