ਕਾਸ਼! ਉਹ ਪੁਰਾਣੇ ਦਿਨ ਮੁੜ ਆਉਣ!

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਕ ਦਿਨ ਦੁਪਿਹਰ ਸਮੇਂ ਮੈਂ ਸ਼ਹਿਰ ਵਿਚ ਸਬਜ਼ੀ ਵਾਲੀ ਦੁਕਾਨ ਕੋਲ ਖੜਾ ਸਬਜ਼ੀ ਖ਼ਰੀਦ ਰਿਹਾ ਸੀ ਜਦੋਂ ਇਕ ਬਜ਼ੁਰਗ ਔਰਤ ਨੇ ਮੇਰੇ ਕੋਲੋਂ ਕਿਸੇ ਲੈਬਾਰਟਰੀ ਬਾਰੇ ਪੁਛਿਆ ਜੀ।...

Pic

ਇਕ ਦਿਨ ਦੁਪਿਹਰ ਸਮੇਂ ਮੈਂ ਸ਼ਹਿਰ ਵਿਚ ਸਬਜ਼ੀ ਵਾਲੀ ਦੁਕਾਨ ਕੋਲ ਖੜਾ ਸਬਜ਼ੀ ਖ਼ਰੀਦ ਰਿਹਾ ਸੀ ਜਦੋਂ ਇਕ ਬਜ਼ੁਰਗ ਔਰਤ ਨੇ ਮੇਰੇ ਕੋਲੋਂ ਕਿਸੇ ਲੈਬਾਰਟਰੀ ਬਾਰੇ ਪੁਛਿਆ ਜੀ। ਮੈਂ ਸ਼ਹਿਰੋਂ ਪਿੰਡ ਵਾਲੀ ਬੱਸ ਵਿਚ ਬੈਠਾ ਉਸ ਔਰਤ ਦੀਆਂ ਗੱਲਾਂ ਬਾਰੇ ਸੋਚੀ ਜਾ ਰਿਹਾ ਸਾਂ ਕਿ ਕੋਈ ਅਜਿਹਾ ਵੇਲਾ ਸੀ, ਜਦੋਂ ਸਾਡੇ ਵੱਡੇ ਵਡੇਰੇ ਦਸਦੇ ਹੁੰਦੇ ਸਨ ਕਿ ਜੇ ਕਿਸੇ ਨੂੰ ਬੁਖ਼ਾਰ ਚੜ੍ਹ ਜਾਂਦਾ ਸੀ ਤਾਂ ਅਜਵਾਇਣ ਘੋਟ ਕੇ ਪੀ ਲੈਣੀ। ਹੋਰ ਕਿਸੇ ਬਿਮਾਰੀ ਦਾ ਨਾਂ ਤਾਂ ਕਦੇ ਸੁਣਿਆ ਹੀ ਨਹੀਂ ਸੀ। ਦੇਸੀ ਘਿਉ ਖਾਣਾ, ਬਾਜਰੇ, ਮੱਕੀ ਦੀਆਂ ਰੋਟੀਆਂ, ਗੁੜ ਖਾਣਾ, ਲੱਸੀ ਪੀਣੀ, ਕੁੱਕੜ ਦੀ ਬਾਂਗ ਵੇਲੇ ਹੱਲ ਜੋੜ ਲੈਣੇ, ਦਿਨ ਚੜ੍ਹਦੇ ਨੂੰ ਪੈਲੀ ਵਾਹ ਸੁਟਣੀ। ਪਰ ਅਜਕਲ ਦੀ ਪੀੜ੍ਹੀ ਤਾਂ 7-8 ਵਜੇ ਤਕ ਮੰਜਿਆਂ ਤੋਂ ਹੀ ਨਹੀਂ ਉਠਦੀ। ਸ਼ਾਮ ਨੂੰ ਘੋਲ, ਕਬੱਡੀ ਖੇਡਣੇ, ਮੁਗਧਰ ਚੁਕਣੇ ਤੇ ਡੰਡ ਬੈਠਕਾਂ ਜ਼ਿੱਦ-ਜ਼ਿੱਦ ਕੇ ਮਾਰਨੀਆਂ। ਕਿੰਨੇ ਸੁਖੀ ਸਨ ਸਾਡੇ ਬਜ਼ੁਰਗ, ਜਿਨ੍ਹਾਂ ਨੂੰ ਅੱਜ ਦੀ ਨਵੀਂ ਪੀੜ੍ਹੀ ਕਮਲੇ ਦਸਦੀ ਹੈ।

