ਸਿੱਖਾਂ ਨੂੰ ਕਦੇ ਨਹੀਂ ਭੁੱਲ ਸਕਦਾ ਜੂਨ '84 

ਸਪੋਕਸਮੈਨ ਸਮਾਚਾਰ ਸੇਵਾ

ਕੀ  ਕਿਸੇ ਮਹਾਂ ਪਵਿੱਤਰ ਸਥਾਨ ਨੂੰ ਢਹਿ ਢੇਰੀ ਕਰ ਦਿਤੇ ਜਾਣ ਨਾਲ ਉਸ ਧਰਮ ਦੇ ਫ਼ਲਸਫ਼ੇ ਦੀ ਸਰਬਸਾਂਝੀ ਸੋਚ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਕੀ ਕਿਸੇ ਬਹਾਦਰ ਕੌਮ...

Sikhs can never forget June '84

ਕੀ  ਕਿਸੇ ਮਹਾਂ ਪਵਿੱਤਰ ਸਥਾਨ ਨੂੰ ਢਹਿ ਢੇਰੀ ਕਰ ਦਿਤੇ ਜਾਣ ਨਾਲ ਉਸ ਧਰਮ ਦੇ ਫ਼ਲਸਫ਼ੇ ਦੀ ਸਰਬਸਾਂਝੀ ਸੋਚ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਕੀ ਕਿਸੇ ਬਹਾਦਰ ਕੌਮ ਦੇ ਕੁੱਝ ਚੋਣਵੇਂ ਸੂਰਮੇ ਸ਼ਹੀਦ ਕਰ ਦਿਤੇ ਜਾਣ ਨਾਲ ਕੌਮ ਨੂੰ ਖ਼ਤਮ ਕੀਤਾ ਜਾ ਸਕਦਾ ਹੈ? ਧੁਰੋਂ ਆਜ਼ਾਦ ਕੀਤੇ ਮਰਜੀਵੜਿਆਂ ਨੂੰ ਬੇੜੀਆਂ ਪਾ ਕੇ ਬੰਨ੍ਹਣਾ ਕੀ ਸੰਭਵ ਹੈ? ਕੀ ਸੱਚ ਦੇ ਸੂਰਜ ਨੂੰ ਚੜ੍ਹਨੋਂ ਰੋਕਿਆ ਜਾ ਸਕਦਾ ਹੈ? ਕੀ ਭੈ-ਭਾਵਨੀ ਵਾਲੇ ਸਿਰਲੱਥ ਯੋਧਿਆਂ ਨੂੰ ਭੈ-ਭੀਤ ਕਰਨਾ ਸੰਭਵ ਹੈ? ਕੀ ਗ਼ਦਰੀਆਂ, ਬੱਬਰਾਂ, ਸਿਰਲੱਥਾਂ ਤੇ ਗੁਰੂ ਸਾਹਿਬਾਨ ਦੀ ਧਰਤੀ ਨੂੰ ਖਾਹ ਮਖ਼ਾਹ ਨਿਵਾਇਆ ਜਾ ਸਕਦਾ ਹੈ? ਹਰਗਿਜ਼ ਨਹੀਂ। 

ਜੂਨ ਚੌਰਾਸੀ ਦੇ ਪ੍ਰਸੰਗ ਵਿਚ ਉਪਰੋਕਤ ਸਵਾਲਾਂ ਦਾ ਉੱਤਰ ਬਿਨਾਂ ਸ਼ੱਕ ਨਾਂਹ ਵਿਚ ਹੈ। ਦੇਸ਼ ਦੇ ਇਤਿਹਾਸ ਵਿਚ ਪੰਜਾਬ ਦਾ ਨਾਂ ਤੇ ਥਾਂ ਬਿਲਕੁਲ ਅਲੱਗ ਤੇ ਵਿਲੱਖਣ ਹੈ। ਭਾਵੇਂ ਪਹਿਲਾਂ ਵੀ ਰਿਸ਼ੀਆਂ, ਮੁਨੀਆਂ ਤੇ ਪੀਰਾਂ, ਪੈਗ਼ੰਬਰਾਂ ਨੇ ਇਸ ਨੂੰ ਭਾਗ ਲਗਾਏ ਪਰ ਮੱਧਕਾਲ ਵਿਚ ਪੂਰੀਆਂ ਢਾਈ ਸਦੀਆਂ ਇਥੇ ਗੁਰਮਤਿ ਦੇ ਅਮੁੱਕ ਦਰਿਆ ਵਗੇ, ਸਾਰੀ ਮਨੁੱਖ ਜਾਤੀ ਦੇ ਉਧਾਰ ਲਈ ਸਾਂਝੀਆਂ ਕੋਸ਼ਿਸ਼ਾਂ ਹੋਈਆਂ, ਗੁਰੂ ਸਾਹਿਬਾਨ ਨੇ ਛੂਆ-ਛੂਤ, ਸਮਾਜਕ ਨਾ-ਬਰਾਬਰੀ, ਸੁੱਚ ਭਿੱਟ, ਜਾਤੀਗਤ ਕੱਟੜਤਾ, ਵਰਣ ਵੰਡ ਭਾਵ ਮਨੂਵਾਦ ਨੂੰ ਪੂਰੀ ਤਰ੍ਹਾਂ ਨਕਾਰਿਆ ਤੇ ਫ਼ੁਰਮਾਇਆ:

