ਜਦੋਂ ਮੈਂ ਬਿਨ੍ਹਾਂ ਟਿਕਟ ਫੜਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਉਸ ਦੀ ਪੰਜਾਬੀ ਵਿਭਾਗ ਦੇ ਮੁਖੀ ਅਤੇ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਕੇ.ਸੀ. ਗੁਪਤਾ ਨਾਲ ਬੜੀ ਨੇੜਤਾ ਸੀ।

Ticket

ਇਹ ਗੱਲ 1969 ਦੀ ਹੈ। ਲਗਭਗ ਅੱਧੀ ਸਦੀ ਪਹਿਲਾਂ ਦੀ। ਮੈਂ ਉਦੋਂ ਆਰੀਆ ਕਾਲਜ ਲੁਧਿਆਣਾ ਵਿਚ ਪੰਜਾਬੀ ਦਾ ਪਾਰਟ ਟਾਈਮ ਲੈਕਚਰਾਰ ਸਾਂ। ਦਰਅਸਲ ਮੈਂ ਅਗੱਸਤ 1968 ਤੋਂ ਲੈ ਕੇ 31 ਮਾਰਚ ਤਕ ਸਰਕਾਰੀ ਕਾਲਜ ਲੁਧਿਆਣਾ ਵਿਚ ਪੰਜਾਬ ਦਾ ਆਰਜ਼ੀ ਲੈਕਚਰਾਰ ਰਿਹਾ ਸਾਂ। ਇਸੇ ਸਾਲ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐਮ.ਏ. ਕਰ ਕੇ ਲੱਗਾ ਸਾਂ। ਇਹ ਮੇਰੇ ਅਧਿਆਪਨ ਕਰੀਅਰ ਦੀ ਸ਼ੁਰੂਆਤ ਸੀ। ਉਨ੍ਹਾਂ ਦਿਨਾਂ ਵਿਚ ਹੀ ਮੇਰਾ ਇਕ ਜਮਾਤੀ ਤੇ ਦੋਸਤ ਮੱਘਰ ਸਿੰਘ ਆਰੀਆ ਕਾਲਜ ਪੰਜਾਬੀ ਦਾ ਲੈਕਚਰਾਰ ਲੱਗਾ ਹੋਇਆ ਸੀ।

ਉਸ ਦੀ ਪੰਜਾਬੀ ਵਿਭਾਗ ਦੇ ਮੁਖੀ ਅਤੇ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਕੇ.ਸੀ. ਗੁਪਤਾ ਨਾਲ ਬੜੀ ਨੇੜਤਾ ਸੀ। ਉਸ ਨੇ ਹੀ ਡਾ. ਗੁਪਤਾ ਨੂੰ ਅਰਜ਼ ਕਰ ਕੇ ਮੈਨੂੰ ਆਰੀਆ ਕਾਲਜ ਵਿਚ ਲਵਾ ਲਿਆ ਸੀ। ਇਹ ਨੌਕਰੀ ਚੂੰਕਿ ਪਾਰਟ ਟਾਈਮ ਸੀ ਤੇ ਕਾਲਜ ਵੀ ਪ੍ਰਾਈਵੇਟ, ਇਸ ਲਈ ਤਨਖ਼ਾਹ ਵੀ ਘੱਟ ਹੀ ਸੀ। ਏਨੀ ਘੱਟ ਕਿ ਉਥੇ ਰਹਿ ਕੇ ਗੁਜ਼ਾਰਾ ਹੋਣਾ ਮੁਸ਼ਕਲ ਸੀ। ਮੈਂ ਜਲੰਧਰ ਰਹਿੰਦੇ ਅਪਣੇ ਵੱਡੇ ਭਰਾਵਾਂ ਵਰਗੇ ਦੋਸਤ ਚਰਨ ਸਿੰਘ ਨਾਲ ਸਲਾਹ ਕਰ ਕੇ ਰਿਹਾਇਸ਼ ਉਸ ਦੇ ਮਕਾਨ ਵਿਚ ਹੀ ਕਰ ਲਈ ਜਿਹੜਾ ਉਸ ਨੂੰ ਸੈਂਟਰਲ ਸਕੂਲ ਜਲੰਧਰ ਛਾਉਣ ਵਿਚ ਨੌਕਰੀ ਕਰ ਕੇ ਮਿਲਿਆ ਹੋਇਆ ਸੀ।