ਅੱਜ ਵਿਗਿਆਨਕ ਸੋਚ ਏਨੀ ਉਭਰ ਕੇ ਸਾਹਮਣੇ ਆ ਚੁੱਕੀ ਹੈ ਕਿ ਰਹੇ ਰੱਬ ਦਾ ਵਾਸਤਾ। ਅੱਜ ਤਾਂ ਆਦਮੀ ਕੋਲ ਹਰ ਸੁੱਖ ਸਹੂਲਤ ਹੋਣ ਦੇ ਬਾਵਜੂਦ ਉਹ ਪ੍ਰੇਸ਼ਾਨ ਹੀ ਵਿਖਾਈ ਦੇਂਦਾ ਹੈ। ਕਿਸੇ ਦਾ ਬੀ.ਪੀ. ਵਧਦਾ ਹੈ ਤੇ ਕਿਸੇ ਦਾ ਘਟਦਾ ਹੈ। ਕਿਸੇ ਨੂੰ ਸ਼ੂਗਰ ਹੈ ਤੇ ਕਿਸੇ ਨੂੰ ਕਾਲਾ ਪੀਲੀਆ। ਕਿਸੇ ਨੂੰ ਗਠੀਆ ਹੈ ਤੇ ਕਿਸੇ ਨੂੰ ਕੈਂਸਰ ਤੇ ਕਿਸੇ ਦੇ ਹੱਥ ਪੈਰ ਸੁਜਦੇ ਨੇ। ਹੋਰ ਨਾ ਸਹੀ, 50 ਫ਼ੀ ਸਦੀ ਲੋਕਾਂ ਦਾ ਤਾਂ ਹਰ ਵੇਲੇ ਸਿਰ ਜ਼ਰੂਰ ਦੁਖਦਾ ਰਹਿੰਦਾ ਹੈ। ਦੇਸੀ ਘਿਉ, ਦੁਧ ਪੀਣ ਤੋਂ ਡਾਕਟਰ ਮਨ੍ਹਾਂ ਕਰਦੇ ਹਨ। ਕਹਿੰਦੇ ਹਨ ਕਿ ਇਹ ਅੰਦਰ ਨਾੜਾਂ ਵਿਚ ਜੰਮ ਜਾਂਦਾ ਹੈ। ਜੰਮਣਾ ਤਾਂ ਅਪਣੇ ਆਪ ਹੀ ਹੋਇਆ ਜਦੋਂ ਕੋਈ ਕੰਮ ਹੀ ਨਹੀਂ ਕਰਨਾ।

