ਬੀਬੀ ਸੁਭਾਗੀ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ!.....

Singhnian Da Sidak

(ਅੱਗੇ)

ਇਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ! ਦੁਨੀਆਂ ਵਾਸਤੇ ਇਕ ਅਜਿਹੀ ਦਿਲ ਟੁੰਬਵੀਂ ਘਟਨਾ ਜਿੱਥੇ ਬੀਬੀ ਸੁਭਾਗੀ ਦੇ ਨਾਲ ਦੀਆਂ ਸਾਰੀਆਂ ਸਿੱਖ ਔਰਤਾਂ ਨੇ ਇਸਲਾਮ ਕਬੂਲ ਕਰਨ ਦੀ ਥਾਂ ਆਪੋ-ਅਪਣੇ ਬੱਚੇ ਨੇਜ਼ਿਆਂ ਨਾਲ ਫੁੰਡਵਾ ਕੇ ਟੋਟੇ-ਟੋਟੇ ਕਰਵਾ ਕੇ, ਗਲੇ ਦੁਆਲੇ ਬੰਨ੍ਹਵਾ ਲਏ। ਉਸ ਬੇਰਹਿਮ ਮੰਨੂ ਵਲੋਂ ਇੱਕੋ ਦਿਨ 300 ਮਾਸੂਮ ਸਿੱਖ ਬੱਚਿਆਂ ਦੇ ਟੋਟੇ ਕੀਤੇ ਗਏ ਪਰ ਕੀ ਮਜਾਲ ਕਿ ਇਕ ਵੀ ਸਿੱਖ ਬੀਬੀ ਨੇ ਗੁਰੂ ਦਾ ਲੜ ਛਡਿਆ ਹੋਵੇ ਜਾਂ ਹੰਝੂ ਵਹਾਇਆ ਹੋਵੇ! ਇਨ੍ਹਾਂ ਵਿਚੋਂ ਇਕ ਬੀਬੀ ਲੱਛੀ ਅਤਿ ਦੀ ਖ਼ੂਬਸੂਰਤ ਸੀ।

ਕਾਜ਼ੀ ਦਾ ਉਸ ਉੱਤੇ ਦਿਲ ਆ ਗਿਆ ਤੇ ਉਹ ਰੋਜ਼ ਉਸ ਨੂੰ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣ ਲੱਗ ਪਿਆ। ਉਸ ਦਾ ਪੌਣੇ ਦੋ ਸਾਲ ਦਾ ਬੱਚਾ ਸੀ। ਬੀਬੀ ਲੱਛੀ ਨੇ ਕਿਸੇ ਵੀ ਹਾਲ ਵਿਚ ਅਪਣਾ ਧਰਮ ਛੱਡਣ ਤੋਂ ਨਾਂਹ ਕਰ ਦਿਤੀ। ਅਖ਼ੀਰ ਇਕ ਦਿਨ ਕਾਜ਼ੀ ਹੁਕਮ ਦੇ ਗਿਆ ਕਿ ਅਗਲੇ ਦਿਨ ਸਵੇਰ ਤਕ ਲੱਛੀ ਦੇ ਬੱਚੇ ਉੱਤੇ ਰੱਜ ਕੇ ਤਸ਼ੱਦਦ ਕਰੋ ਜਦ ਤਕ ਲੱਛੀ ਦਾ ਅਪਣੇ ਧਰਮ ਉੱਤੇ ਵਿਸ਼ਵਾਸ਼ ਡੋਲ ਨਾ ਜਾਏ। ਉਸ ਰਾਤ ਬੀਬੀ ਲੱਛੀ ਨੂੰ ਬੰਨ੍ਹ ਦਿਤਾ ਗਿਆ ਅਤੇ ਉਸ ਦੇ ਬੱਚੇ ਨੂੰ ਪੁੱਠਾ ਟੰਗ ਦਿਤਾ ਗਿਆ। ਫਿਰ ਚੀਕਦੇ ਕੁਰਲਾਉਂਦੇ ਬੱਚੇ ਦੀ ਗਰਦਨ ਤੋਂ ਢਿੱਡ ਤਕ ਮਾਸ ਚੀਰ ਦਿਤਾ ਗਿਆ।

