ਬੀਬੀ ਸੁਭਾਗੀ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ......

Singhnian Da Sidak

ਇਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ। ਅਗਲੇ ਦਿਨ ਉਸ ਨੇ ਹੈਵਾਨੀਅਤ ਦਾ ਨੰਗਾ ਨਾਚ ਕਰਨ ਬਾਰੇ ਫ਼ੈਸਲਾ ਲੈ ਲਿਆ। ਸਵੇਰ ਵੇਲੇ ਜੇਲ੍ਹ ਦੇ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਸਾਹਮਣੇ ਬੈਠੀ ਵਾਹਿਗੁਰੂ ਸਤਿਨਾਮ ਜਪਦੀ, ਛਾਤੀ ਦਾ ਦੁੱਧ ਚੁੰਘਾਉਂਦੀ ਬੀਬੀ ਸੁਭਾਗੀ ਕੋਲੋਂ ਉਸ ਦਾ ਡੇਢ ਵਰ੍ਹਿਆਂ ਦਾ ਬਾਲ ਖੋਹ ਲਿਆ। ਉਸ ਕੋਲੋਂ ਪੁਛਿਆ ਗਿਆ, ''ਆਖ਼ਰੀ ਵਾਰ ਪੁੱਛ ਰਹੇ ਹਾਂ। ਇਸਲਾਮ ਕਬੂਲ ਕਰ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਲੈ ਨਹੀਂ ਤਾਂ ਤੇਰਾ ਬੱਚਾ ਨੇਜ਼ਿਆਂ ਨਾਲ ਫੁੰਡ ਦਿਤਾ ਜਾਵੇਗਾ!''

ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ''ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ। ਅਪਣੇ ਗੁਰੂ ਤੋਂ ਹਜ਼ਾਰ ਪੁੱਤਰ ਵਾਰਨ ਨੂੰ ਤਿਆਰ ਹਾਂ। ਪਰ, ਕਿਸੇ ਵੀ ਹਾਲ ਵਿਚ ਸਿੱਖੀ ਤਿਆਗਣ ਨੂੰ ਤਿਆਰ ਨਹੀਂ।'' ਮੀਰ ਮੰਨੂੰ ਨੂੰ ਕੌਣ ਭੁਲਾ ਸਕਦਾ ਹੈ? ਕਹਿਰ ਵਰਤਾਉਂਦਾ ਵਾਵਰੋਲਾ ਸੀ। ਉਸ ਦੇ ਸੈਨਿਕ ਘਰ-ਘਰ ਆਦਮ-ਬੋ, ਆਦਮ-ਬੋ ਕਰਦੇ ਸਿੱਖਾਂ ਨੂੰ ਸੁੰਘਦੇ ਫਿਰਦੇ ਸਨ। ਜਿਹੜੇ ਜੱਥੇ ਬਣਾ ਕੇ ਜੰਗਲਾਂ ਵਲ ਨਿਕਲ ਗਏ, ਉਹ ਤਾਂ ਬੱਚ ਗਏ, ਪਰ ਜਿਹੜੇ ਸਿੱਖ ਸ਼ਹਿਰਾਂ 'ਚ ਰਹਿ ਗਏ, ਉਨ੍ਹਾਂ ਦੇ ਸਿਰ ਵੱਢ ਦਿਤੇ ਗਏ। ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਲਾਹੌਰ ਦੀਆਂ ਜੇਲਾਂ ਵਿਚ ਡਕ ਦਿਤਾ ਗਿਆ।

ਬਜ਼ੁਰਗ ਔਰਤਾਂ ਤਾਂ ਲੰਮੇ ਪੈਂਡੇ 'ਚ ਭੁੱਖੀਆਂ ਭਾਣੀਆਂ ਤੁਰਦੀਆਂ ਹੀ ਦਮ ਤੋੜ ਗਈਆਂ। ਬਾਕੀਆਂ ਨੂੰ ਭੁੱਖੀਆਂ ਰੱਖ ਕੇ ਰੋਜ਼ ਤਾਅਨੇ ਮਿਹਣੇ ਕੱਸੇ ਜਾਂਦੇ। ਉਨ੍ਹਾਂ ਦੇ ਪਤੀਆਂ ਨੂੰ ਵੱਢ ਦਿਤਾ ਗਿਆ ਸੀ। ਨਿੱਕੇ ਬੱਚੇ ਗੋਦੀ ਚੁੱਕੇ ਹੋਏ ਸਨ। ਰੋਜ਼ ਜੇਲਾਂ ਵਿਚ ਮੁਗ਼ਲ ਉਨ੍ਹਾਂ ਨੂੰ ਪੁਛਦੇ, ''ਹੁਣ ਬੋਲੋ ਕਿੱਥੇ ਏ ਤੁਹਾਡਾ ਖ਼ਾਲਸਾ? ਕੌਣ ਤੁਹਾਨੂੰ ਬਚਾਏਗਾ? ਸਿਰਫ਼ ਸਿੱਖ ਧਰਮ ਤਿਆਗ ਕੇ ਮੁਸਲਮਾਨ ਬਣ ਜਾਉ ਤਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ।'' (ਚੱਲਦਾ)

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783