ਹਾਂ, ਕੈਪਸ਼ੂਲ, ਗੋਲੀਆਂ, ਪੀਣ ਵਾਲੀਆਂ ਸ਼ੀਸ਼ੀਆਂ ਜਿੰਨੀਆਂ ਮਰਜ਼ੀ ਖਾਈ ਪੀਵੀ ਚਲੋ। ਗੁੜ, ਪਹਿਲੀ ਗੱਲ, ਕੋਈ ਵਰਤਦਾ ਹੀ ਨਹੀਂ। ਜੇ ਕੋਈ ਭੋਰਾ ਡਲੀ ਖਾ ਲਵੇ ਤਾਂ ਸਾਰਾ ਦਿਨ ਲੋਕਾਂ ਨੂੰ ਦਸੇਗਾ ਕਿ ਅੱਜ ਇਕ ਡਲੀ ਗੁੜ ਦੀ ਖਾਧੀ, ਬੜੀ ਸਵਾਦ ਲੱਗੀ। ਪਸ਼ੂਆਂ ਵਾਸਤੇ ਅੱਧਾ ਕਿਲੋ ਲਿਆਂਦਾ ਸੀ ਦੁਕਾਨ ਤੋਂ। ਬਾਜਰੇ ਜਾਂ ਮੱਕੀ ਦੀ ਰੋਟੀ ਨੂੰ ਅੱਜ ਦੀ ਪੀੜ੍ਹੀ ਸੀਮੈਂਟ ਦੀ ਰੋਟੀ ਦਸਦੀ ਹੈ। ਸ਼ਾਇਦ ਇਸੇ ਲਈ ਅੱਜ ਦੇ ਕੰਪਿਊਟਰ ਯੁਗ ਵਿਚ ਮਨੁੱਖ ਜਿੰਨਾ ਸੁਖੀ ਹੈ, ਓਨਾ  ਹੀ ਦੁਖੀ। ਫ਼ਸਲਾਂ ਉਤੇ ਧੜੱਲੇ ਨਾਲ ਛੜਕਾਅ ਹੋ ਰਹੇ ਨੇ। ਉੁਨ੍ਹਾਂ ਦਾ ਅਸਰ ਵੀ ਸਾਡੇ ਭੋਜਨ ਉਤੇ ਪੈਂਦਾ ਹੀ ਹੈ। ਅੱਜ ਅਸੀ ਕਿਸੇ ਵੀ ਭੋਜਨ ਨੂੰ ਸੰਤੁਲਿਤ ਭੋਜਨ ਨਹੀਂ ਕਹਿ ਸਕਦੇ। ਇਥੋਂ ਤਕ ਕਿ ਅਸੀ ਦੁਧ ਦੇਣ ਵਾਲੇ ਪਸ਼ੂਆਂ ਨੂੰ ਟੀਕੇ ਲਗਾਈ ਜਾ ਰਹੇ ਹਾਂ।

ਰਹਿੰਦੀ ਖੂੰਹਦੀ ਕਸਰ ਅੱਜ ਮਿਲਾਵਟਖ਼ੋਰਾਂ ਨੇ ਕੱਢ ਦਿਤੀ ਹੈ। ਬਾਜ਼ਾਰ ਵਿਚੋਂ ਕੋਈ ਵੀ ਚੀਜ਼ ਤੁਹਾਨੂੰ ਸ਼ੁੱਧ ਨਹੀਂ ਮਿਲ ਸਕਦੀ। ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣ ਬੈਠਾ ਹੈ। ਇਸੇ ਲਈ ਅੱਜ ਘਰ ਵਿਚੋਂ ਘੱਟੋ-ਘੱਟ ਇਕ ਬੰਦੇ ਨੂੰ ਤਾਂ ਕੋਈ ਨਾ ਕੋਈ ਬਿਮਾਰੀ ਪੱਕਾ ਹੁੰਦੀ ਹੈ। ਹਸਪਤਾਲਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਜ਼ਰੂਰ ਮਰੀਜ਼ ਮਿਲਦੇ ਹਨ। ਡਾਕਟਰ ਅੱਗੋਂ ਕਿਸੇ ਨੂੰ ਥੁੱਕ ਟੈਸਟ ਕਰਾਉਣ, ਕਿਸੇ ਨੂੰ ਖ਼ੂਨ ਟੈਸਟ ਕਰਾਉਣ, ਕਿਸੇ ਨੂੰ ਪੇਸ਼ਾਬ ਟੈਸਟ ਕਰਾਉਣ ਲਈ ਲੈਬਾਰਟਰੀਆਂ ਵਿਚ ਤੋਰੀ ਰਖਦੇ ਹਨ ਕਿਉਂਕਿ ਉੁਨ੍ਹਾਂ ਨਾਲ ਹਿੱਸਾ ਪੱਤੀ ਕੀਤੀ ਹੁੰਦੀ ਹੈ। 