ਲਹੂ ਦੀਆਂ ਧਾਰਾਂ ਵਹਿ ਤੁਰੀਆਂ। ਬੱਚਾ 'ਮਾਂ' 'ਮਾਂ' ਚੀਕਦਾ, ਹਾੜ੍ਹੇ ਕਢਦਾ ਰਿਹਾ ਪਰ ਬੇਰਹਿਮਾਂ ਨੂੰ ਤਰਸ ਨਾ ਆਇਆ। ਫਿਰ ਬੱਚੇ ਦੇ ਟੋਟੇ ਟੋਟੇ ਕਰ ਕੇ, ਤੜਫਾ ਤੜਫਾ ਕੇ ਸ਼ਹੀਦ ਕਰ ਦਿਤਾ ਗਿਆ। ਬੀਬੀ ਲੱਛੀ ਅਡੋਲ, ਸ਼ਾਂਤ ਚਿਤ ਅਰਦਾਸ ਕਰਦੀ ਰਹੀ, ''ਗੁਰੂ ਜੀ, ਜਾਨ ਭਾਵੇਂ ਚਲੀ ਜਾਏ ਪਰ ਧਰਮ ਨਹੀਂ ਜਾਣਾ ਚਾਹੀਦਾ। ਬਸ ਏਨੀ ਹਿੰਮਤ ਬਖ਼ਸ਼ ਦੇਣਾ।'' ਇਹ ਸ਼ਾਂਤ ਚਿੱਤ ਰਹਿਣਾ ਵੀ ਸੈਨਿਕਾਂ ਤੋਂ ਜਰਿਆ ਨਾ ਗਿਆ ਤੇ ਉਨ੍ਹਾਂ ਬੀਬੀ ਲੱਛੀ ਨੂੰ ਪੁੱਠਿਆਂ ਟੰਗ ਦਿਤਾ। ਫਿਰ ਚਾਬੁਕ ਮਾਰ ਮਾਰ ਕੇ ਉਸ ਦੀ ਚਮੜੀ ਉਧੇੜ ਦਿਤੀ।

ਅਠਾਰਾਂ ਘੰਟਿਆਂ ਬਾਅਦ ਉਸ ਨੂੰ ਕੁੱਟ ਕੁੱਟ ਕੇ ਲਹੂ ਲੁਹਾਨ ਕਰਨ ਬਾਅਦ ਹੇਠਾਂ ਲਾਹਿਆ ਗਿਆ। ਫਿਰ ਉਸ ਨੂੰ ਕਾਜ਼ੀ ਨਾਲ ਵਿਆਹ ਕਰਨ ਲਈ ਜ਼ੋਰ ਦਿਤਾ ਗਿਆ ਪਰ ਬੀਬੀ ਲੱਛੀ ਉਸ ਸਮੇਂ ਖੜੇ ਹੋ ਸਕਣ ਜਾਂ ਤੁਰਨ ਯੋਗ ਵੀ ਨਹੀਂ ਸੀ ਰਹੀ। ਉਸ ਹਾਲਤ ਵਿਚ ਵੀ ਉਸ ਨੇ ਨਾ ਵਿਚ ਸਿਰ ਹਿਲਾ ਕੇ ਜਿੰਨੀ ਕੁ ਹਿੰਮਤ ਬਚੀ ਸੀ, ਹੱਥ ਜੋੜ ਨਿਤਨੇਮ ਪੂਰਾ ਕੀਤਾ ਅਤੇ ਅਖ਼ੀਰ ਅਰਦਾਸ ਕੀਤੀ, ''ਸੱਚੇ ਪਾਤਸ਼ਾਹ ਸਾਰੀ ਰਾਤ ਆਪ ਜੀ ਦੇ ਭਾਣੇ ਨੂੰ ਮੰਨ ਕੇ ਸੁਖ ਨਾਲ ਬਤੀਤ ਕੀਤੀ ਹੈ।

ਆਪ ਜੀ ਨੇ ਅਪਣੀ ਅਮਾਨਤ ਵਾਪਸ ਲੈ ਲਈ ਹੈ, ਉਸ ਲਈ ਆਪ ਜੀ ਦਾ ਕੋਟਨ ਕੋਟ ਧੰਨਵਾਦ। ਅੱਗੇ ਵਾਸਤੇ ਵੀ ਭਾਣਾ ਮੰਨਣ ਦਾ ਬਲ ਬਖ਼ਸ਼ਣਾ ਅਤੇ ਉੱਦਮ ਕਰਨ ਦੀ ਬਖ਼ਸ਼ੀਸ਼ ਦੇਣੀ। ਪ੍ਰਾਣ ਜਾਏ ਪਰ ਸਿੱਖੀ ਨਾ ਜਾਏ। ਬਸ ਏਨੀ ਮਿਹਰ ਕਰਨੀ। ਇਹ ਭੁੱਲੀਆਂ ਹੋਈਆਂ ਰੂਹਾਂ ਹਨ, ਜੋ ਜ਼ੁਲਮ ਕਰ ਰਹੀਆਂ ਹਨ। ਇਨ੍ਹਾਂ ਨੂੰ ਮਾਫ਼ ਕਰਨਾ।'' (ਚੱਲਦਾ) 

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783