ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਸਨ ਉਸਤਾਦ ਦਾਮਨ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਗੁਰਦੇਵ ਸਿੰਘ ਮਾਨ ਅਨੁਸਾਰ ਦਾਮਨ ਇਨਕਲਾਬੀ ਕਵੀ ਸੀ

Ustad Daman

ਉਸਤਾਦ ਦਾਮਨ (ਅਸਲ ਨਾਂ ਚਿਰਾਗ਼ ਦੀਨ) ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸਨ। ਉਹ ਸਾਰੀ ਉਮਰ ਲਾਹੌਰ ਹੀ ਰਿਹਾ ਅਤੇ ਦਰਜ਼ੀ ਦਾ ਕੰਮ ਕੀਤਾ। ਇਹ ਬੜੀ ਦਿਲਚਸਪ ਗੱਲ ਹੈ ਕਿ ਉਨ੍ਹਾਂ ਨੇ ਬਕਾਇਦਾ ਟੇਲਰਿੰਗ ਦਾ ਕੋਰਸ ਪਾਸ ਕੀਤਾ ਅਤੇ ਨਵੇਂ ਫ਼ੈਸ਼ਨ ਦੇ ਕੋਟ, ਪੈਂਟ ਆਦਿ ਸਿਉਂਦੇ ਸਨ, ਪਰ ਖ਼ੁਦ ਸ਼ੁਧ ਪੰਜਾਬੀ ਪਹਿਰਾਵਾ ਕੁੜਤਾ-ਚਾਦਰਾ, ਸਿਰ ਤੇ ਪਰਨਾ ਅਤੇ ਮੋਢੇ ਚਾਦਰਾ ਰਖਦੇ ਸਨ।

ਭਾਸ਼ਾ ਪੱਖੋਂ ਵੀ ਉਹ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ ਪਰ ਪੰਜਾਬੀ ਦੇ ਸ਼ੁਦਾਈ ਸਨ। ਉਨ੍ਹਾਂ ਦੀਆਂ ਕੁੱਝ ਸਤਰਾਂ ਤਾਂ ਲੋਕ ਸਤਰਾਂ ਬਣ ਚੁਕੀਆਂ ਹਨ।

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ 'ਚ ਪਲ ਕੇ ਜਵਾਨ ਹੋਇਉਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।

ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ, ਜਿਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲਗਦੈ, ਲੋਕੀਂ ਆਖਦੇ ਨੇ,
ਤੂੰ ਪੁਤਰਾ ਅਪਣੀ ਮਾਂ ਛੱਡ ਦੇ।

ਇਸ ਤੋਂ ਇਲਾਵਾ 'ਦਾਮਨ ਦੇ ਮੋਤੀ' ਪੁਸਤਕ ਵੀ ਮਿਲਦੀ ਹੈ। ਗੁਰਦੇਵ ਸਿੰਘ ਮਾਨ ਅਨੁਸਾਰ ਦਾਮਨ ਇਨਕਲਾਬੀ ਕਵੀ ਸੀ। ਉਹ ਪੱਕਾ ਕਾਂਗਰਸੀ ਸੀ। ਸਰਕਾਰ ਤੇ ਨੁਕਤਾਚੀਨੀ ਕਰਨ ਵੇਲੇ ਉਹ ਰਤਾ ਨਹੀਂ ਝਿਜਕਦਾ ਸੀ। ਉਹ ਆਜ਼ਾਦੀ ਦੀ ਲਹਿਰ ਵਿਚ ਕਈ ਵਾਰੀ ਕੈਦ ਹੋਇਆ। ਭੁੱਟੋ ਦੇ ਗ਼ਲਤ ਕੰਮਾਂ ਤੇ ਕਵਿਤਾ ਕਹਿਣ ਤੇ ਉਹਦੇ ਉਤੇ ਝੂਠੇ ਜਬਰ ਜ਼ਨਾਹ ਦਾ ਕੇਸ ਬਣਾ ਕੇ ਉਸ ਨੂੰ ਜੇਲ ਅੰਦਰ ਡੱਕ ਦਿਤਾ ਗਿਆ।

ਦਾਮਨ ਦੀ ਖ਼ਾਸੀਅਤ ਇਹ ਹੈ ਕਿ ਹਰ ਸਮਕਾਲੀ ਘਟਨਾ ਤੇ ਕਵਿਤਾ ਲਿਖਣ ਵਿਚ ਕਮਾਲ ਕਰਦਾ ਸੀ। ਉਸ ਦੀ ਕਵਿਤਾ ਵਿਚ ਹਾਸਰਸ ਪ੍ਰਧਾਨ ਸੀ। ਇਸ ਸੰਗ੍ਰਹਿ ਵਿਚ ਉਸ ਦੇ ਦੋ ਕਾਵਿ-ਛੰਦ ਸ਼ਾਮਲ ਕੀਤੇ ਗਏ ਹਨ। ਦੂਜਾ ਕਾਵਿ ਛੰਦ ਦੇਸ਼-ਵੰਡ ਦੇ ਦੁਖਾਂਤ ਨੂੰ ਦਰਸਾਉਂਦਾ ਹੈ:

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀ,
ਰੋਏ ਤੁਸੀ ਵੀ ਓ, ਰੋਏ ਅਸੀਂ ਵੀ ਆਂ,
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।

