ਅਣਗਾਇਆ ਗੀਤ ‘ਉੱਡਣਾ ਬਾਜ਼’ ਗੁਰਬਚਨ ਸਿੰਘ ਰੰਧਾਵਾ
‘ਉੱਡਣਾ ਬਾਜ਼’ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਜਾਂ ਪ੍ਰਾਪਤੀਆ ਦਾ ਲੇਖਾ ਜੋਖਾ ਹੀ ਨਹੀਂ ਹੈ, ਸਗੋਂ ਭਾਰਤ ਦੇ ਖੇਡ ਇਤਿਹਾਸ ਦਾ ਮਾਣਮੱਤਾ ਦਸਤਾਵੇਜ਼ ਹੈ।
-ਪ੍ਰੋ. ਗੁਰਭਜਨ ਸਿੰਘ ਗਿੱਲ
ਮਹਿਤਾ ਚੌਕ ਨੇੜੇ ਸਥਿਤ ਪਿੰਡ ਨੰਗਲੀ ਖਿਡਾਰੀਆਂ ਦੀ ਨਰਸਰੀ ਹੈ। ਨੰਗਲੀ ਨੂੰ ਖਿਡਾਰੀਆਂ ਤੇ ਫ਼ੌਜੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਸੀ। ਇਕੋ ਰੰਧਾਵਾ ਪਰਿਵਾਰ ਨੇ ਭਾਰਤ ਨੂੰ ਪੰਜ ਅਥਲੀਟ ਦਿੱਤੇ। ਮੇਜਰ ਟਹਿਲ ਸਿੰਘ ਰੰਧਾਵਾ ਖੁਦ ਖਿਡਾਰੀ, ਤਿੰਨ ਪੁੱਤਰ (ਹਰਭਜਨ ਸਿੰਘ, ਗੁਰਬਚਨ ਸਿੰਘ ਤੇ ਜਗਦੇਵ ਸਿੰਘ), ਇਕ ਨੂੰਹ ਜਸਵਿੰਦਰ ਤੇ ਪੋਤਰਾ ਰਣਜੀਤ ਸਿੰਘ ਸਾਰੇ ਖਿਡਾਰੀ ਰਹੇ। ਮਾਤਾ ਧਨਵੰਤ ਕੌਰ ਨੇ ਸਾਰੇ ਬੱਚਿਆਂ ਨੂੰ ਖ਼ੁਰਾਕ ਪੱਖੋਂ ਊਣੇ ਨਾ ਰਹਿਣ ਦਿੱਤਾ।
ਸਾਰਿਆਂ ਵਿੱਚੋਂ ਗੁਰਬਚਨ ਸਿੰਘ ਰੰਧਾਵਾ ਚੋਟੀ ਦਾ ਖਿਡਾਰੀ ਰਿਹਾ ਜਿਸ ਨੇ ਟੋਕੀਓ ਉਲੰਪਿਕਸ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਵਕਤ ਦੇ ਸਫ਼ੇ 'ਤੇ ਆਪਣਾ ਨਾਮ ਗੂੜ੍ਹੇ ਅੱਖਰਾਂ 'ਚ ਲਿਖਵਾਇਆ ਸਾਲ 1964 ਸੀ। ਮੈਂ ਹਾਲੇ ਪੰਜਵੀਂ ਜਮਾਤ 'ਚ ਪੜ੍ਹਦਾ ਹੋਵਾਂਗਾ। ਗੁਰਬਚਨ ਸਿੰਘ ਰੰਧਾਵਾ ਸਿਰਫ ਖਿਡਾਰੀ ਨਹੀਂ ਸੀ, ਉਡਣ ਖਟੋਲਾ ਸੀ, ਹਰ ਮੈਦਾਨ ਫਤਿਹ। ਉਹ ਵਾ ਵਰੋਲਾ ਨਹੀਂ ਸੀ, ਤੇਜ਼ ਤਰਾਰ ਹਨ੍ਹਰੀ ਸੀ। 'ਸੀ' ਸ਼ਬਦ ਇਸ ਲਈ ਵਰਤ ਰਿਹਾਂ ਕਿਉਂਕਿ ਬੀਤੇ ਦੀ ਕਹਾਣੀ ਹੈ।