ਉਹ ਤਿੰਨ ਕਮਰਿਆਂ ਦਾ ਵਾਹਵਾ ਖੁੱਲ੍ਹਾ ਡੁੱਲ੍ਹਾ ਘਰ ਸੀ। ਉਥੇ ਚਰਨ ਸਿੰਘ ਤੇ ਉਸ ਦਾ ਛੋਟਾ ਭਰਾ ਅਜੀਤ ਸਿੰਘ ਦੋਵੇਂ ਰਹਿੰਦੇ ਸਨ, ਜੋ ਉਦੋਂ ਜਲੰਧਰ ਦੇ ਇਕ ਕਾਲਜ ਵਿਚ ਪੜ੍ਹਦਾ ਸੀ। ਉਹ ਚਰਨ ਸਿੰਘ ਨਾਲੋਂ ਕੁੱਝ ਸਮੱਧਰ ਸੀ ਪਰ ਰੰਗ ਦੋਹਾਂ ਭਰਾਵਾਂ ਦਾ ਗੋਰਾ ਨਿਛੋਹ ਸੀ। ਅਜੀਤ ਬੜਾ ਸ਼ੌਕੀਨ ਸੀ ਤੇ ਬਣ ਫਬ ਕੇ ਕਾਲਜ ਜਾਂਦਾ ਸੀ। ਘੰਟਾ-ਘੰਟਾ ਪੱਗ ਬੰਨ੍ਹਣ ਉਤੇ ਹੀ ਲਗਾ ਦਿੰਦਾ ਸੀ ਤੇ ਲੜ ਚਿਣ ਚਿਣ ਕੇ ਬੰਨ੍ਹਦਾ ਅਤੇ ਉਸ ਦੇ ਨਾਲ ਮੈਚ ਕਰਦੀ ਸ਼ਰਟ ਤੇ ਪੈਂਟ ਪਾਉਂਦਾ। ਬੂਟ ਉਸ ਤੋਂ ਵੀ ਕਿਤੇ ਚੜ੍ਹ ਕੇ ਹੁੰਦੇ। ਅਜਕਲ ਉਹ ਅਮਰੀਕਾ ਰਹਿੰਦਾ ਹੈ। 

ਚਰਨ ਸਿੰਘ ਦੇ ਉਸ ਸਰਕਾਰੀ ਘਰ ਵਿਚ ਰਹਿਣ ਨਾਲ ਮੇਰੀ ਕੁੱਝ ਆਰਥਕ ਤੰਗੀ ਘਟੀ। ਮੈਂ ਜਲੰਧਰੋਂ ਲੁਧਿਆਣਾ ਤਕ ਰੇਲ ਗੱਡੀ ਦਾ ਮਾਸਕ ਪਾਸ ਬਣਾ ਲਿਆ। ਸਵੇਰੇ ਜਲੰਧਰ ਛਾਉਣੀ ਤੋਂ ਗੱਡੀ ਫੜਦਾ ਅਤੇ ਘੰਟੇ ਕੁ ਵਿਚ ਲੁਧਿਆਣੇ ਅਪੜਦਾ। ਦੁਪਹਿਰ ਤਕ ਵਾਪਸ ਆ ਜਾਂਦਾ ਤੇ ਸ਼ਾਮ ਕੁ ਜਹੇ ਨੂੰ ਜਲੰਧਰੋਂ ਛਪਦੇ ਇਕ ਅਖ਼ਬਾਰ ਵਿਚ ਜਾ ਕੇ ਕੰਮ ਕਰਦਾ। ਇੰਜ ਜਲੰਧਰ ਤੋਂ ਲੁਧਿਆਣਾ ਜਾਣ ਦੀ ਨਿੱਤ ਦੀ ਰੁਟੀਨ ਬਣ ਗਈ। ਉਂਜ ਚਰਨ ਸਿੰਘ ਦੇ ਘਰ ਵਿਚ ਦੁਪਹਿਰ ਤੋਂ ਲੈ ਕੇ ਸ਼ਾਮ ਤਕ ਆਉਣ ਜਾਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ। ਉਨ੍ਹਾਂ ਵਿਚ ਬਹੁਤਾ ਕਰ ਕੇ ਸੰਸਾਰਪੁਰੀਏ ਹਾਕੀ ਦੇ ਨਵੇਂ ਪੁਰਾਣੇ ਖਿਡਾਰੀ ਹੁੰਦੇ।

ਇਨ੍ਹਾਂ ਵਿਚ ਅਜੀਤਪਾਲ ਸਿੰਘ, ਤਰਸੇਮ ਸਿੰਘ ਤੇ ਬਲਦੇਵ ਸਿੰਘ ਹੁੰਦੇ ਜੋ ਪਿੱਛੋਂ ਹਾਕੀ ਦੇ ਉਲੰਪੀਅਨ ਖਿਡਾਰੀ ਬਣੇ। ਦਰਅਸਲ ਚਰਨ ਸਿੰਘ ਖ਼ੁਦ ਹਾਕੀ ਦਾ ਬੜਾ ਚੰਗਾ ਖਿਡਾਰੀ ਸੀ ਤੇ ਨੈਸ਼ਨਲ ਤਕ ਵੀ ਪਹੁੰਚਿਆ। ਪਿਛੋਂ ਕੁੱਝ ਘਰੇਲੂ ਮਜਬੂਰੀਆਂ ਕਾਰਨ ਉਸ ਦਾ ਲਗਾਅ ਹਾਕੀ ਵਾਲੇ ਪਾਸਿਉਂ ਘੱਟ ਗਿਆ ਪਰ ਹਾਕੀ ਵਾਲੇ ਦੋਸਤਾਂ ਨਾਲ ਉਸ ਦਾ ਮਿਲਣਾ-ਜੁਲਣਾ ਬਾ-ਦਸਤੂਰ ਜਾਰੀ ਸੀ। ਦਿਨ ਢਲੇ ਜਹੇ ਪਿੱਛੋਂ ਕਦੇ-ਕਦੇ ਦਾਰੂ ਸਿੱਕੇ ਦਾ ਦੌਰ ਵੀ ਚਲਦਾ। ਚਰਨ ਸਿੰਘ ਬੜਾ ਦਰਿਆ ਦਿਲ ਹੈ। ਛੋਟੇ ਮੋਟੇ ਨਫ਼ੇ ਨੁਕਸਾਨਾਂ ਨੂੰ ਉਹ ਬਿਲਕੁਲ ਨਹੀਂ ਗੌਲਦਾ।

ਸਵੇਰੇ ਹੀ ਚਾਹ ਤੇ ਹਲਕਾ ਨਾਸ਼ਤਾ ਤਾਂ ਸੱਭ ਰਲ ਮਿਲ ਕੇ ਘਰੇ ਹੀ ਤਿਆਰ ਕਰਦੇ ਤੇ ਇਸ ਵਿਚ ਅਜੀਤ ਸੱਭ ਤੋਂ ਵੱਧ ਸਹਾਈ ਹੁੰਦਾ। ਉਹ ਕਦੇ ਚਾਹ ਨਾਲ ਦੁਪੜਾਂ ਤਿਆਰ ਕਰ ਲੈਂਦਾ ਸੀ। ਦੁਪੜਾਂ ਵੀ ਉਸ ਦੀਆਂ ਖੁੱਲ੍ਹੇ ਹੱਥ ਵਾਲੀਆਂ ਹੁੰਦੀਆਂ। ਇਕ ਇਕ ਨਾਲ ਕੰਮ ਸਰ ਜਾਂਦਾ ਸੀ। ਦੁਪਹਿਰ ਤੇ ਸ਼ਾਮ ਦਾ ਲੰਗਰ ਛਾਉਣੀ ਦੇ ਹੀ ਇਕ ਢਾਬੇ ਵਿਚ ਚਲਦਾ ਸੀ। ਚਰਨ ਸਿੰਘ ਨੇ ਅਪਣਾ ਖਾਤਾ ਖੋਲ੍ਹਿਆ ਹੋਇਆ ਸੀ। ਜਦੋਂ ਮਹੀਨੇ ਦਾ ਹਿਸਾਬ ਹੁੰਦਾ ਤਾਂ ਅਸੀ ਹੈਰਾਨ ਹੁੰਦੇ ਕਿ ਕਈ ਵਾਰ ਬਿਲ ਬਹੁਤ ਜ਼ਿਆਦਾ ਬਣ ਜਾਂਦਾ। ਇਕ ਦੋ ਵਾਰ ਢਾਬੇ ਵਾਲੇ ਕੋਲੋਂ ਸਰਸਰੀ ਪੁੱਛਣ ਉਤੇ ਉਸ ਨੇ ਜਵਾਬ ਦਿਤਾ ਕਿ ਮੈਂ ਤਾਂ ਖ਼ੁਦ ਹੈਰਾਨ ਹਾਂ ਜਦੋਂ ਕੁੱਝ ਲੋਕ ਤੁਹਾਡਾ ਨਾਂ ਲੈ ਕੇ ਹੀ ਖਾਣਾ ਖਾ ਜਾਂਦੇ ਸਨ। 