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੇ ਜਾਤਿ ਨ ਹੇ ।।੧।।
ਜਿਵੇਂ ਪੰਜਾਬ ਦਾ ਮੌਸਮ, ਪੌਣ ਪਾਣੀ, ਵਿਰਸਾ, ਸਭਿਆਚਾਰ, ਰਹਿਤਲ, ਇਤਿਹਾਸ ਤੇ ਫ਼ਲਸਫ਼ਾ ਬਿਲਕੁਲ ਵਖਰਾ ਹੈ, ਉਵੇਂ ਹੀ ਪੰਜਾਬੀਆਂ ਖ਼ਾਸ ਕਰ ਕੇ ਗੁਰੂ ਬਖ਼ਸ਼ੇ ਬੰਦਿਆਂ ਦੀ ਸੋਚ, ਕਹਿਣੀ, ਕਰਨੀ ਤੇ ਕਥਨੀ ਵੀ ਅਲੱਗ ਹੈ। ਸਾਰੇ ਦੇਸ਼ ਵਿਚ ਮੋਦੀ ਦਾ ਜਾਦੂ ਚਲਿਆ ਪਰ ਪੰਜਾਬ ਨੇ ਇਸ ਤੋਂ ਉਲਟ ਨਤੀਜੇ ਦਿਤੇ। ਇਨ੍ਹਾਂ ਦੀ ਮਾਨਸਿਕਤਾ ਨੂੰ ਸਮਝਣ ਅਤੇ ਪਰਖਣ ਲਈ ਤੁਹਾਨੂੰ ਇਨ੍ਹਾਂ ਦੇ ਅੰਦਰ ਉਤਰਨਾ ਪਵੇਗਾ। ਹਾਂ, ਇਹ ਗੱਲ ਵੀ ਝੂਠਲਾਈ ਨਹੀਂ ਜਾ ਸਕਦੀ ਕਿ ਅੱਜ ਭੋਗਵਾਦ ਦੇ ਯੁਗ ਵਿਚ ਇਨ੍ਹਾਂ ਵਿਚੋਂ ਬਹੁਤੇ ਅਪਣੀ ਅਸਲੀਅਤ ਭੁੱਲ ਕੇ ਚਾਪਲੂਸਾਂ, ਡੇਰੇਦਾਰਾਂ, ਮਤਲਬੀਆਂ, ਲੀਡਰਾਂ ਤੇ ਨਸ਼ੇਖੋਰਾਂ ਦੇ ਚੁੰਗਲ ਵਿਚ ਜਾ ਫਸੇ ਹਨ।

ਲੱਖਾਂ ਦੀ ਗਿਣਤੀ ਵਿਚ ਨੌਜੁਆਨ ਵਿਦੇਸ਼ੀ ਧਰਤੀ ਉਤੇ ਜਾ ਉਤਰੇ ਹਨ। ਬੇਹਿਸਾਬੇ ਨਸ਼ਿਆਂ ਦੀ ਬਲੀ ਚੜ੍ਹ ਗਏ। ਕਈ ਗੈਂਗਸਟਰ ਬਣ ਕੇ ਪੰਜਾਬੀ ਰਵਾਇਤਾਂ ਨੂੰ ਲਾਜ ਲਗਾ ਰਹੇ ਹਨ। ਗੰਦੀ ਰਾਜਨੀਤੀ, ਗ਼ਲਤ ਨੀਤੀਆਂ ਤੇ ਪੱਖਪਾਤੀ ਸਰਕਾਰਾਂ ਨੇ ਇਸ ਦੇ ਅੰਨਦਾਤਿਆਂ ਨੂੰ ਅੱਜ ਘਸਿਆਰਾ ਬਣਾ ਕੇ ਖ਼ੁਦਕੁਸ਼ੀਆਂ ਲਈ ਮਜਬੂਰ ਕਰ ਦਿਤਾ ਹੈ। ਚਾਰੇ ਪਾਸੇ ਸਿਆਸਤ ਹੀ ਸਿਆਸਤ ਹੋ ਰਹੀ ਹੈ। ਅੱਜ ਗੁਰੂ ਵਰੋਸਾਈ ਇਸ ਪਵਿੱਤਰ ਧਰਤੀ ਉਤੇ ਰਹਿੰਦਿਆਂ ਵੀ ਸਕੂਨ ਨਹੀਂ ਮਿਲ ਰਿਹਾ। ਆਉ, ਕੁੱਝ ਅੰਦਰੂਨੀ ਪੀੜਾਂ ਅਪਣੇ ਸੁਹਿਰਦ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਇਕ ਨਿਮਾਣੀ ਜਹੀ ਕੋਸ਼ਿਸ਼ ਕਰਾਂ।