ਅੱਜ ਤਾਂ ਜੰਮਦੇ ਬੱਚੇ ਨੂੰ ਸੌ-ਸੌ ਬਿਮਾਰੀਆਂ ਚਿੰਬੜੀਆਂ ਹੁੰਦੀਆਂ ਹਨ। ਸਾਇੰਸ ਨੇ ਭਾਵੇਂ ਅੱਜ ਲੱਖ ਤਰੱਕੀ ਕਰ ਲਈ ਹੋਵੇ ਪਰ ਮਨੁੱਖ ਹੱਦੋਂ ਵੱਧ ਪ੍ਰੇਸ਼ਾਨ ਹੋਇਆ ਪਿਆ ਹੈ। ਇਹ ਤਾਂ ਸੁਭਾਵਿਕ ਹੀ ਹੈ ਕਿ ਜਦੋਂ ਅਸੀ ਕੁਦਰਤ ਨਾਲ ਛੇੜ-ਛਾੜ ਕਰਾਂਗੇ ਤਾਂ ਉਸ ਦੇ ਨਤੀਜੇ ਤਾਂ ਭੈੜੇ ਹੀ ਨਿਕਲਣਗੇ। ਪਿੰਡ ਦੇ ਅੱਡੇ ਉਤੇ ਬੱਸ ਵਿਚੋਂ ਉਤਰ ਕੇ ਘਰ ਵਲ ਆਉੁਂਦਿਆਂ ਮੇਰੇ ਦਿਮਾਗ਼ ਵਿਚ ਪੁਰਾਣੇ ਜ਼ਮਾਨੇ ਵਾਲੀ ਬੇਬੇ ਦੀ ਸ਼ਕਲ ਅੱਖਾਂ ਸਾਹਮਣੇ ਘੁੰਮ ਰਹੀ ਸੀ, ਜੋ ਸਬਜ਼ੀ ਵਾਲੀ ਦੁਕਾਨ ਤੋਂ ਸਬਜ਼ੀ ਲੈਂਦਿਆਂ ਮੇਰੇ ਸਾਹਮਣੇ ਆ ਕੇ ਪੁੱਛਣ ਲਗੀ, ''ਵੇ ਪੁੱਤਰਾ! ਇਥੇ ਕੋਈ ਲੈਗੋਟਰੀ ਹੈਗੀ ਆ?'' ਮੈਂ ਦਸਿਆ, ''ਮਾਤਾ ਜੀ, ਦਸ ਕੁ ਦੁਕਾਨਾਂ ਛੱਡ ਕੇ ਅੱਗੇ ਹੈ।''

ਮੈਨੂੰ ਇੰਜ ਜਾਪ ਰਿਹਾ ਸੀ ਕਿ 75 ਵਰ੍ਹਿਆਂ ਦੀ ਬੇਬੇ ਅਪਣੀ ਨੂੰਹ ਦਾ ਕੋਈ ਟੈਸਟ ਲੈਬਾਰਟਰੀ ਤੋਂ ਕਰਵਾਉਣ ਆਈ ਮੂੰਹ ਵਿਚ ਬੁੜ-ਬੁੜ ਕਰਦੀ ਜਾ ਰਹੀ ਸੀ। ਮੈਂ ਖੜਾ ਸੋਚ ਰਿਹਾ ਸਾਂ ਕਿ ਅੱਜ ਦੀ ਨਵੀਂ ਪਨੀਰੀ ਨੂੰ ਨਸ਼ਿਆਂ ਤੇ ਬੀਮਾਰੀ ਨੇ ਖਾ ਲਿਐ। ਅੱਜ ਤਾਂ ਜਵਾਨੀ ਵੇਲੇ ਹੀ ਗਭਰੂ ਬੁੱਢੇ ਜਾਪਦੇ, ਬੁਢਾਪੇ ਤਕ ਆਉੁਂਦਿਆਂ ਤਾਂ ਬਸ, ਚਲੋ ਜੋ ਰੱਬ ਨੂੰ ਮਨਜ਼ੂਰ, ਹੋਣਾ ਤਾਂ ਉਹੀ ਹੈ।
- ਕੁਲਦੀਪ ਸਿੰਘ,  ਸੰਪਰਕ : ਪਿੰਡ ਭਾਗ ਸਿੰਘ ਵਾਲਾ, ਜ਼ਿਲ੍ਹਾ ਫ਼ਰੀਦਕੋਟ।