ਨਿੱਕੀ ਜੇਹੀ ਸ਼ਰਾਰਤ ਨੂੰ ਸਕੂਲ ਅਧਿਆਪਕ ਹਰਨਾਮ ਸਿੰਘ ਨੇ ਸ਼ਕਤੀ 'ਚ ਕਿਵੇਂ ਅਨੁਵਾਦ ਕੀਤਾ ਉਹ ਕਮਾਲ ਹੈ। ਭਾ ਜੀ ਗੁਰਬਚਨ ਸਿੰਘ ਰੰਧਾਵਾ ਤੋਂ ਪਹਿਲਾਂ ਮੈਂ ਉਸ ਅਧਿਆਪਕ ਨੂੰ ਸਲਾਮ ਕਰਨਾ ਚਾਹਾਂਗਾ ਜਿਸ ਨੇ ਛੜੱਪਾ ਮਾਰ ਕੇ ਸਕੂਲੇ ਬੈਡਮਿੰਟਨ ਨੈੱਟ ਨੂੰ ਟੱਪਦਿਆਂ ਗੁਰਬਚਨ ਨੂੰ ਫੜ੍ਹ ਲਿਆ। ਐਸਾ ਫੜਿਆ ਕਿ ਟੋਕੀਓ ਉਲੰਪਿਕਸ ਦਾ ਸਿਤਾਰਾ ਬਣ ਗਿਆ।
ਰੰਧਾਵਿਆਂ ਨੂੰ ਗਿਆਨ ਦੀ ਬਖ਼ਸ਼ਿਸ਼ ਹੈ। ਬਾਬਾ ਬੁੱਢਾ ਜੀ ਤੋਂ ਅੱਗੇ ਗਿਆਨ ਦਾ ਅਖੁੱਟ ਭੰਡਾਰ। ਧਰਤੀ 'ਤੇ ਹਰ ਰੰਧਾਵਾ ਗਿਆਨ-ਅਭਿਲਾਸ਼ੀ ਹੈ। ਸ਼ਬਦ ਪ੍ਰੇਮੀ ਹੈ, ਇਹ ਮੇਰਾ ਨਿੱਜੀ ਤਜ਼ਰਬਾ ਹੈ। ਖ਼ਾਲਸਾ ਕਾਲਿਜ ਅੰਮ੍ਰਿਤਸਰ ਨੇੜੇ ਹੋਣ ਕਾਰਨ ਮਾਝੇ ਦੀਆਂ ਅਨੇਕ ਪੁਸ਼ਤਾਂ ਪੜ੍ਹ ਗਈਆਂ। ਖੇਡ ਅੰਬਰ 'ਤੇ ਸਿਤਾਰਿਆਂ ਵਾਂਗ ਨਮੂਦਾਰ ਸਨ। 15 ਸਾਲ ਦੀ ਉਮਰੇ ਵਿਆਹੇ ਟਹਿਲ ਸਿੰਘ ਰੰਧਾਵਾ ਨੇ ਸੰਘਰਸ਼ ਦੀਆਂ ਅਨੇਕ ਮੰਜ਼ਿਲਾਂ ਸਰ ਕਰਦਿਆਂ ਪਹਿਲਾ ਖ਼ਾਲਸਾ ਕਾਲਜ, ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਫੇਰ 11 ਜੁਲਾਈ 1943 ਨੂੰ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕਰ ਲਿਆ। ਇਥੋਂ ਮੇਜਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ।
