Panth Ratan Bhai Kanh Singh Nabha: ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ
Panth Ratan Bhai Kanh Singh Nabha: ਭਾਈ ਸਾਹਿਬ ਦੇ ‘ਮਹਾਨ ਕੋਸ਼’ ਨੂੰ ਸਿੱਖ ਸਾਹਿਤ ਦਾ ਵਿਸ਼ਵਕੋਸ਼ ਜਾਂ ਇਨਸਾਈਕਲੋਪੀਡੀਆ ਕਿਹਾ ਜਾਂਦੈ
Panth Ratan Bhai Kanh Singh Nabha: ਭਾਈ ਕਾਨ੍ਹ ਸਿੰਘ ਨਾਭਾ ਮਾਂ ਬੋਲੀ ਪੰਜਾਬੀ ਦੇ ਉਨ੍ਹਾਂ ਮਹਾਨ ਲੇਖਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਵਲੋਂ ਰਚੇ ਸਾਹਿਤ ਦਾ ਮਹੱਤਵ ਪੰਜਾਬ ਦੇ ਇਤਿਹਾਸ ਵਿਚ ਸਦੀਵੀ ਬਣਿਆ ਰਹੇਗਾ। ਆਪ ਦੇ ਵਡੇਰੇ ਭਾਰਤੀ ਗਿਆਨ ਖ਼ਾਸ ਕਰ ਕੇ ਮਿਥਿਹਾਸ ਅਤੇ ਸਿੱਖ ਪੰਥ ਦੀ ਸੰਪਰਦਾਈ ਵਿਦਿਆ ਨਾਲ ਜੁੜੇ ਹੋਏ ਸਨ। ਬਤੌਰ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਦੀ ਸ਼ਖ਼ਸੀਅਤ ਦਾ ਵਿਕਾਸ, ਸਿੱਖ-ਧਰਮ ਦੇ ਉਥਾਨ ਲਈ, ਸਿੰਘ ਸਭਾ ਲਹਿਰ ਦੇ ਪ੍ਰਤਿਬੱਧ ਵਿਚਾਰਾਂ ਦੇ ਪ੍ਰਸਾਰਨ ਅਤੇ ਲਿਖਤੀ ਰੂਪ ਵਿਚ ਪ੍ਰਚਾਰਨ ਦੇ ਯਤਨਾਂ ਵਿਚ ਹੋਇਆ।
ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਨਾਨਕੇ ਘਰ 30 ਅਗੱਸਤ 1861 ਈ: ਨੂੰ ਹੋਇਆ। ਭਾਈ ਕਾਨ੍ਹ ਸਿੰਘ ਦੀ ਖ਼ਾਨਦਾਨੀ ਪ੍ਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ ਜਿਹੜੇ ਕਿ ਜਾਤ ਦੇ ਢਿੱਲੋਂ ਜੱਟ ਤੇ ਪੰਜਾਬ ਵਿਚ ਜ਼ਿਲ੍ਹਾ ਬਠਿੰਡਾ ਦੇ ਪਿੰਡ ‘ਪਿੱਥੋ’ ਦੇ ਪ੍ਰਮੁੱਖ ਸਨ। ਆਪ ਦੇ ਪੜਦਾਦੇ ਬਾਬਾ ਸਰੂਪ ਸਿੰਘ ਤੇ ਪਿਤਾ ਬਾਬਾ ਨਾਰਾਇਣ ਸਿੰਘ ਨੇ ਨਾਭਾ ਵਿਖੇ ਪ੍ਰਸਿੱਧ ਗੁਰਦਵਾਰੇ, ਬਾਬਾ ਅਜਾਪਾਲ ਜੀ ਦੇ ਤਪ ਅਸਥਾਨ ਤੇ ਪ੍ਰਮੁੱਖ ਸੇਵਾਦਾਰਾਂ ਵਜੋਂ ਸ਼ਾਨਦਾਰ ਸੇਵਾ ਕਰਦਿਆਂ ਇਸ ਪਵਿਤੱਰ ਅਸਥਾਨ ਨੂੰ ਗੁਰਮਤਿ ਪ੍ਰਚਾਰ ਦਾ ਪ੍ਰਧਾਨ ਕੇਂਦਰ ਬਣਾਇਆ।
