ਮਿੰਨੀ ਕਹਾਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਝੋਨੇ ਦੀ ਬੀਜ ਬਿਜਾਈ ਤੋਂ ਵਿਹਲਾ ਹੋ ਨਾਜ਼ਰ ਸਿੰਘ ਰੋਜ਼ਾਨਾ ਦੇ ਘਰੇਲੂ ਸਾਮਾਨ ਦੀ ਖ਼ਰੀਦੋ-ਫ਼ਰੋਖ਼ਤ ਲਈ ਬਾਜ਼ਾਰ ਗਿਆ ਤਾਂ ਬਾਜ਼ਾਰ ਵਿਚ ਹਰ ...

Farmer Rice Paddy Field

ਝੋਨੇ ਦੇ ਭਾਅ : ਝੋਨੇ ਦੀ ਬੀਜ ਬਿਜਾਈ ਤੋਂ ਵਿਹਲਾ ਹੋ ਨਾਜ਼ਰ ਸਿੰਘ ਰੋਜ਼ਾਨਾ ਦੇ ਘਰੇਲੂ ਸਾਮਾਨ ਦੀ ਖ਼ਰੀਦੋ-ਫ਼ਰੋਖ਼ਤ ਲਈ ਬਾਜ਼ਾਰ ਗਿਆ ਤਾਂ ਬਾਜ਼ਾਰ ਵਿਚ ਹਰ ਚੀਜ਼ ਦੇ ਅਸਮਾਨੀ ਚੜ੍ਹੇ ਭਾਅ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆੜ੍ਹਤੀਏ ਤੋਂ ਫੜੇ ਪੈਸਿਆਂ ਨਾਲ ਕੁੱਝ ਕੁ ਜ਼ਰੂਰੀ ਜ਼ਰੂਰੀ ਵਸਤਾਂ ਖ਼ਰੀਦ ਕੇ ਪਿੰਡ ਵੜਦਾ ਹੀ ਨਾਜ਼ਰ ਸਿੰਘ ਮੈਨੂੰ ਮਿਲ ਪਿਆ, ''ਬਾਈ ਸਿੰਹਾਂ ਬਾਜ਼ਾਰ 'ਚ ਤਾਂ ਮਹਿੰਗਾਈ ਬਹੁਤੀ ਹੋਈ ਪਈ ਏ। ਆੜ੍ਹਤੀਏ ਤੋਂ ਫੜੇ ਪੈਸਿਆਂ ਨਾਲ ਮਸਾਂ ਚਾਹ-ਗੁੜ ਹੀ ਆਇਐ। ਇਹ ਇਕਦਮ ਐਨੀ ਮਹਿੰਗਾਈ ਕਿਵੇਂ ਹੋ ਗਈ?'' ਮਹਿੰਗਾਈ ਦਾ ਦਬੱਲਿਆ ਨਾਜਰ ਇੱਕੋ ਸਾਹ ਮੈਨੂੰ ਕਈ ਸਵਾਲ ਕਰ ਗਿਆ।
''ਹਾਂ ਨਾਜ਼ਰਾ ਸਰਕਾਰ ਨੇ ਜੀ.ਐੱਸ.ਟੀ. ਲਾਗੂ ਕਰ ਦਿਤੈ ਜਿਸ ਨਾਲ ਤਕਰੀਬਨ ਸਾਰੀਆਂ ਹੀ ਚੀਜ਼ਾਂ ਦੇ ਰੇਟ ਵੱਧ ਗਏ ਨੇ।'' ਮੈਂ ਵਧੀਆਂ ਕੀਮਤਾਂ ਬਾਰੇ ਨਾਜ਼ਰ ਦੇ ਸਵਾਲ ਦਾ ਜਵਾਬ ਦਿਤਾ।

