ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਲੜਕੇ-ਲੜਕੀ ਦੀ ਹੋਈ ਮੌਤ
ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਲੜਕੇ-ਲੜਕੀ ਦੀ ਹੋਈ ਮੌਤ
ਕੋਟਕਪੂਰਾ, 28 ਫ਼ਰਵਰੀ (ਗੁਰਿੰਦਰ ਸਿੰਘ): ਪਿਛਲੇ ਦਿਨੀਂ ਸਥਾਨਕ ਬਾਹਮਣ ਵਾਲਾ ਸੜਕ ’ਤੇ ਸਥਿਤ ਇਕ ਬਸਤੀ ਦੇ ਵਸਨੀਕ 21 ਸਾਲਾ ਨੌਜਵਾਨ ਸਤਨਾਮ ਸਿੰਘ ਅਤੇ 20 ਸਾਲਾ ਲੜਕੀ ਰਮਨਦੀਪ ਕੌਰ ਦੇ ਕਰੰਟ ਲੱਗਣ ਉਪਰੰਤ ਬੁਰੀ ਤਰ੍ਹਾਂ ਝੁਲਸ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਸੀ ਅਤੇ ਅੱਜ ਦੋਨਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਮ ਤੋੜ ਗਏ। ਸਥਾਨਕ ਰਾਮਬਾਗ ਵਿਖੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਉੱਘੇ ਰਾਜਨੀਤਿਕ ਆਗੂਆਂ ਤੇ ਆਮ ਲੋਕਾਂ ਦੀਆਂ ਅੱਖਾਂ ਨਮ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੇ ਦਿਨ ਸਤਨਾਮ ਸਿੰਘ ਕੋਠੇ ਉੱਪਰ ਮਿੱਟੀ ਚੜਾ ਰਿਹਾ ਸੀ ਕਿ ਉਸ ਦੀ ਨਿਗਾ ਚਾਈਨਾ ਡੋਰ ’ਤੇ ਪਈ ਜੋ ਨੇੜਿਉਂ ਲੰਘਦੀਆਂ 132 ਕੇ.ਵੀ. ਦੀਆਂ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਨਾਲ ਲੱਗ ਰਹੀ ਸੀ।
ਸਤਨਾਮ ਸਿੰਘ ਨੇ ਉਕਤ ਡੋਰ ਨੂੰ ਹੱਥ ਨਾਲ ਪਰੇ ਕਰਨਾ ਚਾਹਿਆ ਪਰ ਹਾਈਵੋਲਟੇਜ ਤਾਰਾਂ ਨੇ ਉਸ ਨੂੰ ਚੁੰਬਕ ਦੀ ਤਰ੍ਹਾਂ ਅਪਣੇ ਵਲ ਖਿੱਚਦਿਆਂ ਲਪੇਟ ’ਚ ਲੈ ਲਿਆ। ਸਤਨਾਮ ਸਿੰਘ ਦੇ ਲੈਂਟਰ ਦੇ ਸਰੀਏ ਨਾਲ ਲੱਗ ਜਾਣ ਕਾਰਨ ਸਾਰੇ ਘਰ ਵਿਚ ਕਰੰਟ ਆ ਗਿਆ, ਬਿਜਲੀ ਦੇ ਉਪਕਰਨ ਬੁਰੀ ਤਰ੍ਹਾਂ ਸੜ ਗਏ, ਕੰਧਾਂ ਵਿਚ ਤਰੇੜਾਂ ਆ ਗਈਆਂ ਤੇ ਰਸੋਈ ਵਿਚ ਚਾਹ ਬਣਾ ਰਹੀ ਰਮਨਦੀਪ ਕੌਰ ਵੀ ਬੁਰੀ ਤਰ੍ਹਾਂ ਝੁਲਸ ਗਈ। ਮੁਹੱਲਾ ਵਾਸੀਆਂ ਨੇ ਦਸਿਆ ਕਿ ਉਕਤ ਦੋਨੋਂ ਪਰਵਾਰ ਆਰਥਕ ਪੱਖੋਂ ਕਮਜ਼ੋਰ ਹੋਣ ਕਾਰਨ ਸਰਕਾਰ ਨੂੰ ਉਕਤ ਪਰਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਉਹ ਅਪਣੇ ਤੌਰ ’ਤੇ ਦੋਨਾਂ ਪਰਵਾਰਾਂ ਨੂੰ ਆਰਥਕ ਮਦਦ ਜ਼ਰੂਰ ਦੇਣਗੇ ਅਤੇ ਮੁੱਖ ਮੰਤਰੀ ਫ਼ੰਡ ’ਚੋਂ ਵੀ ਉਨ੍ਹਾਂ ਦੀ ਮਦਦ ਕਰਵਾਈ ਜਾਵੇਗੀ। ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਵੀ ਉਕਤ ਹਾਦਸੇ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਆਖਿਆ ਕਿ ਉਕਤ ਘਰਾਂ ਉੱਪਰੋਂ ਲੰਘਦੀਆਂ ਤਾਰਾਂ ਹਟਾਉਣ ਲਈ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-28-4ਡੀ
ਕੈਪਸ਼ਨ : ਮਿ੍ਰਤਕ ਲੜਕੇ-ਲੜਕੀਆਂ ਦੀਆਂ ਪੁਰਾਣੀਆਂ ਤਸਵੀਰਾਂ।