ਪੋਹ ਦਾ ਮਹੀਨਾ ਸਿੱਖਾਂ ਦਾ ਸੱਭ ਤੋਂ ਵੱਧ ਕਹਿਰੀ ਤੇ ਹੌਲਨਾਕ ਮਹੀਨਾ ਹੈ ਜਦੋਂ ਦਸਵੇਂ ਨਾਨਕ ਨੂੰ ਅਪਣੇ ਮਹਾਨ ਮਿਸ਼ਨ ਦੀ ਪੂਰਤੀ ਲਈ ਬੇਮਿਸਾਲ ਸੰਘਰਸ਼ ਕਰਨਾ ਪਿਆ। ਫਲਸਰੂਪ, ਸਾਰਾ ਪ੍ਰਵਾਰ ਬਿਖਰ ਗਿਆ। ਚਾਰੇ ਲਾਲ ਤੇ ਮਾਤਾ ਗੁਜਰੀ ਜੀ ਸ਼ਹਾਦਤ ਦੇ ਜਾਮ ਪੀ ਗਏ। ਅਣਗਿਣਤ ਸਿੰਘ ਸੂਰਮੇ ਜ਼ੁਲਮ ਨਾਲ ਟੱਕਰ ਲੈਂਦੇ ਹੋਏ ਗੁਰੂ ਦੇ ਹੁਕਮ ਦੇ ਹਾਣੀ ਬਣ ਗਏ। ਇਸੇ ਤਰ੍ਹਾਂ ਜੂਨ ਦਾ ਮਹੀਨਾ ਚੜ੍ਹਦਿਆਂ ਵੀ ਹਰ ਗੁਰੂ ਨਾਨਕ ਨਾਮ ਲੇਵਾ ਅਪਣੇ ਜ਼ਿਹਨ ਵਿਚ ਇਕ ਅਨੋਖੀ ਬੇਚੈਨੀ ਤੇ ਤਕਲੀਫ਼ ਮਹਿਸੂਸ ਕਰਦਾ ਹੈ। ਬਾਹਰ ਵਰ੍ਹਦੀ ਅਸਮਾਨੀ ਅੱਗ ਉਹ ਦਰਦ ਨਹੀਂ ਦਿੰਦੀ ਜਿਹੜਾ ਅਸਹਿ ਤੇ ਅਕਹਿ ਦੁੱਖ ਮਨ-ਮਸਤਕ ਵਿਚ ਮਹਿਸੂਸ ਹੁੰਦਾ ਹੈ ਕਿਉਂਕਿ ਪਹਿਲੀਆਂ ਵਧੀਕੀਆਂ, ਜ਼ੁਲਮ, ਹਮਲੇ ਤੇ ਮਾਰੋ-ਮਾਰੀ ਜਰਵਾਣਿਆਂ, ਸ਼ਾਸਕਾਂ ਤੇ ਜ਼ਾਲਮਾਂ ਵਲੋਂ ਸਨ।

ਜਦੋਂਕਿ ਜੂਨ '84 ਦੇ ਸਿਤਮ ਅਪਣੀ ਚੁਣੀ ਹੋਈ ਸਰਕਾਰ ਵਲੋਂ ਸਨ ਜਿਸ ਦੇ ਜ਼ਿੰਮੇ ਦੇਸ਼ ਦੇ ਹਰ ਨਾਗਰਿਕ ਨੂੰ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਮਹੀਨੇ ਇਕ ਸੋਗ ਭਰਿਆ ਮਾਹੌਲ ਤੇ ਇਕ ਅਫ਼ਸੋਸਜਨਕ ਵਾਤਾਵਰਣ ਹਰ ਪਾਸੇ ਭਾਰੂ ਹੋ ਜਾਂਦਾ ਹੈ। ਕਈ ਦਹਾਕੇ ਪੁਰਾਣੀਆਂ ਵਾਪਰੀਆਂ ਘਟਨਾਵਾਂ ਇਕ ਦਮ ਤਾਜ਼ਾ ਹੋ ਜਾਂਦੀਆਂ ਹਨ। ਹਰ ਸੰਵੇਦਨਸ਼ੀਲ ਵਿਅਕਤੀ ਤੜਪਦਾ ਫ਼ਿਰਦਾ ਹੈ ਤੇ ਅੰਜਾਮ ਦੇਣ ਵਾਲਿਆਂ ਦਾ ਸਿਆਪਾ ਕਰਦਾ ਹੈ।

ਸਿੱਖੀ ਦੇ ਮੱਕੇ ਤੇ ਸਰਬਸਾਂਝੀਵਾਲਤਾ ਦੇ ਥੰਮ੍ਹ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਕੇ ਇਸ ਦੇ ਬ੍ਰਹਿਮੰਡੀ ਸੁਨੇਹੇ ਨੂੰ ਬੰਦ ਕਰਨ ਤੇ ਗੁਰੂ ਦੇ ਵਰੋਸਾਏ ਬੰਦਿਆਂ ਨੂੰ ਸਦਾ ਲਈ ਮਾਰ ਮੁਕਾਉਣ ਦੀ ਤਮੰਨਾ ਤਾਂ ਮੱਸੇ ਰੰਘੜ ਨੇ, ਯਹੀਆਂ ਖਾਂ ਤੇ ਅਬਦਾਲੀ ਨੇ ਵੀ ਕੀਤੀ। ਇਹ ਸਾਰੇ ਗੁਰੂ ਬਖ਼ਸ਼ੇ ਸਿੰਘਾਂ ਦੀ ਚੜ੍ਹਦੀਕਲਾ, ਬਹਾਦਰੀ ਤੇ ਸਮਰਪਣ ਤੋਂ ਖਾਰ ਖਾਂਦਿਆਂ ਇਸ ਨਿਰੰਤਰ ਸਰੋਤ ਨੂੰ ਹੀ ਮੇਟਣਾ ਚਾਹੁੰਦੇ ਸਨ। ਸਿਰਤੋੜ ਕੋਸ਼ਿਸ਼ਾਂ ਵੀ ਉਨ੍ਹਾਂ ਦੇ ਮੰਤਵ ਦੀ ਪੂਰਤੀ ਦਾ ਸਬੱਬ ਨਾ ਬਣ ਸਕੀਆਂ ਸਗੋਂ ਇਨ੍ਹਾਂ ਸਾਰਿਆਂ ਦੀ ਪੰਜ ਕੁ ਮਹੀਨਿਆਂ (153 ਦਿਨਾਂ) ਬਾਅਦ ਹੀ ਮੌਤ ਹੋ ਗਈ। ਹਿੰਦੂ ਵੋਟ ਬੈਂਕ ਨੂੰ ਪੱਕਾ ਕਰਨ, ਐਮਰਜੰਸੀ ਤੋਂ ਬਾਅਦ ਅਪਣੀ ਡਿਗਦੀ ਸਾਖ ਨੂੰ ਬਚਾਉਣ, ਐਮਰਜੰਸੀ ਦੌਰਾਨ ਸਿੱਖਾਂ ਵਲੋਂ ਸਖ਼ਤ ਵਿਰੋਧ ਦਾ ਬਦਲਾ ਲੈਣ ਤੇ ਸਾਡੇ ਵਿਕਾਊ ਲੀਡਰਾਂ ਨੂੰ ਅਪਣੇ ਮੱਕੜ-ਜਾਲ ਵਿਚ ਫਸਾਉਣ ਵਿਚ ਕਾਮਯਾਬ ਰਹਿਣ ਪਿਛੋਂ ਇੰਦਰਾ ਗਾਂਧੀ ਮਨਮਾਨੀਆਂ ਦੇ ਸਾਰੇ ਰਿਕਾਰਡ ਤੋੜ ਗਈ।

