ਬਸਪਾ ਤੇ ਸਪਾ ਦੀ ਮੁੜ ਹੋਵੇਗੀ ਦੋਸਤੀ..?

ਪਟਨਾ, 7 ਜੂਨ : ਬਿਹਾਰ ਵਿਚ ਜਨਤਾ ਦਲ ਯੂਨਾਇਟਿਡ ਅਤੇ ਕਾਂਗਰਸ ਨਾਲ ਮਹਾਂਗਠਜੋੜ ਕਰ ਕੇ ਬੀਜੇਪੀ ਨੂੰ ਰੋਕਣ ਵਿਚ ਕਾਮਯਾਬ ਹੋਏ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਹੁਣ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੀ ਦੋਸਤੀ ਕਰਾਉਣ ਦੀ ਤਿਆਰੀ ਵਿਚ ਹਨ।

ਉੱਤਰ ਪ੍ਰਦੇਸ਼ ਦੀਆਂ ਹਾਲ ਹੀ ਵਿਚ ਖ਼ਤਮ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਬਦਲੇ ਹਾਲਾਤ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਅਗੱਸਤ ਵਿਚ ਪਟਨਾ ਵਿਚ ਹੋਣ ਵਾਲੀ ਲਾਲੂ ਪ੍ਰਸਾਦ ਯਾਦਵ ਦੀ ਰੈਲੀ ਵਿਚ ਮੰਚ ਸਾਂਝਾ ਕਰ ਸਕਦੀਆਂ ਹਨ।
ਆਰਜੇਡੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਸ਼ੋਕ ਸਿੰਘ ਨੇ ਦਸਿਆ ਕਿ ਐਸਪੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਮਾਇਆਵਤੀ ਨੇ 27 ਅਗੱਸਤ ਨੂੰ ਪਟਨਾ ਵਿਚ ਹੋਣ ਵਾਲੀ ਰੈਲੀ ਵਿਚ ਸ਼ਿਰਕਤ ਕਰਨ ਲਈ ਹਾਮੀ ਭਰ ਦਿਤੀ ਹੈ।
ਲਾਲੂ ਨੇ ਇਨ੍ਹਾਂ ਨੇਤਾਵਾਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਲਈ ਹਾਲ ਹੀ ਵਿਚ ਫ਼ੋਨ ਵੀ ਕੀਤਾ ਸੀ। ਅਸ਼ੋਕ ਸਿੰਘ ਮੁਤਾਬਕ ਮੁਲਾਇਮ ਸਿੰਘ ਯਾਦਵ ਨੂੰ ਵੀ ਰੈਲੀ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
  ਸਾਲ 1993 ਵਿਚ ਸੂਬੇ ਵਿਚ ਮਿਲ ਕੇ ਸਰਕਾਰ ਬਣਾਉਣ ਵਾਲੀ ਐਸਪੀ ਅਤੇ ਬੀਐਸਪੀ ਵਿਚਕਾਰ ਦੂਰੀਆਂ ਚਰਚਿਤ 'ਗੈਸ ਹਾਊਸ ਕਾਂਡ' ਮਗਰੋਂ ਏਨੀਆਂ ਵਧ ਗਈਆਂ ਸਨ ਕਿ ਇਨ੍ਹਾਂ ਨੂੰ ਇਕ ਨਦੀ ਦੇ ਦੋ ਕੰਢੇ ਦਸਿਆ ਜਾਣ ਲੱਗ ਪਿਆ ਸੀ।
ਮੰਨਿਆ ਜਾਣ ਲੱਗਾ ਕਿ ਹੁਣ ਇਹ ਦੋਵੇਂ ਪਾਰਟੀਆਂ ਕਦੇ ਵੀ ਇਕੱਠੀਆਂ ਨਹੀਂ ਹੋਣਗੀਆਂ। ਪਰ ਇਹ ਸਮੇਂ ਦੀ ਲੋੜ ਹੀ ਹੈ ਕਿ ਦੋਹਾਂ ਪਾਰਟੀਆਂ ਦੇ ਨੇਤਾ ਹੁਣ ਮੰਚ ਸਾਂਝਾ ਕਰਨ ਲਈ ਤਿਆਰ ਹੋ ਗਏ ਹਨ।  
(ਏਜੰਸੀ)