''ਬਾਈ ਫੇਰ ਤਾਂ ਜੀ.ਐਸ.ਟੀ. ਲੱਗਣ ਨਾਲ ਅਪਣੇ ਝੋਨੇ ਦਾ ਭਾਅ ਵੀ ਵਾਹਵਾ ਵੱਧ ਜਾਵੇਗਾ।'' ਨਾਜ਼ਰ ਨੇ ਉਮੀਦ ਭਰੀਆਂ ਨਜ਼ਰਾਂ ਨਾਲ ਮੋੜਵਾਂ ਸਵਾਲ ਕੀਤਾ। ਨਾਜ਼ਰ ਵਲੋਂ ਪੁੱਛੇ ਸਵਾਲ ਨੇ ਮੇਰੇ ਅੰਦਰ ਕਈ ਸਵਾਲ ਹੋਰ ਖੜੇ ਕਰ ਦਿਤੇ ਕਿ ਆਖ਼ਰ ਕਿਉਂ ਸਰਕਾਰ ਵਲੋਂ ਲਾਏ ਟੈਕਸਾਂ ਨਾਲ ਸਾਡੇ ਵਲੋਂ ਖ਼ਰੀਦੀਆਂ ਜਾਣ ਵਾਲੀਆਂ ਵਸਤਾਂ ਹੀ ਮਹਿੰਗੀਆਂ ਹੁੰਦੀਆਂ ਹਨ? ਜੋ ਜਿਨਸਾਂ ਅਸੀ ਵੇਚਣੀਆਂ ਹੁੰਦੀਆਂ ਹਨ ਟੈਕਸਾਂ ਨਾਲ ਉਨ੍ਹਾਂ ਦਾ ਰੇਟ ਕਿਉਂ ਨਹੀਂ ਵਧਦਾ? ਟੈਕਸਾਂ ਦਾ ਫ਼ਾਇਦਾ ਸਿਰਫ਼ ਸਰਕਾਰ ਅਤੇ ਗਿਣੇ-ਚੁਣੇ ਲੋਕਾਂ ਨੂੰ ਹੀ ਕਿਉਂ ਹੁੰਦਾ ਹੈ? ਨਾਜ਼ਰ ਸਿੰਘ ਵਲੋਂ ਪੁੱਛੇ ਇਕ ਸਵਾਲ ਤੋਂ ਉਪਜੇ ਕਈ ਸਵਾਲਾਂ ਦਾ ਜਵਾਬ ਲਭਦਾ ਮੈਂ ਪਤਾ ਨਹੀਂ ਕਦੋਂ ਘਰ ਪਹੁੰਚ ਗਿਆ। -ਬਿੰਦਰ ਸਿੰਘ ਖੁੱਡੀ ਕਲਾਂ, ਸੰਪਰਕ- 98786-05965

ਟਿਊਸ਼ਨ : ਉਜਾਗਰ ਸਿੰਘ ਅੱਜ ਦੱਸਣ ਲੱਗਾ ਕਿ ਜਦ ਉਹ ਅਪਣੇ ਪੋਤੇ ਨੂੰ ਸਕੂਲ ਦਾਖ਼ਲ ਕਰਵਾਉਣ ਗਿਆ ਤਾਂ ਹਰ ਚੀਜ਼ ਸਕੂਲ ਤੋਂ ਲੈਣੀ ਪਈ ਜਿਵੇਂ ਕਾਪੀਆਂ, ਪੈਨਸਿਲਾਂ, ਪੈੱਨ, ਫ਼ੁੱਟਾ, ਰਬੜ-ਸ਼ਾਰਪਨਰ, ਜੁਮੈਟਰੀ ਤੇ ਜੁਮੈਟਰੀ ਦੇ ਅੰਦਰ ਦਾ ਸਾਰਾ ਜ਼ਰੂਰੀ ਸਾਮਾਨ, ਕਿਤਾਬਾਂ, ਬੈਗ, ਕਾਪੀਆਂ ਦੇ ਕਵਰ, ਬੂਟ-ਜੁਰਾਬਾਂ, ਪੈਂਟ-ਕਮੀਜ਼, ਟਾਈ-ਬੈਲਟ, ਬੈਚ, ਰੁਮਾਲ ਅਤੇ ਹੋਰ ਬਹੁਤ ਨਿੱਕ ਸੁੱਕ ਦੇ ਨਾਲ ਮੋਟੀ ਫ਼ੀਸ। ਹਰ ਚੀਜ਼ ਤੇ ਸਕੂਲ ਦਾ ਨਾਂ ਛਪਿਆ ਹੋਇਆ ਸੀ। ਇਹ ਸੁਣ ਕੇ ਗੁਰਬਚਨ ਸਿੰਘ ਕਹਿਣ ਲੱਗਾ, ''ਚੱਲ ਰੱਬ ਨੇ ਦਿਤਾ ਹੈ ਤਾਂ ਬੱਚਿਆਂ ਤੇ ਹੀ ਲਾਉਣੈ ਆਪਾਂ। ਨਾਲੇ ਮਹਿੰਗੇ ਤੇ ਵਧੀਆ ਸਕੂਲ ਵਿਚੋਂ ਪੜ੍ਹਾਈ ਵਧੀਆ ਕਰ ਲਊਗਾ ਜੁਆਕ।'' ਪੜ੍ਹਾਈ ਵਾਲੀ ਗੱਲ ਸੁਣਦਿਆਂ ਵਿਚੋਂ ਹੀ ਟੋਕ ਕੇ ਉਜਾਗਰ ਸਿੰਘ ਕਹਿਣ ਲੱਗਾ, ''ਉਸ ਪੜ੍ਹਾਈ ਲਈ ਤਾਂ ਟਿਊਸ਼ਨ ਰਖਵਾਈ ਆ ਬਾਹਰ। ਸਕੂਲਾਂ ਵਿਚ ਤਾਂ ਹੁਣ ਕਾਰੋਬਾਰ ਹੀ ਹੁੰਦੈ ਪੜ੍ਹਾਉਣ ਲਿਖਾਉਣ ਦੇ ਕੰਮ ਦਾ ਤਾਂ ਬੱਸ ਰੱਬ ਹੀ ਰਾਖਾ..!'' -ਇਕਵਾਕ ਸਿੰਘ ਪੱਟੀ, ਸੰਪਰਕ : 98150-24920