ਉਂਜ ਲੰਮਾ ਸਮਾਂ ਪਹਿਲਾਂ ਹੀ ਉਸ ਨੇ ਇਹ ਜੂਆ ਖੇਡਣ ਦਾ ਮਨ ਬਣਾ ਲਿਆ ਸੀ। ਯੂ.ਕੇ ਤੇ ਰੂਸ ਦੇ ਸਰਬਰਾਹ ਉਸ ਦੇ ਰਾਜ਼ਦਾਰ ਬਣੇ। ਫ਼ੌਜੀਆਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਵਿਸ਼ਾਲ ਮਾਡਲ ਬਣਾ ਕੇ ਡੇਹਰਾਦੂਨ ਦੇ ਚਕਰਾਤਾ ਵਿਖੇ ਨਿਸ਼ਾਨੇ ਫੁੰਡਣ ਦੀ ਮਹੀਨਿਆਂਬਧੀ ਸਿਖਲਾਈ ਦਿਤੀ ਗਈ। ਪੰਜਾਬ ਦੇ ਹਾਲਾਤ ਜਾਣ ਬੁੱਝ ਕੇ ਵਿਗਾੜੇ ਗਏ। ਬਸਾਂ ਵਿਚੋਂ ਹਿੰਦੂ ਯਾਤਰੀਆਂ ਨੂੰ ਕੱਢ-ਕੱਢ ਕੇ ਮੌਤ ਦੇ ਘਾਟ ਉਤਾਰਨਾ ਸਰਕਾਰੀ ਚਾਲ ਸੀ, ਕਿਉਂਕਿ ਗੁਰੂ ਦਾ ਸੱਚਾ ਸਿੱਖ ਕਦੇ ਕਿਸੇ ਨਿਹੱਥੇ ਉਤੇ ਵਾਰ ਨਹੀਂ ਕਰਦਾ। ਉਸ ਦੀ ਤਲਵਾਰ ਤਾਂ ਉਠਦੀ ਹੀ ਜ਼ੁਲਮ ਦੇ ਟਾਕਰੇ ਲਈ ਹੈ 'ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ।। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ।। ਉਸ ਨੂੰ ਇਹੀ ਗੁਰ-ਫ਼ੁਰਮਾਨ ਹੈ।

ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ ਤੇ ਬਾਹਰ ਸਿਵਲ ਕਪੜਿਆਂ ਵਿਚ ਪੂਰੀ ਜਾਸੂਸੀ ਕਰਨੀ, ਸਿੰਘਾਂ ਦੀਆਂ ਗਤੀਵਿਧੀਆਂ ਉਤੇ ਨਜ਼ਰ ਰਖਣੀ, ਸ੍ਰੀ ਦਰਬਾਰ ਸਾਹਿਬ ਸਮੂਹ ਦੇ ਬਾਹਰ ਕਤਲੋਗ਼ਾਰਤ ਦਾ ਸਿਲਸਿਲਾ, ਝੜਪਾਂ, ਬਦਅਮਨੀ ਇਹ ਉਸ ਯੋਜਨਾਬਧ ਸਾਜ਼ਿਸ਼ ਦਾ ਹਿੱਸਾ ਸੀ। ਦਿਨ ਚੁਣਿਆ ਗਿਆ ਸ਼ਹੀਦਾਂ ਦੇ ਸਿਰਤਾਜ ਪੰਚਮ ਨਾਨਕ ਦੀ ਸ਼ਹੀਦੀ ਦਾ ਜਦੋਂ ਲੱਖਾਂ ਸੰਗਤਾਂ ਅਪਣੇ ਸਖਣੇ ਦਿਲਾਂ ਨੂੰ ਰੂਹਾਨੀਅਤ ਨਾਲ ਭਰਪੂਰ ਕਰਨ ਲਈ ਇਥੇ ਢੁਕਦੀਆਂ ਹਨ।