ਗੁਰਬਚਨ ਸਿੰਘ ਰੰਧਾਵਾ ਦਾ ਵੱਡਾ ਵੀਰ ਹਰਭਜਨ ਸਿੰਘ ਰੰਧਾਵਾ ਵੀ ਐਥਲੀਟ ਸੀ। ਉਹ ਐਨ.ਆਈ.ਐਸ. ਪਟਿਆਲਾ ਤੋਂ ਚੀਫ ਕੋਚ ਵਜੋਂ ਸੇਵਾ-ਮੁਕਤ ਹੋਇਆ। ਨਿੱਕਾ ਵੀਰ ਜਗਦੇਵ ਸਿੰਘ ਵੀ ਸਕੂਲਾਂ ਦੇ ਪੱਧਰ 'ਤੇ ਪੋਲ ਵਾਲਟ, ਵਾਲੀਬਾਲ ਤੇ ਕਬੱਡੀ ਦਾ ਚੰਗਾ ਖਿਡਾਰੀ ਸੀ ਪਰ ਉਸ ਦੀ ਦਿਲਚਸਪੀ ਪਹਿਲੇ ਦਿਨੋਂ ਹੀ ਪੜ੍ਹਾਈ ਦੀ ਥਾਂ ਖੇਤੀਬਾੜੀ ਵਿੱਚ ਹੋਣ ਕਰਕੇ ਉਹ ਪਿੰਡ ਦਾ ਹੀ ਹੋ ਕੇ ਰਹਿ ਗਿਆ।
ਵੱਡੀ ਭੈਣ ਸੁਰਿੰਦਰ ਕੌਰ ਗੁਰਬਚਨ ਸਿੰਘ ਰੰਧਾਵਾ ਲਈ ਮਾਵਾਂ ਵਰਗੀ ਸੀ। ਬੜੇ ਚਾਅ ਲੈਂਦੀ ਨਿਕੜੇ ਵੀਰ ਦੇ। ਖਾਧ-ਖ਼ੁਰਾਕ ਵੱਲੋਂ ਵੀ ਤੋੜਾ ਨਾ ਆਉਣ ਦਿੰਦੀ। ਲਿਆਕਤਵਾਨ ਸੀ। ਇੰਗਲੈਂਡ 'ਚ ਰਹਿੰਦਿਆਂ 1984 'ਚ 53 ਸਾਲ ਦੀ ਉਮਰੇ ਰੱਬ ਦੇ ਘਰ ਚਲੀ ਗਈ। ਨਿੱਕੀ ਭੈਣ ਗੁੱਡੀ ਨੂੰ 10-11 ਸਾਲ ਦੀ ਉਮਰੇ ਪਹਿਲਾਂ ਹੀ 1956 'ਚ ਬ੍ਰੇਨ ਹੈਮਰੇਜ ਲੈ ਗਿਆ। ਭਾ ਗੁਰਬਚਨ ਟੁੱਟ ਗਿਆ। ਰੱਖੜੀ ਵਰਗੀਆਂ ਭੈਣਾਂ ਦੇ ਵਿਛੋੜੇ ਨੇ ਉਸ ਅੰਦਰਲੇ ਸੰਵੇਦਨਸ਼ੀਲ ਮਨੁੱਖ ਨੂੰ ਧੀਆਂ ਦਾ ਦਰਦਮੰਦ ਬਾਬਲ ਬਣਾ ਦਿੱਤਾ। ਜੀਵਨ ਸਾਥਣ ਜਸਵਿੰਦਰ ਖੁਦ ਖਿਡਾਰਨ ਤੇ ਖਿਡਾਰੀਆਂ ਦੀ ਲਾਡਲੀ ਭੈਣ ਹੈ। ਰੁੜਕਾ ਕਲਾਂ (ਜਲੰਧਰ) ਦੇ ਸੰਧੂਆਂ ਦੀ ਧੀ। ਖ਼ਾਲਸਾ ਕਾਲਿਜ ਫਾਰ ਵਿਮੈੱਨ ਲੁਧਿਆਣਾ 'ਚ ਪੜ੍ਹਦਿਆਂ ਹੀ ਭਾਜੀ ਗੁਰਬਚਨ ਦੀ ਜੀਵਨ ਸਾਥਣ ਬਣੀ।