ਇਸ ਤੋਂ ਇਲਾਵਾ ਉਸ ਦੀ ਹਾਸਰਸ ਕਵਿਤਾ ਦੀਆਂ ਕੁੱਝ ਸਤਰਾਂ ਇਸ ਪ੍ਰਕਾਰ ਹਨ:-
ਯਾਰੋ ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ,
ਹਰ ਦੁਕਾਨ ਤੇ ਟੈਕਸ, ਮਕਾਨ ਤੇ ਟੈਕਸ,
ਏਸੇ ਵਾਸਤੇ ਘੱਟ ਮੈਂ ਬੋਲਦਾ ਹਾਂ,
ਲਗ ਜਾਵੇ ਨਾ ਕਿਤੇ ਜ਼ੁਬਾਨ ਤੇ ਟੈਕਸ।

ਦਾਮਨ ਉਨ੍ਹਾਂ ਦਾ ਤਖ਼ੱਲਸ ਸੀ। 1947 ਦੀ ਭਾਰਤ ਦੀ ਤਕਸੀਮ ਤੋਂ ਬਾਅਦ ਉਹ ਪਾਕਿਸਤਾਨ ਵਿਚ ਕਈ ਦਹਾਕਿਆਂ ਤਕ ਹਕੂਮਤ ਕਰਦੇ ਰਹੇ ਫ਼ੌਜੀ ਤਾਨਾਸ਼ਾਹਾਂ ਦੇ ਤਿੱਖੇ ਆਲੋਚਕ ਸਨ। ਦਾਮਨ ਦੇ ਸ਼ਾਗਿਰਦ ਫ਼ਰਜ਼ੰਦ ਅਲੀ ਦਾ ਨਾਵਲ 'ਭੁੱਬਲ' ਇਨ੍ਹਾਂ ਦੇ ਜੀਵਨ ਦਾ ਹੱਡੀਂ-ਹੰਢਾਏ ਜੀਵਨ ਦਾ ਬਿਰਤਾਂਤ ਹੈ। ਉਨ੍ਹਾਂ ਦੀਆਂ ਸੱਭ ਤੋਂ ਵਧੇਰੇ ਕਹਾਵਤ ਵਰਗੀਆਂ ਸਤਰਾਂ ਹਨ:

'ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫ਼ਤਿਖ਼ਾਰਉੱਦੀਨ ਨੇ ਲਾਈ ਸੀ। ਦਰਜ਼ੀ ਹੋਣ ਨਾਤੇ 1930 ਵਿਚ ਮੈਂ ਇਫ਼ਤਿਖ਼ਾਰਉੱਦੀਨ ਲਈ ਇਕ ਸੂਟ ਦੀ ਸਿਲਾਈ ਕੀਤੀ ਸੀ ਅਤੇ ਦਾਮਨ ਦੀ ਸ਼ਾਇਰੀ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੇ ਮੈਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਕ ਜਲਸੇ ਵਿਚ ਅਪਣੀ ਕਵਿਤਾ ਸੁਣਾਉਣ ਲਈ ਸੱਦਾ ਦੇ ਦਿਤਾ।'' ਉਥੇ ਦਾਮਨ ਦੀ ਇਕਦਮ ਚੜ੍ਹਾਈ ਹੋ ਗਈ, ਉਥੇ ਹਾਜ਼ਰ ਪੰਡਤ ਨਹਿਰੂ, ਨੇ ਉਸ ਨੂੰ 'ਆਜ਼ਾਦੀ ਦਾ ਸ਼ਾਇਰ' ਕਹਿ ਕੇ ਸਨਮਾਨ ਦਿਤਾ।

ਪਹਿਲਾਂ ਉਹ ਹਮਦਮ ਦੇ ਨਾਂ ਹੇਠ ਲਿਖਦਾ ਹੁੰਦਾ ਸੀ, ਬਾਅਦ ਵਿਚ ਤਖ਼ੱਲਸ ਬਦਲ ਕੇ ਦਾਮਨ ਰਖ ਲਿਆ। ਉਸਤਾਦ ਦਾ ਖ਼ਿਤਾਬ ਉਸ ਨੂੰ ਲੋਕਾਂ ਨੇ ਦਿਤਾ ਸੀ। ਇਸ ਤੋਂ ਬਾਅਦ ਉਹ ਇਨ੍ਹਾਂ ਜਲਸਿਆਂ ਵਿਚ ਬਕਾਇਦਾ ਸ਼ਾਮਲ ਹੋਣ ਲੱਗ ਪਏ। ਉਹ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਆਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦੇ ਸਨ। ਉਨ੍ਹਾਂ ਦੀ ਕਾਵਿ ਕਲਾ ਦੀ ਇਕ ਮਿਸਾਲ :
ਮੈਨੂੰ ਦੱਸ ਓਏ ਰੱਬਾ ਮੇਰਿਆ,
ਹੁਣ ਦੱਸ ਮੈਂ ਕਿਧਰ ਜਾਂ,
ਮੈਂ ਉਥੇ ਢੂੰਡਾਂ ਪਿਆਰ ਨੂੰ,

ਜਿਥੇ ਪੁੱਤਰਾਂ ਖਾਣੀ ਮਾਂ,
ਜਿਥੇ ਕੈਦੀ ਹੋਈਆਂ ਬੁਲਬੁਲਾਂ,
ਤੇ ਬਾਗੀਂ ਬੋਲਣ ਕਾਂ,
ਉਥੇ ਫੁੱਲ ਪਏ ਲੀਰਾਂ ਜਾਪਦੇ,
ਤੇ ਕਲੀਆਂ ਖਿਲੀਆਂ ਨਾ।