ਜ਼ੁਲਮ ਦੀ ਹੱਦ ਵੇਖੋ ਕਿ ਡੇਢ ਕੁ ਸੌ ਸਿੰਘਾਂ ਦੇ ਮੁਕਾਬਲੇ ਲਈ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਫ਼ੌਜ ਟੈਂਕ, ਤੋਪਾਂ, ਰਾਕਟ ਲਾਂਚਰ, ਗੋਲੇ ਬਾਰੂਦ, ਕਮਾਂਡੋ ਤੇ ਹੋਰ ਪਤਾ ਨਹੀਂ ਕੀ-ਕੀ ਲਿਆਂਦਾ ਗਿਆ ਸਰਬ ਸਾਂਝੀਵਾਲਤਾ ਦੇ ਦਰ ਉਤੇ। ਸ਼ਰਾਬ ਨਾਲ ਟੁੰਨ ਫ਼ੌਜੀ, ਤਮਾਕੂ, ਸਿਗਰਟਨੋਸ਼ੀ ਕਰਦੇ ਜੁੱਤੀਆਂ ਸਣੇ ਹਲਕਾਏ ਕੁੱਤੇ ਵਾਂਗ ਫਿਰਦਿਆਂ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਾਥੀਆਂ ਨੇ ਰੱਜ ਕੇ ਬਖੀਏ ਉਧੇੜੇ ਜਿਨ੍ਹਾਂ ਨੇ ਬਦਲੇ ਵਿਚ ਸੰਗਤਾਂ ਉਤੇ ਅਕਹਿ ਜ਼ੁਲਮ ਢਾਹੇ। ਸਾਰੇ ਪੰਜਾਬ ਵਿਚ ਕਰਫ਼ਿਊ ਲੱਗਾ ਹੋਣ ਕਰ ਕੇ ਆਲ ਇੰਡੀਆ ਰੇਡੀਉ ਨੇ ਬਥੇਰਾ ਕੁਫ਼ਰ ਤੋਲਿਆ, ਸਿੱਖਾਂ ਨੂੰ ਰੱਜ-ਰੱਜ ਕੇ ਭੰਡਿਆ ਤੇ ਦੇਸ਼ਧ੍ਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਅਤਿਵਾਦੀ, ਵੱਖਵਾਦੀ, ਖ਼ਾਲਿਸਤਾਨੀ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਲਫ਼ਜ਼ ਵਰਤੇ ਗਏ। 38 ਗੁਰਦਵਾਰਿਆਂ ਉਤੇ ਇਕੱਠਾ ਹਮਲਾ ਸਾਡੇ ਵਿਰਸੇ, ਧਰਮ, ਮਰਯਾਦਾ, ਇਤਿਹਾਸ ਤੇ ਸਭਿਆਚਾਰ ਨੂੰ ਤਹਿਸ-ਨਹਿਸ ਕਰਨ ਦੀ ਇਕ ਕੋਝੀ ਚਾਲ ਸੀ।

ਵਹਿਸ਼ਤ ਦਾ ਨੰਗਾ ਨਾਚ ਕੀਤਾ ਗਿਆ ਪਰ ਸਾਡੇ ਸਵਾਰਥੀ ਆਗੂ ਬਾਹਾਂ ਖੜੀਆਂ ਕਰ ਕੇ ਆਪੋ ਅਪਣੇ ਸੁਰੱਖਿਅਤ ਟਿਕਾਣਿਆਂ ਉਤੇ ਪੁੱਜ ਗਏ ਤੇ ਪਿੱਛੇ ਭੁੱਖੇ ਸ਼ਰਧਾਲੂਆਂ ਨੂੰ ਬਿਜਲੀ, ਪਾਣੀ ਤੋਂ ਵਾਂਝੇ ਵਹਿਸ਼ੀ ਫ਼ੌਜੀਆਂ ਹਵਾਲੇ ਕਰ ਗਏ। ਫ਼ੌਜ ਦਾ ਸੁਪਰੀਮ ਕਮਾਂਡਰ (ਸਾਡਾ ਸਿੱਖ ਰਾਸ਼ਟਰਪਤੀ) ਤਮਾਸ਼ਾ ਵੇਖਣ ਤੀਜੇ ਦਿਨ ਆ ਗਿਆ ਜਿਸ ਤੋਂ ਵਿਰੋਧ ਵਿਚ ਅਸਤੀਫ਼ਾ ਤਕ ਨਾ ਸਰਿਆ। ਇੰਦਰਾ ਗਾਂਧੀ ਦੇ ਜੁੱਤੀ ਚੁੱਕ ਸਾਡੇ ਸਾਰੇ ਪੰਜਾਬੀ (ਸਿੱਖ) ਸਿਆਸਤਦਾਨ (ਨਾਂ ਕਿਸ-ਕਿਸ ਦਾ ਲਵਾਂ?) ਕਦੇ ਉਸ ਦੇ ਸਾਹਮਣੇ ਅਪਣਾ ਵਿਰੋਧ ਵੀ ਪ੍ਰਗਟ ਨਾ ਕਰ ਸਕੇ। ਪਰ ਇਸ ਗੱਦੀ ਦੇ ਅਭਿਲਾਖੀ ਨੇ ਗੁਰੂ ਪਾਤਿਸ਼ਾਹੀਆਂ ਦੇ ਇਲਾਹੀ ਮਿਸ਼ਨ ਵਜੋਂ ਸਾਜੇ ਸ੍ਰੀ ਹਰਿਮੰਦਰ ਸਾਹਿਬ ਦੀ ਬਰਬਾਦੀ ਕਰ ਕੇ ਅਪਣੀ ਮੌਤ ਦੇ ਵਾਰੰਟਾਂ ਉੱਤੇ ਹਸਤਾਖਰ ਕਰ ਦਿਤੇ। ਪੰਜਾਬ ਲਹੂ ਲੁਹਾਨ ਹੋ ਗਿਆ। ਸਿੱਖ ਬੇਗਾਨੇ ਕਰ ਦਿਤੇ ਗਏ ਘਰ-ਘਰ ਸੱਥਰ ਵਿੱਛ ਗਏ।