ਮੈਨੂੰ ਮਾਣ ਹੈ ਕਿ ਵੱਡੇ ਵੀਰ ਬਲਜੀਤ ਸਿੰਘ ਸੇਖੋਂ (ਸਾਬਕਾ ਡਾਇਰੈਕਟਰ ਯੁਵਕ ਭਲਾਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਤੇ ਪ੍ਰਧਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਿਜ ਫਾਰ ਵਿਮੈੱਨ ਰੱਈਆ (ਅੰਮ੍ਰਿਤਸਰ) ਰਾਹੀਂ ਲਗਪਗ ਦਸ ਸਾਲ ਪਹਿਲਾਂ ਗੁਰਬਚਨ ਸਿੰਘ ਰੰਧਾਵਾ ਨਾਲ ਸੰਪਰਕ ਬਣਿਆ। ਅਸਲ ਵਿੱਚ ਅਸੀਂ ਬਟਾਲਾ ਨੇੜੇ ਪਿੰਡ ਕੋਟਲਾਂ ਸ਼ਾਹੀਆ (ਨੇੜੇ ਸ਼ੂਗਰ ਮਿੱਲ ਬਟਾਲਾ) ਵਿਖੇ ਸੁਰਜੀਤ-ਕਮਲਜੀਤ ਸਪੋਰਟਸ ਕੰਪਲੈਕਸ ਵਿੱਚ ਹਰ ਸਾਲ ਕਮਲਜੀਤ ਖੇਡਾਂ ਕਰਵਾਉਂਦੇ ਹਾਂ। ਇਸ ਖੇਡ ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੇ ਮੈਨੂੰ ਵੀ ਨਾਲ ਜੋੜਿਆ ਹੋਇਆ ਹੈ। ਅਸੀਂ ਹਰ ਸਾਲ ਏਥੇ ਕੁਝ ਸਿਰਕੱਢ ਖਿਡਾਰੀ ਸਨਮਾਨਿਤ ਕਰਦੇ ਹਾਂ। ਇਕ ਸਨਮਾਨ ਦਾ ਨਾਮ ਮਾਝੇ ਦਾ ਮਾਣ-ਪੁਰਸਕਾਰ ਹੈ। ਇਸ ਪੁਰਸਕਾਰ ਲਈ ਪ੍ਰਵਾਨਗੀ ਲੈਣ ਹਿਤ ਜਦ ਮੈਂ ਗੁਰਬਚਨ ਸਿੰਘ ਰੰਧਾਵਾ ਨਾਲ ਟੈਲੀਫ਼ੋਨ ਸੰਪਰਕ ਕੀਤਾ ਤਾਂ ਉੱਤਰ ਮਿਲਿਆ, ''ਛੱਡ ਯਾਰ, ਛੱਡਿਆ ਗਿਰਾਂ, ਲੈਣਾ ਕੀ ਨਾਂ, ਜੇ ਪੰਜਾਬ ਨੇ ਪਿਛਲੇ 30 ਸਾਲ ਚੇਤੇ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਹੈ।''