ਅਪਣੇ ਬਚਪਨ ਦੇ ਦਿਨਾਂ ਤੋਂ ਹੀ ਨਾਭਾ ਵਿਖੇ ਅਪਣੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਤੇ ਪ੍ਰਮੁੱਖ ਸਮਕਾਲੀ ਵਿਦਵਾਨਾਂ ਪਾਸੋਂ ਕਾਨ੍ਹ ਸਿੰਘ ਨੇ ਬਹੁਪੱਖੀ ਵਿਦਿਆ ਗ੍ਰਹਿਣ ਕੀਤੀ। ਸੈਰ, ਬਾਗ਼ਬਾਨੀ ਤੇ ਸ਼ਿਕਾਰ ਤੋਂ ਇਲਾਵਾ ਆਪ ਨੂੰ ਸੰਗੀਤ ਦਾ ਵੀ ਬੇਹੱਦ ਸ਼ੌਂਕ ਸੀ। ਆਪ ਦਾ ਪਹਿਲਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਧੂਰੇ ਹੋਇਆ ਪਰ ਭਾਈ ਸਾਹਿਬ ਦੀ ਸੁਪਤਨੀ ਦੀ ਜਲਦੀ ਹੀ ਮੌਤ ਹੋ ਜਾਣ ਕਾਰਨ ਦੂਜਾ ਵਿਆਹ ਮੁਕਤਸਰ ਹੋਇਆ। ਸੰਜੋਗਵਸ ਦੂਸਰੀ ਸੁਪਤਨੀ ਵੀ ਜਲਦੀ ਹੀ ਅਚਾਨਕ ਸਦੀਵੀ ਵਿਛੋੜਾ ਦੇ ਗਈ। ਆਪ ਦਾ ਤੀਜਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਚ ਸ. ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਉਨ੍ਹਾਂ ਦੇ ਇਕਲੌਤੇ ਬੇਟੇ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892 ਈ. ਵਿਚ ਹੋਇਆ। ਭਾਈ ਸਾਹਿਬ ਨੇ ਰਿਆਸਤ ਨਾਭਾ ਅਤੇ ਪਟਿਆਲਾ ਵਿਚ ਕਈ ਉੱਚ ਅਹੁਦਿਆਂ ’ਤੇ ਸੇਵਾ ਕੀਤੀ ਤੇ ਮਹਾਰਾਜਾ ਰਿਪੂਦਮਨ ਸਿੰਘ, ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਤੇ ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ਼ ਆਪ ਦੇ ਪ੍ਰਮੁੱਖ ਸ਼ਿਸ਼ ਬਣੇ।
ਕਿਸੇ ਵੀ ਕੌਮ ਜਾਂ ਦੇਸ਼ ਦੀ ਮਹਾਨਤਾ ਲਈ ਤਿੰਨ ਚੀਜ਼ਾਂ ਬੜੀਆਂ ਮਹੱਤਵਪੂਰਨ ਹੁੰਦੀਆਂ ਹਨ, ਇਕ ਉਸ ਦਾ ਇਤਿਹਾਸ, ਦੂਜਾ ਸਭਿਆਚਾਰ ਅਤੇ ਤੀਜਾ ਉਸ ਦੀ ਮਾਤਰੀ ਬੋਲੀ ਤੇ ਸਾਹਿਤ। ਭਾਈ ਕਾਨ੍ਹ ਸਿੰਘ ਨਾਭਾ ਦੀ ਸ਼ਖ਼ਸੀਅਤ ਦੇ ਅਨੇਕ ਪੱਖਾਂ ’ਚੋਂ ਇਕ ਵਿਸ਼ੇਸ਼ ਪੱਖ ਇਹ ਹੈ ਕਿ ਉਨ੍ਹਾਂ ਨੇ ਅਪਣੀ ਗਹਿਰੀ ਇਤਿਹਾਸਕ ਸੂਝ ਦੇ ਅਧਾਰ ’ਤੇ ਸਿੱਖ ਸ਼ਨਾਖ਼ਤ ਨੂੰ ਹੋਰ ਧਰਮਾਂ ਦੇ ਸੰਦਰਭ ਵਿਚ ਵਿਕਲੋਤਰੇ ਰੂਪ ਵਿਚ ਪੇਸ਼ ਕੀਤਾ। ਇਕ ਲੇਖਕ ਦੇ ਤੌਰ ’ਤੇ ਭਾਈ ਸਾਹਿਬ ਦਾ ਆਗਮਨ 19ਵੀਂ ਸਦੀ ਦੇ ਅਖ਼ੀਰਲੇ ਦਹਾਕੇ ਵਿਚ ਮਹਾਰਾਜਾ ਹੀਰਾ ਸਿੰਘ ਦੀ ਪ੍ਰੇਰਨਾ ਨਾਲ ਨਾਭਾ ਦਰਬਾਰ ’ਚ ਹੋਇਆ।