ਬੇਗੁਨਾਹ ਜੇਲ ਡੱਕ ਦਿਤੇ ਗਏ। ਹਰਮਿੰਦਰ ਸਾਹਿਬ ਦੇ ਢਹਿ ਢੇਰੀ ਹੋ ਜਾਣ ਦੀਆਂ ਖ਼ਬਰਾਂ ਨੇ ਧਰਮੀ ਫ਼ੌਜੀਆਂ ਨੂੰ ਡਿਊਟੀਆਂ ਛੱਡਣ ਲਈ ਮਜਬੂਰ ਕਰ ਦਿਤਾ। ਦੇਸ਼ ਵਿਦੇਸ਼ ਵਿਚ ਤਰੱਥਲੀ ਮੱਚ ਗਈ। ਸਿੱਖਾਂ ਨੂੰ ਰੱਜ-ਰੱਜ ਕੇ ਬਦਨਾਮ ਕਰ ਕੇ ਦੇਸ਼ ਧ੍ਰੋਹੀ ਵਜੋਂ ਪ੍ਰਚਾਰਨ ਲਈ ਮੀਡੀਏ ਦੀ ਦੁਰਵਰਤੋਂ ਕੀਤੀ ਗਈ, ਜੋ ਹੁਣ ਤਕ ਹੋ ਰਹੀ ਹੈ। ਇਸ ਕਾਰੇ ਲਈ ਵਾਜਪਾਈ ਤੇ ਅਡਵਾਨੀ ਵਰਗਿਆਂ ਨੇ  ਇੰਦਰਾ ਨੂੰ 'ਦੁਰਗਾ' ਦਾ ਖ਼ਿਤਾਬ ਦੇ ਕੇ ਕਾਂਗਰਸ ਸਰਕਾਰ ਦੀ ਪਿੱਠ ਥਾਪੜੀ।

ਪੰਜਾਬ ਖ਼ਾਸ ਕਰ ਕੇ ਸਿੱਖਾਂ ਦੇ ਪਿੰਡੇ ਦਾ ਇਹ ਨਾਸੂਰ ਅੱਜ ਤਕ ਰਿਸ ਰਿਹਾ ਹੈ। ਇੰਦਰਾ ਗਾਂਧੀ ਦਾ ਕਤਲ ਇਸੇ ਫ਼ੌਜੀ ਹਮਲੇ ਦਾ ਸਿੱਟਾ ਸੀ ਤੇ ਮੁੜ ਨਵੰਬਰ ਦੇ ਪਹਿਲੇ ਹਫ਼ਤੇ ਜੋ ਸਿੱਖ ਕਤਲੇਆਮ ਦਿੱਲੀ, ਕਾਨਪੁਰ, ਬੁਕਾਰੋ ਤੇ ਦੇਸ਼ ਦੇ ਹੋਰ ਬਹੁਤ ਸਾਰੇ ਹਿੱਸਿਆਂ ਵਿਚ ਕਰਵਾਇਆ ਗਿਆ, ਉਸ ਦੀ ਅਸਲੀਅਤ ਹਾਲੇ ਤਕ ਵੀ ਪੂਰੀ ਤਰ੍ਹਾਂ ਜੱਗ ਜ਼ਾਹਰ ਨਹੀਂ ਹੋ ਸਕੀ। ਸਿੱਖ ਇਸੇ ਦੇਸ਼ ਵਿਚ ਬੇਗਾਨੇ ਬਣਾ ਦਿਤੇ ਗਏ। ਡਾ. ਇੰਦਰਜੀਤ ਸਿੰਘ (ਬੈਂਕ ਆਫ਼ ਪੰਜਾਬ ਵਾਲੇ), ਸ. ਖ਼ੁਸ਼ਵੰਤ ਸਿੰਘ, ਚਰਨਜੀਤ ਸਿੰਘ (ਕੋਕਾ ਕੋਲਾ ਵਾਲੇ) ਵਰਗੇ ਨਾਮਵਰ ਸ਼ਹਿਰੀ ਵੀ ਇਸ ਤਾਂਡਵ ਨਾਚ ਤੋਂ ਬਚ ਨਾ ਸਕੇ। ਗੁਰਮਤਿ ਕਾਲਜ ਦੀ ਪ੍ਰਿੰਸੀਪਲੀ ਸਮੇਂ ਮੈਂ ਸ. ਇੰਦਰਜੀਤ ਸਿੰਘ ਦੀਆਂ ਅੱਡੀਆਂ ਵਿਚ ਟੋਏ ਖ਼ੁਦ ਵੇਖੇ ਸਨ, ਜਿਨ੍ਹਾਂ ਨੂੰ ਭਾਵੇਂ ਆਪ੍ਰੇਸ਼ਨ ਕਰ ਕੇ ਦੂਜੇ ਥਾਵਾਂ ਤੋਂ ਮਾਸ ਕੱਢ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪ੍ਰੰਤੂ ਉਹ ਸਹੀ ਤਰੀਕੇ ਨਾਲ ਮੁੜ ਕਦੇ ਤੁਰ ਨਾ ਸਕੇ। ਭਾਰਤ ਦੇ ਜਿਸ ਸਿੱਖ ਰਾਸ਼ਟਰਪਤੀ ਦੇ ਸਾਹਮਣੇ ਸੱਭ ਕੁੱਝ ਵਾਪਰਿਆ, ਉਸ ਦੇ ਗੱਦੀ-ਮੋਹ ਨੇ ਕਦੇ ਉਛਾਲਾ ਨਾ ਖਾਧਾ। 

ਇੰਦਰਾ ਗਾਂਧੀ ਭਾਵੇਂ ਮਾਰੀ ਗਈ ਪਰ ਉਸ ਦਾ ਪੁੱਤਰ ਹਿੰਦੂ ਵੋਟ ਦੇ ਸਹਾਰਾ ਸ਼ਾਨਦਾਰ ਜਿੱਤ ਹਾਸਲ ਕਰ ਗਿਆ। ਅੱਜ ਤਕ ਇਸ ਦੇ ਸਾਥੀਆਂ ਟਾਇਟਲਰ ਤੇ ਕਮਲ ਨਾਥ ਦਾ ਵਾਲ ਵਿੰਗਾਂ ਨਹੀਂ ਹੋ ਸਕਿਆ। 35 ਸਾਲਾਂ ਤੋਂ ਭੁੱਬਾਂ ਮਾਰ ਰਹੀਆਂ ਵਿਧਵਾਵਾਂ ਦੀ ਕਿਸੇ ਨੇ ਬਾਂਹ ਨਾ ਫੜੀ। ਵੋਟਾਂ ਖ਼ਾਤਰ ਭਾਵੇਂ ਬਦਲੀ ਹੋਈ ਸਰਕਾਰ ਨੇ ਕੁੱਝ ਮਰਹਮ ਪੱਟੀ ਲਗਾਈ, ਤਾਂ ਵੀ ਏਨੇ ਵੱਡੇ ਨਰਸੰਹਾਰ ਦੇ ਸਾਹਮਣੇ ਇਹ ਕੁੱਝ ਵੀ ਨਹੀਂ ਹੈ। ਸਿੱਖਾਂ ਦੇ ਅੰਦਰ ਅੱਜ ਵੀ ਉਸੇ ਤਰ੍ਹਾਂ ਪੀੜ ਕਾਇਮ ਹੈ ਕਿਉਂਕਿ ਕਾਮਾਗਾਟਾਮਾਰੂ ਜਹੇ ਹਾਦਸਿਆਂ ਜਾਂ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਲਈ ਵਿਦੇਸ਼ੀ ਸਰਕਾਰਾਂ ਨੇ ਤਾਂ ਮਾਫ਼ੀਆਂ ਮੰਗ ਲਈਆਂ ਹਨ ਪਰ ਸਾਡੀ ਸੰਸਦ ਨੇ ਅੱਜ ਤਕ ਇਸ ਦੇ ਵਿਰੋਧ ਵਿਚ ਮਤਾ ਤਕ ਪਾਸ ਨਹੀਂ ਕੀਤਾ। ਨਵੀਂ ਸਰਕਾਰ ਕਿਹੜਾ ਸਿੱਖੀ ਦੀ ਸਕੀ ਹੈ? ਨਿਸ਼ਚੇ ਹੀ, ਇਕ ਵਾਰ ਸੰਸਦ ਦਿਲੋਂ ਮਨੋ ਸਿੱਖਾਂ ਨਾਲ ਹੋਈਆਂ ਵਧੀਕੀਆਂ, ਫ਼ੌਜੀ ਹਮਲੇ ਜਾਂ ਸਿੱਖ ਨਸਲਕੁਸ਼ੀ ਲਈ ਮਾਫ਼ੀ ਮੰਗ ਲਵੇ ਤਾਂ ਸਾਡੇ ਤਪਦੇ ਦਿਲ ਸ਼ਾਇਦ ਕੁੱਝ ਸ਼ਾਂਤ ਹੋ ਸਕਣ। ਸਾਡਾ ਖੋਹਿਆ ਸਾਰੇ ਦਾ ਸਾਰਾ ਖ਼ਜ਼ਾਨਾ ਸਾਨੂੰ ਵਾਪਸ ਕਰ ਦਿਤਾ ਜਾਵੇ ਤਾਂ ਸ਼ਾਇਦ ਸਾਨੂੰ ਕੁੱਝ ਟਿਕਾਅ ਆ ਜਾਵੇ।