ਸੱਚ ਮੰਨਿਓ! ਕਾਲਜੇ ਰੁਗ ਭਰਿਆ ਗਿਆ। ਏਨੀ ਬੇਰੁਖ਼ੀ ਆਪਣੇ ਸਿਰਮੌਰ ਧੀਆਂ ਪੁੱਤਰਾਂ ਨਾਲ। ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਖਿਡਾਰੀ ਨਾਲ ਇਹ ਵਿਹਾਰ ਵਲੂੰਧਰ ਗਿਆ। ਮੈਂ ਓਸੇ ਦਿਨ ਹੀ ਧਾਰ ਲਿਆ ਕਿ ਪੰਜਾਬ ਨੂੰ ਆਪਣੇ ਪੁੱਤਰਾਂ/ਧੀਆਂ ਦਾ ਆਦਰ ਕਰਨ ਲਈ ਚੇਤਾ ਕਰਵਾਉਂਦੇ ਰਹਿਣਾ ਹੈ।
ਮੇਰੇ ਮੁਹੱਬਤੀ ਸੁਨੇਹੇ ਨੂੰ ਉਨ੍ਹਾਂ ਦੂਸਰੀ ਵਾਰ ਕਹਿਣ ਤੇ ਪ੍ਰਵਾਨ ਕਰ ਲਿਆ। ਉਨ੍ਹਾਂ ਦੇ ਆਉਣ ਨਾਲ ਸਾਰਾ ਮਾਝਾ ਮਹਿਕਵੰਤਾ ਹੋ ਗਿਆ। ਜਾਪਿਆ ਕਣ ਕਣ ਵਜਦ ਵਿੱਚ ਹੈ। ਪੂਰਾ ਸਟੇਡੀਅਮ ਜ਼ਿੰਦਾਬਾਦ ਦੀ ਗੁੰਜਾਰ ਪਾ ਰਿਹੈ। ਉਸ ਮਗਰੋਂ ਹੁਣ ਗੁਰਬਚਨ ਸਿੰਘ ਰੰਧਾਵਾ ਸਿਰਫ਼ ਅਰਜੁਨਾ ਐਵਾਰਡੀ ਜਾਂ ਇਸ ਤੋਂ ਵੱਧ ਨਹੀਂ, ਸਗੋਂ ਮੇਰੇ ਭਾ ਜੀ ਹਨ। ਦੁਨੀਆਂ ਲਈ ਕੌੜੇ ਪਰ ਮੇਰੇ ਲਈ ਸ਼ਹਿਦ ਦੇ ਕੁੱਪੇ। ਬਿਲਕੁਲ ਮਨੋਹਰ ਸਿੰਘ ਗਿੱਲ ਵਾਂਗ। ਦੋਵੇਂ ਭਾਊ, ਕਮਾਲ ਦੇ ਧਰਤੀ ਪੁੱਤਰ!
ਇਕ ਦਿਨ ਫ਼ੋਨ ਆਇਆ। ਮੈ ਕਿਹਾ ਭਾ ਜੀ ਤੁਸੀਂ ਜਿੰਨੀਆਂ ਤੇਗ਼ਾਂ ਵਾਹੀਆਂ ਨੇ ਇਹ ਵਤਨ ਵਾਸੀਆਂ ਤੇ ਧਰਤੀ ਵਾਲਿਆਂ ਨੂੰ ਦੱਸਣ-ਯੋਗ ਨੇ। ਕਿਵੇਂ ਇਕ ਪਿੰਡ ਦਾ ਪੁੱਤਰ, ਖ਼ਾਲਸਾ ਕਾਲਿਜ ਅੰਮ੍ਰਿਤਸਰ ਦੀ ਪੜ੍ਹਾਈ ਕਰਦਾ ਕਰਦਾ ਏਸ਼ੀਅਨ ਸਟਾਰ ਤੇ ਮਗਰੋਂ ਉਲੰਪਿਕਸ ਦਾ ਝੰਡਾ-ਬਰਦਾਰ ਬਣਦਾ ਹੈ। ਇਸ ਉਸਾਰ ਗਾਥਾ ਨੂੰ ਪੜ੍ਹ ਕੇ ਨਿਰਬਲ ਪੰਜਾਬੀ ਮਨ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਹਾਮੀ ਤਾਂ ਭਰੀ ਪਰ ਅੱਧੇ ਮਨ ਨਾਲ।