ਉਸ ਦੀ ਇਸ ਖੁੱਲ੍ਹਦਿਲੀ ਨੇ ਹੀ ਅੱਜ ਉਸ ਨੂੰ ਭਾਗ ਲਗਾਏ ਹੋਏ ਹਨ। ਉਸ ਦੀ ਪਤਨੀ ਡਾ. ਬਲਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਜਲੰਧਰ ਕੈਂਪਸ ਵਿਚੋਂ ਪੰਜਾਬੀ ਦੀ ਪ੍ਰੋਫ਼ੈਸਰ ਰਿਟਾਇਰ ਹੋਈ ਹੈ। ਉਨ੍ਹਾਂ ਦੇ ਦੋ ਬੇਟਿਆਂ ਵਿਚ ਇਕ ਮੁੰਬਈ ਵਿਚ ਫ਼ਿਲਮ ਡਾਇਰੈਕਟਰ ਹੈ ਜਿਸ ਨੇ ਕਈ ਫ਼ਿਲਮਾਂ ਵਿਚ ਛੋਟੀ ਉਮਰੇ ਬੜੀ ਪ੍ਰਸਿੱਧੀ ਖੱਟੀ ਹੈ। ਉਸ ਦਾ ਨਾਂ ਅਨੁਰਾਗ ਸਿੰਘ ਹੈ ਤੇ ਦੂਜਾ ਅਪਣੇ ਚਾਚੇ ਅਜੀਤ ਸਿੰਘ ਕੋਲ ਅਮਰੀਕਾ ਰਹਿੰਦਾ ਹੈ। ਗੱਲ ਥੋੜੀ ਜਹੀ ਲਾਂਭੇ ਚਲੀ ਗਈ ਹੈ। ਅਸਲ ਗੱਲ ਤਾਂ ਰੇਲ ਗੱਡੀ ਵਿਚ ਸਫ਼ਰ ਕਰਦਿਆਂ ਬਿਨਾਂ ਟਿਕਟ ਫੜੇ ਜਾਣ ਦੀ ਕਰਨੀ ਸੀ। 

ਉਹ ਭਾਣਾ ਇਸ ਤਰ੍ਹਾਂ ਵਾਪਰਿਆ ਕਿ ਜਲੰਧਰੋਂ ਲੁਧਿਆਣਾ ਆਉਣ-ਜਾਣ ਦਾ ਪਾਸ ਤਾਂ ਮੈਂ ਬਣਾਇਆ ਹੋਇਆ ਸੀ। ਇਕ ਦਿਨ ਦੁਪਹਿਰੇ ਜਦੋਂ ਲੁਧਿਆਣਿਉਂ ਜਲੰਧਰ ਨੂੰ ਆ ਰਿਹਾ ਸੀ ਤਾਂ ਫਿਲੌਰ ਦੇ ਨੇੜੇ ਜਹੇ ਇਕ ਟਿਕਟ ਚੈਕਰ ਸਾਡੇ ਡੱਬੇ ਵਿਚ ਆ ਵੜਿਆ। ਟਿਕਟਾਂ ਚੈਕ ਕਰਦਾ ਕਰਦਾ ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਜੇਬ ਵਿਚੋਂ ਅਪਣਾ ਰੇਲਵੇ ਪਾਸ ਉਸ ਦੇ ਹੱਥ ਫੜਾ ਦਿਤਾ। ਉਸ ਨੇ ਜਦੋਂ ਪਾਸ ਉਤੇ ਘੋਖਵੀਂ ਨਜ਼ਰ ਮਾਰੀ ਤਾਂ ਕਹਿਣ ਲੱਗਾ, ‘‘ਸਰਦਾਰ ਜੀ ਇਹ ਪਾਸ ਤਾਂ ਕੱਲ੍ਹ ਦਾ ਖ਼ਤਮ ਹੋ ਗਿਐ ਤੇ ਹੁਣ ਬਿਨਾਂ ਟਿਕਟ ਹੋਣ ਕਰ ਕੇ ਜੁਰਮਾਨਾ ਲੱਗੂ।’’