ਮੈਨੂੰ ਇਕ ਹੋਰ ਗੱਲੋਂ ਵੀ ਡਾਹਢਾ ਪਛਤਾਵਾ ਹੈ ਕਿਉਂਕਿ ਗਜ਼ਟਿਡ ਸਰਕਾਰੀ ਨੌਕਰੀ ਵਿਚ ਹੁੰਦਿਆਂ ਉਦੋਂ ਮੈਂ ਅੱਖੀ ਡਿੱਠੇ, ਕੰਨੀ ਸੁਣੇ ਤੇ ਹੱਢੀਂ ਹੰਢਾਏ ਸੱਚ ਨੂੰ ਬਿਆਨ ਨਹੀਂ ਸੀ ਕਰ ਸਕੀ। ਸਰਕਾਰੀ ਰਣਬੀਰ ਕਾਲਜ ਪੜ੍ਹਾਉਂਦਿਆਂ ਪਟਿਆਲੇ ਸ੍ਰੀ ਦੁੱਖਨਿਵਾਰਣ ਸਾਹਿਬ ਉਤੇ ਫ਼ੌਜੀ ਹਮਲੇ ਦੀ ਚਸ਼ਮਦੀਦ ਵੀ ਹਾਂ ਕਿ ਕਿਵੇਂ ਬਿਜਲੀ ਪਾਣੀ ਦੀ ਅਣਹੋਂਦ ਵਿਚ 3 ਤੇ 4 ਜੂਨ ਦੀ ਰਾਤ ਨੂੰ ਗਰਮੀ ਵਿਚ ਹਿੰਦੂ ਮਾਲਕ ਮਕਾਨਾਂ ਦੀਆਂ ਲੂਹ ਸਾੜਵੀਆਂ ਗੱਲਾਂ ਵੀ ਸੁਣੀਆਂ ਤੇ ਅਕਹਿ ਪੀੜਾਂ ਵੀ ਜਰੀਆਂ। ਚਾਰ ਸਾਲਾ ਬੇਟੀ ਜੀਵਨਜੋਤ ਦੇ ਸਵਾਲਾਂ ਦਾ ਮੇਰੇ ਕੋਲ ਜਵਾਬ ਹੀ ਕੋਈ ਨਹੀਂ ਸੀ ਜਿਸ ਨੂੰ ਕਰਫ਼ਿਊ ਦੌਰਾਨ ਦੁਧ ਤਕ ਨਾ ਨਸੀਬ ਹੋਇਆ। ਮੇਰੇ ਜੀਵਨ ਸਾਥੀ ਡਾ. ਮਲਕੀਅਤ ਸਿੰਘ ਦੁਰਲੱਭ ਕੀੜਿਆਂ ਦੀ ਖੋਜ ਲਈ 8-9 ਸਿੱਖ ਖੋਜ ਵਿਦਿਆਰਥੀਆਂ ਦੀ ਟੀਮ ਲੈ ਕੇ ਉਦੋਂ ਮਨਾਲੀ ਤੋਂ ਵੀ ਅੱਗੇ ਗਏ ਹੋਏ ਸਨ। ਉਨ੍ਹਾਂ ਨੂੰ ਪਟਿਆਲੇ ਪੁੱਜਣ ਤਕ ਪੂਰੇ ਦਸ ਦਿਨ ਲੱਗੇ। ਰਾਹ ਵਿਚ ਕੋਈ ਹੋਟਲ, ਕੋਈ ਢਾਬਾ, ਕੋਈ ਦੁਕਾਨਦਾਰ ਇਨ੍ਹਾਂ ਨਾਲ ਗੱਲ ਤਕ ਨਹੀਂ ਸੀ ਕਰਦਾ। ਅਖੇ 'ਅਤਿਵਾਦੀ ਆ ਗਏ।' ਸਿੱਖਾਂ ਪ੍ਰਤੀ ਫੈਲਾਈ ਨਫ਼ਰਤ ਅੱਜ ਤਕ ਵੀ ਖ਼ਤਮ ਨਹੀਂ ਹੋ ਸਕੀ। ਇਸੇ ਸਾਲ ਮੈਂ ਯੂ.ਕੇ. ਵਾਸੀ ਲੇਖਕ ਸ. ਕੇਸਰ ਸਿੰਘ ਮੰਡ ਦੀ ਪੁਸਤਕ 'ਪੰਜਾਬ ਦਾ ਦੁਖਾਂਤ' ਸੰਪਾਦਤ ਕੀਤੀ ਜਿਸ ਦੇ 840 ਪੰਨੇ ਸਨ ਪਰ ਸੰਪਾਦਕਾ ਵਜੋਂ ਮੈਂ ਅਪਣਾ ਨਾਂ ਨਹੀਂ ਸੀ ਦੇ ਸਕੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਮਈ 1984 ਵਿਚ ਆਖ਼ਰੀ ਇੰਟਰਵਿਊ ਸ. ਕੇਸਰ ਸਿੰਘ ਮੰਡ ਨੇ ਹੀ ਕੀਤੀ ਸੀ ਜਿਸ ਦੀਆਂ ਲੱਖਾਂ ਸੀ.ਡੀਜ਼ ਵਿਦੇਸ਼ਾਂ ਵਿਚ ਵੰਡੀਆਂ ਗਈਆਂ। ਆਰ.ਟੀ.ਆਈ. ਤਹਿਤ ਤੇ ਸੁਬਰਾਮਨੀਅਮ ਸਵਾਮੀ ਨੇ ਵੀ ਸਪੱਸ਼ਟ ਕਹਿ ਦਿਤਾ ਹੈ ਕਿ ਸੰਤ ਜੀ ਵਿਰੁਧ ਕੋਈ ਵੀ ਕੇਸ ਰਜਿਸਟਰਡ ਨਹੀਂ ਸੀ ਤਾਂ ਫਿਰ ਉਹ ਅਤਿਵਾਦੀ ਕਿਵੇਂ ਹੋਏ, ਵੱਖਵਾਦੀ ਕਿਵੇਂ ਹੋਏ? ਸੰਤ ਭਿੰਡਰਾਂਵਾਲੇ ਅਜੋਕੇ ਸਿੱਖ ਨੌਜੁਆਨਾਂ ਦੇ ਰੋਲ ਮਾਡਲ ਹਨ, ਆਦਰਸ਼ ਹਨ। ਸਾਨੂੰ ਬਦਨਾਮ ਕਰਨਾ ਬੰਦ ਕਰੋ। ਪੰਜਾਬ ਦੇ ਬਣਦੇ ਹੱਕ ਛੇਤੀ ਦਿਉ। ਅਸੀ ਧੁਰੋਂ ਆਜ਼ਾਦ ਕੀਤੇ ਜਿਊੜੇ ਹਾਂ-ਪਿਆਰ ਨਾਲ ਕਰਨ ਗ਼ੁਲਾਮੀ ਜਾਨ ਤਕ ਅਪਣੀ ਵਾਰ ਦਿੰਦੇ। ਹਾਕਮੋ! ਪੰਜਾਬ ਨੂੰ ਸਮਝੋ। ਪੰਜਾਬੀਆਂ ਨੂੰ ਸਮਝੋ। ਖ਼ਾਸ ਕਰ ਕੇ ਗੁਰੂ-ਬਖ਼ਸ਼ੇ ਸਿੱਖਾਂ ਨੂੰ ਸਮਝ ਕੇ ਉਨ੍ਹਾਂ ਦੀ ਪੀੜਾ ਹਰਨ ਦੇ ਉਪਰਾਲੇ ਕਰੋ।
- ਡਾ. ਕੁਲਵੰਤ ਕੌਰ,   ਸੰਪਰਕ : 98156-20515