ਦੂਸਰੇ ਦਿਨ ਫ਼ੋਨ ਆਇਆ ਗੁਰਭਜਨ! ਛੋਟੇ ਵੀਰ, ਮੈਂ ਲਿਖਣਾ ਤਾਂ ਚਾਹੁੰਦਾ ਪਰ ਪੰਜਾਬੀ 'ਚ ਉਹ ਗੱਲ ਨਹੀਂ ਬਣਦੀ ਜੋ ਮੈਂ ਬਣਾਉਣੀ ਚਾਹੁੰਦਾਂ! ਮੈਂ ਖੇਡ ਸਕਦਾ ਸਾਂ, ਖੇਡ ਲਿਆ, ਪੜ੍ਹ ਸਕਦਾ ਹਾਂ, ਪੜ੍ਹ ਰਿਹਾਂ। ਪਰ ਲਿਖਣ ਵੱਲੋਂ ਹੱਥ ਤੰਗ ਹੈ। ਸ਼ਬਦ ਤਿਲਕ ਜਾਂਦੇ ਨੇ। ਭਾਵਨਾ ਦਾ ਸਾਥ ਨਹੀਂ ਦਿੰਦੇ। ਕੋਈ ਮੁੰਡਾ ਲੱਭ, ਮੈਂ ਦੱਸੀ ਜਾਵਾਂ ਤੇ ਉਹ ਲਿਖੀ ਜਾਵੇ। ਮੈਨੂੰ ਗੱਲਾਂ ਬਹੁਤ ਆਉਂਦੀਆਂ ਨੇ, ਪਰ ਸਾਂਭਣ ਵਾਲਾ ਚਾਹੀਦੈ।
ਮੇਰੇ ਮੱਥੇ ਨੇ ਹੁੰਗਾਰਾ ਭਰਿਆ। ਇਹ ਕਾਰਜ ਨਵਦੀਪ ਸਿੰਘ ਗਿੱਲ ਸੰਪੂਰਨ ਕਰੇਗਾ। ਨਵਦੀਪ ਜੋ ਸ਼ਹਿਣਾ (ਬਰਨਾਲਾ) ਦਾ ਜੰਮਿਆ ਜਾਇਆ ਹੈ। ਸੁਰਜੀਤ ਸਿੰਘ ਗਿੱਲ ਦਾ ਹੋਣਹਾਰ ਬੇਟਾ। ਉਹ ਤਾਂ ਅਮਰੀਕਾ ਚਲੇ ਗਏ ਪਰ ਹੁਣ ਉਹ ਮੇਰਾ ਆਗਿਆਕਾਰ ਪੁੱਤਰ ਹੈ, ਬਿਲਕੁਲ ਪੁਨੀਤ ਵਰਗਾ। ਭੋਲੂ ਜਿਹਾ। ਖੇਡ ਸਾਹਿੱਤ ਵਿਚ ਪ੍ਰੋ. ਸਰਵਣ ਸਿੰਘ ਦਾ ਸੁਚੇਤ ਵਾਰਿਸ।
ਉਸ ਕੋਲ ਬਚਪਨ ਤੋਂ ਹੀ ਸ਼ਬਦ ਸਾਧਨਾ ਦੀ ਮਸ਼ਕ ਹੈ। ਐਸ.ਡੀ.ਕਾਲਜ ਬਰਨਾਲਾ 'ਚ ਉਹ ਪੰਜਾਬੀ ਸ਼ਾਇਰ ਪ੍ਰੋ. ਰਵਿੰਦਰ ਸਿੰਘ ਭੱਠਲ ਜੀ ਦਾ ਵਿਦਿਆਰਥੀ ਸੀ। ਖੇਡਾਂ ਬਾਰੇ ਪਹਿਲਾ ਲੇਖ ਕਾਲਿਜ ਮੈਗਜ਼ੀਨ ਲਈ ਦਿੱਤਾ ਤਾਂ ਪੜ੍ਹਣ ਉਪਰੰਤ ਪ੍ਰੋ. ਭੱਠਲ ਤੇ ਪ੍ਰੋ. ਸਰਬਜੀਤ ਔਲਖ ਨੇ ਉਸ ਨੂੰ ਅਖਬਾਰਾਂ ਵਿੱਚ ਖੇਡਾਂ ਬਾਰੇ ਲਿਖਣ ਵਾਲੇ ਪਾਸੇ ਲਾ ਦਿੱਤਾ। ਏਸ਼ੀਅਨ ਖੇਡਾਂ ਤੇ ਉਲੰਪਿਕਸ ਵਿੱਚ ਖੁਦ ਜਾ ਕੇ ਖਿਡਾਰੀਆਂ ਬਾਰੇ ਲਿਖਣ ਵਾਲੇ ਨਵਦੀਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਦੀ ਉਚੇਰੀ ਸਿੱਖਿਆ ਵੀ ਪ੍ਰਾਪਤ ਕੀਤੀ।
