ਮਿੰਨੀ ਕਹਾਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਚੋਣ ਅਮਲਾ ਪਿੰਡ ਦੇ ਸਰਕਾਰੀ ਸਕੂਲ 'ਚ ਆ ਪਹੁੰਚਿਆ ਤਾਂ ਪਿੰਡ ਦੇ ਕੁੱਝ ਨੌਜੁਆਨ ਵੀ ਉਥੇ ਇਕੱਠੇ ਹੋ ਗਏ। ਜਦੋਂ ਚੋਣ ਅਧਿਕਾਰੀ ਟਰੱਕ 'ਚੋਂ ਚੋਣ ਸਮੱਗਰੀ ਉਤਾਰ ਕੇ ਸਕੂਲ...

Stories

ਕੁਤਰੇ ਵਾਲੀਆਂ ਮਸ਼ੀਨਾਂ : ਚੋਣ ਅਮਲਾ ਪਿੰਡ ਦੇ ਸਰਕਾਰੀ ਸਕੂਲ 'ਚ ਆ ਪਹੁੰਚਿਆ ਤਾਂ ਪਿੰਡ ਦੇ ਕੁੱਝ ਨੌਜੁਆਨ ਵੀ ਉਥੇ ਇਕੱਠੇ ਹੋ ਗਏ। ਜਦੋਂ ਚੋਣ ਅਧਿਕਾਰੀ ਟਰੱਕ 'ਚੋਂ ਚੋਣ ਸਮੱਗਰੀ ਉਤਾਰ ਕੇ ਸਕੂਲ ਦੇ ਕਮਰੇ ਵਿਚ ਰੱਖ ਰਹੇ ਸਨ ਪਿੰਡ ਦਾ ਇਕ ਨੌਜੁਆਨ ਕਿੰਦਾ ਬੋਲਿਆ, ''ਲੈ ਬਈ ਆ 'ਗੀਆਂ ਕੁਤਰੇ ਵਾਲੀਆਂ ਮਸ਼ੀਨਾਂ।'' ''ਬੁੱਧੂਆ ਕੁਤਰੇ ਵਾਲੀਆਂ ਨਹੀਂ, ਵੋਟਿੰਗ ਮਸ਼ੀਨਾਂ ਨੇ।'' ਇਕੱਠ ਵਿਚੋਂ ਇਕ ਨੇ ਸਿਆਣਪ ਘੋਟੀ। ''ਨਹੀਂ ਭਰਾਵੋ ਇਹ ਕੁਤਰੇ ਵਾਲੀਆਂ ਮਸ਼ੀਨਾਂ ਹੀ ਨੇ।'' ਕਿੰਦੇ ਨੇ ਦ੍ਰਿੜਤਾ ਨਾਲ ਫਿਰ ਦੁਹਰਾਇਆ। ਸੱਭ ਦੇ ਕੰਨ ਖੜੇ ਹੋ ਗਏ ਤੇ ਇਕ ਸਵਾਲ ਉਭਰਿਆ, ''ਉਹ ਕਿਵੇਂ?''

''ਭਰਾਵੋ ਜਦੋਂ ਅਸੀ ਇਸ ਮਸ਼ੀਨ ਦਾ ਬਟਨ ਦਬਾ ਕੇ ਕਮਰੇ 'ਚੋਂ ਬਾਹਰ ਨਿਕਲਦੇ ਹਾਂ ਤਾਂ ਸਾਡੇ ਹੱਥ ਅਤੇ ਜ਼ੁਬਾਨ ਕੱਟੀ ਜਾਂਦੀ ਹੈ। ਫਿਰ ਅਸੀ ਪੰਜ ਸਾਲ ਲਈ ਹਨੇਰੇ ਵਿਚ ਟੁੰਡ ਮਾਰਦੇ ਅਤੇ ਬੇਜ਼ੁਬਾਨ ਪਸ਼ੂਆਂ ਵਾਂਗ ਜੂਨ ਕੱਟੀ ਜਾਂਦੇ ਹਾਂ।'' ਕਿੰਦੇ ਦੀ ਖਰੀ ਗੱਲ ਸੁਣ ਕੇ ਉਥੇ ਸੰਨਾਟਾ ਛਾ ਗਿਆ। ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505