ਇਹ ਸੁਣ ਕੇ ਮੇਰੀ ਖਾਨਿਉ ਗਈ ਅਤੇ ਮੈਂ ਉਸ ਨੂੰ ਪਾਸ ਵਿਖਾਉਣ ਲਈ ਕਿਹਾ, ਜੋ ਉਸ ਨੇ ਮੈਨੂੰ ਵਾਪਸ ਕਰ ਦਿਤਾ। ਮੇਰੀ ਜਦੋਂ ਪਾਸ ਦੀ ਤਰੀਕ ਉਤੇ ਨਜ਼ਰ ਪਈ ਤਾਂ ਮੈਨੂੰ ਕਾਫ਼ੀ ਨਮੋਸ਼ੀ ਹੋਈ ਕਿ ਮੇਰੀ ਛੋਟੀ ਜਹੀ ਬੇਧਿਆਨੀ ਜਾਂ ਅਣਗਹਿਲੀ ਨੇ ਅੱਜ ਮੈਨੂੰ ਮੁਸ਼ਕਲ ਵਿਚ ਫਸਾ ਦਿਤਾ ਹੈ। ਅਸਲ ਵਿਚ ਕਈ ਵਾਰੀ ਨੱਠ-ਭੱਜ ਵਿਚ ਅਸੀ ਛੋਟੇ-ਛੋਟੇ ਪਰ ਜ਼ਰੂਰੀ ਕੰਮਾਂ ਵਲ ਅਣਗਹਿਲੀ ਵਰਤ ਜਾਂਦੇ ਹਾਂ, ਮਗਰੋਂ ਇਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਰੇਲਵੇ ਪਾਸ ਉਦੋਂ ਵੀਹ ਰੁਪਏ ਦਾ ਬਣਦਾ ਸੀ। ਜਦੋਂ ਟਿਕਟ ਚੈਕਰ ਅਪਣੀ ਪਾਸ ਬੁੱਕ ਕੱਢ ਕੇ ਮੇਰੇ ਕੋਲ ਬੈਠ ਗਿਆ ਤਾਂ ਮੇਰਾ ਸਾਹ ਖ਼ੁਸ਼ਕ ਹੋ ਗਿਆ ਸੀ। ਪਤਾ ਨਹੀਂ ਕਿੰਨਾ ਜੁਰਮਾਨਾ ਠੋਕੇ?

ਮੇਰਾ ਚਿਹਰਾ ਰਤ ਲੱਥਾ ਹੋਇਆ ਵੇਖ ਕੇ ਪੁੱਛਣ ਲੱਗਾ, ‘‘ਸਰਦਾਰ ਜੀ ਕਰਦੇ ਕੀ ਹੋ?’’ ‘‘ਮੈਂ ਆਰੀਆ ਕਾਲਜ ਲੁਧਿਆਣਾ ਵਿਚ ਪੜ੍ਹਾਉਂਦਾ ਹਾਂ ਤੇ ਰਾਤ ਨੂੰ ਮੇਰੀ ਰਿਹਾਇਸ਼ ਜਲੰਧਰ ਹੁੰਦੀ ਹੈ’’, ਮੇਰਾ ਜਵਾਬ ਸੀ। ਮੈਂ ਵੇਖਿਆ ਕਿ ਮੇਰਾ ਜਵਾਬ ਸੁਣ ਕੇ ਉਹ ਥੋੜ੍ਹਾ ਜਿਹਾ ਢਿੱਲਾ ਪੈ ਗਿਆ। ਫਿਰ ਜਾਂਚ ਪੜਤਾਲ ਵਾਂਗ ਪੁੱਛਣ ਲੱਗਾ, ‘‘ਅਜਕਲ ਪਿ੍ਰੰਸੀਪਲ ਸਾਹਿਬ ਕੌਣ ਹਨ ਤੇ ਕੀ ਤੁਸੀ ਡਾ. ਕੇ. ਸੀ ਗੁਪਤਾ ਨੂੰ ਜਾਣਦੇ ਹੋ?’’ ਮੈਂ ਜਦੋਂ ਕਾਲਜ ਪਿ੍ਰੰਸੀਪਲ ਪ੍ਰੋ. ਵਿਦਿਆ ਸਾਗਰ ਤੇ ਡਾ. ਗੁਪਤਾ ਬਾਰੇ ਜਾਣਕਾਰੀ ਦਿਤੀ ਤੇ ਕਿਹਾ ਕਿ ‘‘ਮੈਨੂੰ ਕਾਲਜ ਵਿਚ ਲੈਕਚਰਾਰ ਲਗਵਾਇਆ ਹੀ ਉਨ੍ਹਾਂ ਨੇ ਹੈ ਤੇ ਉਨ੍ਹਾਂ ਦੇ ਨਾਲ ਹੀ ਮੈਂ ਪੜ੍ਹਾਉਂਦਾ ਹਾਂ।’’