ਨਵਦੀਪ ਨੇ ਇਹ ਕੰਮ ਹੱਥਾਂ 'ਚ ਲੈ ਕੇ ਭਵਿੱਖ ਪੀੜ੍ਹੀਆਂ ਲਈ ਮਾਣਮੱਤਾ ਕਾਰਜ ਕੀਤਾ ਹੈ। ਗੁਰਬਚਨ ਸਿੰਘ ਰੰਧਾਵਾ ਵੱਲੋਂ ਦਿੱਤੇ ਜਾਣਕਾਰੀ ਸਰੋਤਾਂ ਤੋਂ ਇਲਾਵਾ ਵੀ ਉਸਨੇ ਟੋਕੀਓ ਉਲੰਪਿਕਸ 1964 ਤੇ ਉਸ ਤੋਂ ਪਿਛਲੀਆਂ ਖੇਡਾਂ ਦੇ ਰੀਕਾਰਡ ਤੇ ਖਬਰਾਂ ਹੰਗਾਲੀਆਂ ਹਨ। ਸਮੁੰਦਰ ਰਿੜਕ ਕੇ ਮੁੜਕੇ ਦੇ ਮੋਤੀ ਨੂੰ ਸਾਡੇ ਸਨਮੁਖ ‘ਉੱਡਣਾ ਬਾਜ਼’ ਵਜੋਂ ਪੇਸ਼ ਕੀਤਾ ਹੈ। ਇਸ ਪੁਸਤਕ ਵਿੱਚ ਰਾਜਦੀਪ ਸਿੰਘ ਗਿੱਲ ਨੇ ਵੀ ਕੰਘੀ ਵਾਹੀ ਹੈ ਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ। ਕੁਝ ਥਾਵਾਂ 'ਤੇ ਮੈਂ ਵੀ ਸ਼ਬਦ-ਸੋਧਾਂ ਸੁਝਾਈਆਂ ਹਨ। ਖਿੜੇ ਮੱਥੇ ਪ੍ਰਵਾਨ ਕਰਕੇ ਨਵਦੀਪ ਸਿੰਘ ਗਿੱਲ ਨੇ ਇਸ ਪ੍ਰਸਤਕ ਨੂੰ ਮਾਣਮੱਤੇ ਦਸਤਾਵੇਜ਼ ਵਜੋਂ ਸ਼ਿੰਗਾਰਿਆ ਹੈ।
ਮੇਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਹੀਰਿਆਂ ਦੀਆਂ ਜੀਵਨੀਆਂ ਦਾ ਮਨੋਰਥ ਉਨ੍ਹਾਂ ਦੀ ਮਹਿਮਾ ਕਰਨਾ ਨਹੀਂ ਹੈ, ਸਗੋਂ ਸਾਹ ਸਤਹੀਣ ਹੋ ਰਹੇ ਪੰਜਾਬੀ ਮਨ ਨੂੰ ਨਾਇਕਤਵ ਦੇ ਰਾਹ ਤੋਰਨਾ ਹੈ। ਮੈਨੂੰ ਮਾਣ ਹੈ ਕਿ ਨਵਦੀਪ ਸਿੰਘ ਗਿੱਲ ਨੇ ‘ਉੱਡਣਾ ਬਾਜ਼’ ਲਿਖ ਕੇ ਸਾਡੇ ਸੁਪਨੇ ਨੂੰ ਫੁਲ ਪਾਇਆ ਹੈ। ਬਹੁਤ ਥੋੜ੍ਹੇ ਲੋਕ ਜਾਣਦੇ ਨੇ ਕਿ ਪ੍ਰਿੰਸੀਪਲ ਸਰਵਣ ਸਿੰਘ ਨੇ ਖਿਡਾਰੀਆਂ ਦੇ ਰੇਖਾ ਚਿਤਰ ਲਿਖਣ ਦੀ ਆਰੰਭਤਾ ਵੀ ਗੁਰਬਚਨ ਸਿੰਘ ਰੰਧਾਵਾ ਬਾਰੇ ਲਿਖਣ ਤੋਂ ਹੀ ਕੀਤੀ ਸੀ। ਉਸ ਲੇਖ ਨੇ ਖਿਡਾਰੀਆਂ ਨੂੰ ਪਹਿਲੀ ਵਾਰ ਨਾਇਕ ਵਜੋਂ ਪੇਸ਼ ਕੀਤਾ ਸੀ। ਇਸ ਮਗਰੋਂ ਕਿੰਨੇ ਖੇਡ ਲਿਖਾਰੀ ਸਰਗਰਮ ਹੋਏ ਪਰ ਨਿਰੰਤਰਤਾ ਬਰਕਰਾਰ ਰੱਖਣ 'ਚ ਉਨ੍ਹਾਂ ਦਾ ਵਾਰਿਸ ਕੇਵਲ ਨਵਦੀਪ ਹੀ ਬਣ ਸਕਿਆ ਹੈ।
ਮੈਨੂੰ ਚੇਤੇ ਹੈ ਜਦ ਸ. ਮਿਲਖਾ ਸਿੰਘ ਨੇ ਫਲਾਈਂਗ ਸਿੱਖ ਪੁਸਤਕ 'ਚ ਆਪਣੀ ਜੀਵਨੀ ਆਪਣੇ ਨਾਮ ਤੇ ਪਾਸ਼ ਤੋਂ ਲਿਖਵਾਈ ਸੀ। ਕੁਝ ਪੰਨੇ ਸ਼ਮਸ਼ੇਰ ਸਿੰਘ ਸੰਧੂ ਨੇ ਵੀ ਲਿਖੇ, ਮਗਰੋਂ ਫੁੱਟਬਾਲ ਦਾ ਜਰਨੈਲ ਪੁਸਤਕ ਡਾ.ਚਰਨਜੀਤ ਸਿੰਘ ਪੱਡਾ ਨੇ ਲਿਖੀ। ਬੜੀਆਂ ਮੁੱਲਵਾਨ ਲਿਖਤਾਂ ਆਈਆਂ ਜਿੰਨ੍ਹਾਂ ਰਾਹੀਂ ਖਿਡਾਰੀ ਲੋਕ ਨਾਇਕ ਦੇ ਰੂਪ 'ਚ ਉੱਸਰੇ।
‘ਉੱਡਣਾ ਬਾਜ਼’ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਜਾਂ ਪ੍ਰਾਪਤੀਆ ਦਾ ਲੇਖਾ ਜੋਖਾ ਹੀ ਨਹੀਂ ਹੈ, ਸਗੋਂ ਭਾਰਤ ਦੇ ਖੇਡ ਇਤਿਹਾਸ ਦਾ ਮਾਣਮੱਤਾ ਦਸਤਾਵੇਜ਼ ਹੈ। ਬੀਤੇ ਇਤਿਹਾਸ 'ਚੋਂ ਵਰਤਮਾਨ ਉੱਸਰਦਾ ਹੈ ਤੇ ਵਰਤਮਾਨ ਦੇ ਸਬਕ ਹੀ ਭਵਿੱਖ ਦੇ ਨਕਸ਼ ਉਲੀਕਦੇ ਹਨ। ਉਲੰਪਿਕਸ ਇਤਿਹਾਸ ਵਿੱਚ ਭਾਰਤੀ ਅਥਲੈਟਿਕਸ ਦਾ ਅਮਰ ਪਾਤਰ ਸ. ਗੁਰਬਚਨ ਸਿੰਘ ਰੰਧਾਵਾ ਇਸ ਪੁਸਤਕ ਰਾਹੀਂ ਨਵੀਂ ਪਛਾਣ ਨਾਲ ਸਾਨੂੰ ਆਪਣਾ ਵੱਡਾ ਪੁਰਖ਼ਾ ਦਿਸੇਗਾ, ਇਹ ਮੇਰਾ ਯਕੀਨ ਹੈ।