ਪਹਿਲੇ ਦੌਰ ਦੀਆਂ ਰਚਨਾਵਾਂ ‘ਰਾਜ ਧਰਮ, ਟੀਕਾ ਜੈਮਨੀ ਅਸਵਮੇਧ ਤੇ ਨਾਟਕ ਭਾਵਾਰਥ ਦੀਪਕ ਆਦਿ, ਆਪ ਜੀ ਨੂੰ ਪੁਰਾਤਨ ਵਿਦਿਆ ਦਾ ਧੁਰੰਦਰ ਵਿਦਵਾਨ ਸਿੱਧ ਕਰਦੀਆਂ ਹਨ। ਸਿੰਘ ਸਭਾ ਲਹਿਰ ਤੇ ਹੋਰ ਸੁਧਾਰਕ ਲਹਿਰਾਂ ਦੇ ਪ੍ਰਭਾਵ ਅਧੀਨ, ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ ਹਮ ਹਿੰਦੂ ਨਹੀਂ, ਗੁਰੂਮਤ ਪ੍ਰਭਾਵ, ਗੁਰੂਮਤ ਸੁਧਾਕਰ, ਗੁਰੁ-ਗਿਰਾ ਕਸੌਟੀ, ਸੱਦ ਕਾ ਪਰਮਾਰਥ, ਠਗ-ਲੀਲਾ, ਚੰਡੀ ਦੀ ਵਾਰ ਸਟੀਕ ਤੇ ਅਨੇਕਾਂ ਹੋਰ ਪੁਸਤਕਾਂ ਦੀ ਰਚਨਾ ਸਦਕਾ ਆਪ ਗੁਰਮਤਿ ਦੇ ਮਹਾਨ ਵਿਆਖਿਆਕਾਰ ਵਜੋਂ ਉਭਰ ਕੇ ਸਾਹਮਣੇ ਆਏ। ਉਨ੍ਹਾਂ ਦੀਆਂ ਉਪ੍ਰੋਕਤ ਲਿਖਤਾਂ ਨਾਲ ਗੁਰਮਤਿ ਦਾ ਮਨਮਤਿ ਨਾਲੋਂ ਨਿਖੇੜ ਹੋਇਆ।
ਗੁਰੂਛੰਦ ਦਿਵਾਕਰ ਤੇ ਗੁਰੁ ਸ਼ਬਦਾਲੰਕਾਰ ਪੁਸਤਕਾਂ ਦੀ ਰਚਨਾ ਕਰ ਕੇ ਆਪ ਇਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਵੀ ਪ੍ਰਸਿੱਧ ਹੋਏ। ਇਨ੍ਹਾਂ ਲਿਖਤਾਂ ਨਾਲ ਸਿੱਖ ਰਾਜਨੀਤੀ ਨੂੰ ਸਪੱਸ਼ਟ ਮਨੋਰਥ ਤੇ ਦਿਸ਼ਾ ਦੇਣ ਤੋਂ ਇਲਾਵਾ, ਨਾਲ ਹੀ ਉਨ੍ਹਾਂ ਪਹਿਲੀ ਵਾਰ ਸਿੱਖ ਇਤਿਹਾਸ, ਗੁਰਬਾਣੀ ਤੇ ਸਿੱਖ ਸਾਹਿਤ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਪਰਖ ਕੇ ਉਸ ਵਿਚ ਪਾਏ ਰਲਾਅ ਨੂੰ ਵਖਰਾ ਕਰ ਕੇ ਸਿੱਟਾ ਕਢਿਆ ਕਿ ਗੁਰਬਾਣੀ ਸਨਾਤਨੀ ਵਿਚਾਰਾਂ ਦੀ ਪ੍ਰੋੜਤਾ ਨਹੀਂ ਕਰਦੀ ਅਤੇ ਨਾ ਹੀ ਗੁਰਬਾਣੀ ਧਰਮ ਸ਼ਾਸਤਰਾਂ ਦਾ ਖੁਲਾਸਾ ਹੈ। ਰਾਜਸੀ ਮੈਦਾਨ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਨਾਲ-ਨਾਲ ਸਿੱਖ ਹੱਕਾਂ ਦੀ ਅਲਹਿਦਗੀ ਦਾ ਮੁੱਢ ਬੰਨ੍ਹਣ ਦੇ ਨਾਲ ਨਾਲ, ਸਿੱਖ ਇਕ ਸੁਤੰਤਰ ਕੌਮ ਦੀ ਪਰਿਭਾਸ਼ਾ ਅਭਿਵਿਅਕਤ ਕਰਦਿਆਂ ਭਾਈ ਸਾਹਿਬ ਦਸਦੇ ਹਨ ਕਿ ਅਜਿਹੀ ਨਸਲ ਜੋ ਦੂਸਰਿਆਂ ਤੋਂ ਵੱਖ ਹੋਵੇ ਜਿਨ੍ਹਾਂ ਦੀ ਭਾਸ਼ਾ, ਰਹਿਬਰ, ਧਰਮ ਗ੍ਰੰਥ, ਇਤਿਹਾਸ, ਜੀਵਨ ਜਾਂਚ, ਸਭਿਆਚਾਰ ਤੇ ਰਾਜਸੀ ਜਥੇਬੰਦੀਆਂ ਇਕ ਹੋਣ ਅਤੇ ਹੋਰਨਾਂ ਨਸਲਾਂ ਤੋਂ ਵਖਰੇ ਹੋਣ, ਉਹ ਨਸਲ ਅਪਣੇ ਆਪ ’ਚ ਇਕ ਸੰਪੂਰਨ ਕੌਮ ਹੈ।
ਆਪ ਦੀਆਂ ਮੁਢਲੀਆਂ ਰਚਨਾਵਾਂ ਨੂੰ ਛੱਡ ਕੇ, ਜ਼ਿਆਦਾਤਰ ਰਚਨਾਵਾਂ ਦਾ ਪ੍ਰੇਰਨਾ-ਸਰੋਤ ਸਿੱਖ ਮੱਤ ਪ੍ਰਤੀ ਅਪਾਰ ਸ਼ਰਧਾ, ਉਤੇਜਿਤ ਭਾਵਨਾ ਤੋਂ ਪੈਦਾ ਹੋਇਆ ਪ੍ਰਤੀਕਰਮ, ਵਾਦ-ਵਿਵਾਦ ਲਈ ਉੱਤਰ ਦੇਣਾ, ਇਤਿਹਾਸ ਤੇ ਗੁਰਬਾਣੀ ਦੀ ਖੋਜ ਕਰਨ ਦੀ ਰੁਚੀ, ਸਿੱਖ ਗੁਰੂਆਂ ਪ੍ਰਤੀ ਪਵਿੱਤਰ ਨਿਸ਼ਠਾ ਅਤੇ ਸਿੱਖ ਧਰਮ, ਗੁਰਬਾਣੀ ਦੀ ਸ਼ੁੱਧਤਾ ਉੱਚਤਾ ਬਣਾਈ ਰੱਖਣ ਦੇ ਮੰਤਵ ਕਹੇ ਜਾ ਸਕਦੇ ਹਨ। ਭਾਈ ਸਾਹਿਬ ਨੇ ਇਤਿਹਾਸ ਨੂੰ ਮਿਥਿਹਾਸ ਨਾਲੋਂ ਨਿਖੇੜ ਕੇ ਵੇਖਣ ਵਲ ਰੁਖ਼ ਕੀਤਾ। ਸਿੱਖ ਪਛਾਣ ਨਾਲ ਜੁੜੇ ਮੁੱਦਿਆਂ ਨੂੰ ਅਪਣੇ ਅਧਿਐਨ ਵਿਚ ਸ਼ਾਮਲ ਕੀਤਾ ਅਤੇ ਸਿੱਖ ਇਤਿਹਾਸ ਦੀ ਪੁਨਰ ਵਿਆਖਿਆ ਕੀਤੀ। ਅਪਣੇ ਸਮੇਂ ਦੌਰਾਨ ਉਨ੍ਹਾਂ ਕਈ ਅਜਿਹੇ ਸਾਹਿਤਕ ਕਾਰਜ ਸੰਪੂਰਨ ਕੀਤੇ ਜਿਸ ਦੀ ਆਸ ਕਿਸੇ ਸੰਸਥਾ ਪਾਸੋਂ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕੱਲੇ ਵਿਅਕਤੀ ਪਾਸੋਂ ਨਹੀਂ।
ਭਾਈ ਕਾਨ੍ਹ ਸਿੰਘ ਨਾਭਾ ਦੀ ਪੂਰੀ ਜ਼ਿੰਦਗੀ ਦੀ ਮਿਹਨਤ, ਗੁਰੂ-ਸ਼ਬਦ ਰਤਨਾਕਰ ਮਹਾਨ ਕੋਸ਼, ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਕ ਮੀਲ ਪੱਥਰ ਮੰਨਿਆ ਜਾਂਦਾ ਹੈ ਜਿਸ ਨੂੰ ਸਿੱਖ ਸਾਹਿਤ ਦਾ ਵਿਸ਼ਵਕੋਸ਼ ਜਾਂ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ।