ਪੈਨਸ਼ਨ ਬੰਦ : 74 ਸਾਲ ਦਾ ਬੰਤਾ ਸਿੰਘ ਬੀ.ਡੀ.ਪੀ.ਓ. ਦਫ਼ਤਰ ਦੇ ਅੰਦਰ ਜਦੋਂ ਦੋਵੇਂ ਹੱਥ ਜੋੜ ਕੇ ਵਧਿਆ ਤਾਂ ਸਾਹਮਣੇ ਮੁੱਖ ਕੁਰਸੀ ਉਤੇ ਬੈਠੇ ਅਫ਼ਸਰ ਨੇ ਪੁਛਿਆ, ''ਬਾਬਾ ਜੀ ਕਿਵੇਂ ਆਏ ਹੋ?''''ਪੈਨਸ਼ਨ ਬਾਰੇ ਆਇਆ ਸੀ, ਜੇ ਬੇਨਤੀ ਮੰਨੋਗੇ ਤਾਂ?'' ਬੰਤਾ ਸਿੰਘ ਹਲੀਮੀ ਨਾਲ ਬੋਲਿਆ। ''ਪੈਨਸ਼ਨਾਂ ਤਾਂ ਬਾਬਾ ਜੀ ਅਗਲੇ ਮਹੀਨੇ ਇਕੱਠੀਆਂ ਹੀ ਆਉਣਗੀਆਂ ਚਾਰ ਮਹੀਨਿਆਂ ਦੀਆਂ।'' ਅਫ਼ਸਰ ਨੇ ਜਵਾਬ ਦਿਤਾ। ''ਨਹੀਂ ਜੀ, ਮੈਂ ਪੈਨਸ਼ਨ ਦਾ ਪਤਾ ਕਰਨ ਨਹੀਂ ਮੈਂ ਤਾਂ ਪੈਨਸ਼ਨ ਬੰਦ ਕਰਵਾਉਣ ਵਾਸਤੇ ਬੇਨਤੀ ਲੈ ਕੇ ਆਇਆ ਹਾਂ।''

''ਬਾਬਾ ਜੀ ਪੈਨਸ਼ਨ ਬੰਦ ਕਰਵਾਉਣ? ਠੀਕ ਠੀਕ ਬੋਲੋ।'' ਅਫ਼ਸਰ ਨੇ ਹੈਰਾਨੀ ਨਾਲ ਕਿਹਾ। ''ਹਾਂ ਜੀ। ਸੱਚੀਂ ਪੈਨਸ਼ਨ ਬੰਦ ਹੀ ਕਰਵਾਣੀ ਹੈ।''  ''ਕਿਉਂ ਬੰਦ ਕਰਵਾਉਣੀ ਹੈ ਪੈਨਸ਼ਨ ਬਾਬਾ ਜੀ?'' ''ਇਹ ਤਾਂ ਸਾਡੇ ਫੁਕਰੇ ਨੇ ਮੱਲੋ-ਮੱਲੀ ਲਵਾ ਦਿਤੀ ਸੀ। ਮੈਨੂੰ ਵੀ ਇਉਂ ਸੀ ਚਲ ਚਾਰ ਪੈਸੇ ਆਉਂਦੇ ਕੀ ਕਹਿੰਦੇ ਹਨ। ਪਰ ਹੁਣ ਡਰ ਲਗਦੈ। ਜਦ ਵਿਹਲੜ ਘੜੰਮ ਚੌਧਰੀ ਨਿਗੁਣੀ ਜਿਹੀ ਪੈਨਸ਼ਨ ਦੇ ਕੇ ਅਖ਼ਬਾਰ ਵਾਲੀ ਫ਼ੋਟੋ ਵਿਚ ਚੌੜੇ ਹੋ ਕੇ ਖੜ ਜਾਂਦੇ ਹਨ ਜਿਵੇਂ ਪਿਉ ਵਾਲੀ ਕਣਕ ਵੇਚ ਕੇ ਦਿਤੇ ਹੋਣ। ਜੇ ਕਿਤੇ ਅਪਣੀ ਪੱਟ ਕੇ ਮੇਰੀ ਫ਼ੋਟੋ ਅਖ਼ਬਾਰ ਵਿਚ ਲੱਗ ਗਈ ਪੈਨਸ਼ਨ ਲੈਂਦੇ ਦੀ...।

ਜੇ ਕਿ 'ਗੂਠਾ ਲਵਾਉਣੈ ਤਾਂ ਲਵਾ ਲਉ ਪਰ ਮੇਰੀ ਪੈਨਸ਼ਨ ਬੰਦ ਕਰ ਦਿਉ।'' ਬੰਤਾ ਸਿੰਘ ਸਾਰਾ ਕੁੱਝ ਇਕੋ ਸਾਹ ਵਿਚ ਕਹਿ ਗਿਆ। ਬੀ.ਪੀ.ਪੀ.ਓ. ਦਾ ਮਨ ਅੰਦਰੋਂ-ਅੰਦਰੀਂ ਬਾਬੇ ਨੂੰ ਸਲਾਮ ਕਰ ਰਿਹਾ ਸੀ। ਬਲਜਿੰਦਰ ਪ੍ਰਭੂ, ਸੰਪਰਕ : 98760-55002