ਇਸ ਪਿੱਛੋਂ ਉਹ ਇਹ ਕਹਿ ਕੇ ਦੂਜੀਆਂ ਸਵਾਰੀਆਂ ਵਲ ਹੋ ਪਿਆ ਕਿ ‘‘ਮੈਂ ਵੀ ਉਸੇ ਕਾਲਜ ਦਾ ਵਿਦਿਆਰਥੀ ਰਿਹਾ ਹਾਂ। ਡਾ. ਗੁਪਤਾ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ਕਹਿਣਾ।’’ ਉਸ ਨੇ ਇਹ ਨਸੀਹਤ ਵੀ ਦਿਤੀ ਕਿ ਇਹੋ ਜਹੇ ਕੰਮਾਂ ਪ੍ਰਤੀ ਅਣਗਹਿਲੀ ਵਰਤਣ ਨਾਲ ਅਕਸ ਨੂੰ ਧੱਕਾ ਲਗਦਾ ਹੈ ਤੇ ਮੈਂ ਕਿਹਾ ਕੱਲ ਹੀ ਅਪਣਾ ਪਾਸ ਨਵਿਆ ਲਵਾਂਗਾ। ਕੁੱਝ ਕਦਮ ਜਾ ਕੇ ਉਹ ਫਿਰ ਪਰਤਿਆ ਤੇ ਇਕ ਪਰਚੀ ਦੇ ਕੇ ਕਹਿਣ ਲੱਗਾ ਕਿ ਜਲੰਧਰ ਜਿਥੇ ਵੀ ਉਰਤਨਾ ਹੋਵੇ, ਬਾਹਰਲੇ ਗੇਟ ਉਤੇ ਚੈਕਰ ਨੂੰ ਦੇ ਦੇਵੀਂ। ਉਸ ਨੇ ਅਪਣਾ ਨਾਂ ਉਸ ਪਰਚੀ ਉਤੇ ਲਿਖਿਆ ਹੋਇਆ ਸੀ।

ਜੁਰਮਾਨੇ ਤੋਂ ਭਾਵੇਂ ਮੇਰਾ ਖਹਿੜਾ ਛੁਟ ਗਿਆ ਸੀ। ਅੱਜ ਵੀ ਇਹ ਵਾਕਿਆ ਅੱਧੀ ਸਦੀ ਬਾਅਦ ਮੇਰੇ ਦਿਲ ਦਿਮਾਗ਼ ਉਤੇ ਕੱਲ੍ਹ ਵਾਂਗ ਉਕਰਿਆ ਹੋਇਆ ਹੈ। ਸ਼ਾਮੀ ਜਦੋਂ ਜਲੰਧਰ ਆ ਕੇ ਮੈਂ ਇਹ ਘਟਨਾ ਚਰਨ ਸਿੰਘ ਨੂੰ ਸੁਣਾਈ ਸੀ ਤਾਂ ਉਹ ਵੀ ਕਹਿਣ ਲੱਗੇ ਭਾਊ, ‘‘ਇਹੋ ਜਹੀ ਬੇਧਿਆਨੀ ਤੋਂ ਬਚੋ, ਐਵੇਂ ਪੱਤ ਲੱਥ ਜਾਂਦੀ ਹੁੰਦੀ ਹੈ।’’ ਉਹ ਮੈਨੂੰ ਪਿਆਰ ਨਾਲ ਭਾਊ ਕਹਿੰਦਾ ਸੀ। ਮੈਂ ਟਿਕਟ ਚੈਕਰ ਤੇ ਚਰਨ ਸਿੰਘ ਦੀ ਨਸੀਹਤ ਪੱਲੇ ਗੰਢ ਮਾਰ ਲਈ ਹੈ ਅਤੇ ਪਾਠਕਾਂ ਲਈ ਵੀ ਮੇਰੀ ਇਹ ਲਿਖਤ ਨਸੀਹਤ ਹੀ ਹੈ। 
ਸੰਪਰਕ : 98141-22870  ਸ਼ੰਗਾਰਾ ਸਿੰਘ ਭੁੱਲਰ