ਜਿਸ ਸਮੇਂ ਭਾਈ ਸਾਹਿਬ ਇਕੱਲੇ ਹੱਥੋਂ (ਸਿੰਗਲ-ਹੈਂਡ) ਇਸ ਮਹਾਨ ਗ੍ਰੰਥ ਦੀ ਰਚਨਾ ਹੋਈ, ਉਸ ਸਮੇਂ ਗਿਆਨ ਇਕੱਠਾ ਕਰਨ ਲਈ ਅੱਜ ਦੀ ਤਰ੍ਹਾਂ ਟੈਲੀਫ਼ੋਨ, ਇੰਟਰਨੈੱਟ, ਟੀਵੀ, ਕੰਪਿਊਟਰ ਵਰਗੀਆਂ ਸੰਚਾਰ ਸਹੂਲਤਾਂ ਪ੍ਰਾਪਤ ਨਹੀਂ ਸਨ। ਇਸ ਅਨੁਪਮ ਗ੍ਰੰਥ ’ਚ ਗੁਰਬਾਣੀ, ਧਰਮ, ਸਾਹਿਤ, ਇਤਿਹਾਸ, ਭੂਗੋਲ, ਚਿਕਿਤਸਾ ਆਦਿ ਅਨੇਕਾਂ ਵਿਸ਼ਿਆਂ ਤੋਂ ਇਲਾਵਾ ਭਾਰਤੀ ਸ਼ਾਸਤਰੀ ਸੰਗੀਤ ਬਾਰੇ ਵੀ ਵਡਮੁੱਲੀ ਜਾਣਕਾਰੀ ਉਪਲਬਧ ਹੈ। ਭਾਈ ਕਾਨ੍ਹ ਸਿੰਘ ਨਾਭਾ ਅਪਣੇ ਅਦੁੱਤੀ ਯੋਗਦਾਨ ਸਦਕਾ ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰਖਦੇ ਹਨ। ਉਨ੍ਹਾਂ ਦੀਆਂ ਰਚੀਆਂ ਕਈ ਦਰਜਨਾਂ ਪੁਸਤਕਾਂ ਦੀ ਪ੍ਰਮਾਣਿਕਤਾ ਉੱਚ ਕੋਟੀ ਦੇ ਪੱਧਰ ਦੀ ਧਾਰਨੀ ਹੈ ਤੇ ਉਨ੍ਹਾਂ ’ਚ ਦਿਤੀ ਜਾਣਕਾਰੀ ਸੰਦੇਹ ਰਹਿਤ ਹੈ। ਆਪ ਜੀ ਦਾ ਮੁੱਖ ਮਕਸਦ ਇਹ ਸੀ ਕਿ ਮਾਨਵੀ ਭਾਈਚਾਰੇ ਤੇ ਇਨਸਾਨੀਅਤ ਨਾਲ ਜੁੜੀ ਵਿਦਵਤਾ, ਪੰਜਾਬੀ ਦੇ ਵਿਦਵਾਨ ਜਗਤ ਵਿਚ ਨਿਰੰਤਰ ਵਿਕਾਸ ਕਰਦੀ ਰਹੇ।
ਅੰਗਰੇਜ਼ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ਼ ਦੀ ਵਿਸ਼ਵ ਪ੍ਰਸਿੱਧ ਪੁਸਤਕ ‘ਦਿ ਸਿੱਖ ਰਿਲੀਜਨ’ ਨੂੰ ਸੰਪੂਰਨ ਕਰਵਾਉਣ ਲਈ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਅਤੇ ਉਸ ਮੌਕੇ ਦੇ ਕਈ ਹੋਰ ਪੰਥਕ ਮਸਲਿਆਂ ਦੇ ਹੱਲ ਲਈ ਵੀ ਆਪ ਦਾ ਯੋਗਦਾਨ ਅਹਿਮ ਹੈ। ਉਨ੍ਹਾਂ ਦੀ ਸੂਝ-ਬੂਝ ਅਤੇ ਰਿਆਸਤ ਨਾਭਾ ਪ੍ਰਤੀ ਵਫ਼ਾਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਇਕ ਅੰਗਰੇਜ਼ ਅਫ਼ਸਰ ਕਰਨਲ ਡਨਲਪ ਸਮਿੱਥ ਨੇ 18 ਜੁਲਾਈ 1905 ਈ. ਨੂੰ ਇਕ ਪੱਤਰ ਦੁਆਰਾ ਮਹਾਰਾਜਾ ਹੀਰਾ ਸਿੰਘ ਨੂੰ ਦਸਿਆ ਕਿ ‘‘ਸਰਦਾਰ ਕਾਨ੍ਹ ਸਿੰਘ ਲਈ ਮੇਰੇ ਦਿਲ ’ਚ ਬਹੁਤ ਇੱਜ਼ਤ ਹੈ। ਅਪਣੇ ਮਹਾਰਾਜਾ ਤੇ ਉਸ ਦੀ ਰਿਆਸਤ ਪ੍ਰਤੀ ਉਸ ਵਰਗਾ ਇਮਾਨਦਾਰ ਅਹਿਲਕਾਰ ਮੈਂ ਅੱਜ ਤਕ ਨਹੀਂ ਦੇਖਿਆ।’’ ‘ਸ਼ਰਾਬ-ਨਿਸ਼ੇਧ’ ਵਰਗੀਆਂ ਸਮਾਜ ਸੁਧਾਰਕ ਪੁਸਤਕਾਂ ਲਿਖਣ ਦੇ ਨਾਲ-ਨਾਲ ਭਾਈ ਸਾਹਿਬ ਨੇ ਪੰਜਾਬੀ ਟੀਕਾਕਾਰੀ ਨੂੰ ਵੀ ਵਿਗਿਆਨਕ ਲੀਹਾਂ ’ਤੇ ਤੋਰਿਆ। ਨਾਭੇ ਦੇ ਇਸ ਵਿਦਵਾਨ ਘਰਾਣੇ ’ਚੋਂ ਵਰਤਮਾਨ ’ਚ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਤੇ ਸਾਹਿਤਕ ਰੁਚੀਆਂ ਦੇ ਧਾਰਨੀ ਹਨ। ਅਪਣੇ ਵਡਮੁੱਲੇ ਸਾਹਿਤਕ ਕਾਰਜਾਂ ਸਦਕਾ ਭਾਈ ਕਾਨ੍ਹ ਸਿੰਘ ਨਾਭਾ ਸਦਾ ਸਦ-ਜੀਵਤ ਰਹਿਣਗੇ। ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਵਿਦਵਾਨ ਜਾਂ ਖੋਜਕਾਰ ਹੋਵੇਗਾ ਜਿਸ ਨੇ ਅਪਣੀ ਖੋਜ ਜਾਂ ਖੋਜਕਾਰਜ ਸੰਪੂਰਨ ਕਰਨ ਲਈ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਤੋਂ ਲਾਭ ਨਾ ਉਠਾਇਆ ਹੋਵੇ।
ਭਾਈ ਕਾਨ੍ਹ ਸਿੰਘ ਨਾਭਾ ਦੀ ਦ੍ਰਿਸ਼ਟੀ ਵਿਸ਼ਵ-ਵਿਆਪੀ, ਆਦਰਸ਼ਵਾਦੀ ਤੇ ਵਿਗਿਆਨਕ ਹੈ। ਜੀਵਨ ਭਰ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਉਨ੍ਹਾਂ ਦੀ ਇਹ ਵਡਮੁੱਲੀ ਘਾਲਣਾ, ਭਾਰਤ ਦੀ ਦਾਰਸ਼ਨਿਕ ਵਿਰਾਸਤ ਨਾਲ ਗਿਆਨ ਦਾ ਰਿਸਤਾ ਜੋੜਨ ’ਚ ਉਜਾਗਰ ਹੁੰਦੀ ਹੈ। 23 ਨਵੰਬਰ 1938 ’ਚ 77 ਸਾਲ ਦੀ ਉਮਰ ’ਚ ਦਿਲ ਦੀ ਧੜਕਨ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹਿਬ ਦਾ ਦੇਹਾਂਤ ਹੋਇਆ। ਆਪ ਜੀ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖ਼ਸੀਅਤ ਕਰ ਕੇ ਸਿੱਖ ਕੌਮ ਵਿਚ ‘ਭਾਈ ਸਾਹਿਬ’ ਜਾਂ ‘ਪੰਥ ਰਤਨ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। - ਡਾ.ਜਗਮੇਲ ਸਿੰਘ ਭਾਠੂਆਂ