Punjab Weather Update: ਮੀਂਹ ਤੋਂ ਬਾਅਦ ਪੰਜਾਬ ਵਿਚ ਵਧੀ ਠੰਢ, ਅੱਜ ਕਈ ਥਾਈਂ ਪਈ ਸੰਘਣੀ ਧੁੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Weather Update: ਸੀਤ ਲਹਿਰ ਦਾ ਅਲਰਟ ਜਾਰੀ

Punjab Weather

ਚੰਡੀਗੜ੍ਹ : ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿਚ ਮੌਸਮ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਮੀਂਹ ਤੋਂ ਬਾਅਦ ਪੰਜਾਬ ਵਿਚ ਠੰਢ ਵਧ ਗਈ ਹੈ। ਭਾਰਤੀ ਮੌਸਮ ਵਿਭਾਗ ਵਲੋਂ ਜਾਰੀ ਤਾਜ਼ਾ ਚੇਤਾਵਨੀ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਲੋਕਾਂ ਦੀ ਦਿਨਚਰੀ ਨੂੰ ਪ੍ਰਭਾਵਤ ਕਰ ਸਕਦੀ ਹੈ।

ਇਸ ਸਥਿਤੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਵਲੋਂ ਪੰਜਾਬ ਲਈ 2 ਤੋਂ 5 ਜਨਵਰੀ 2026 ਤਕ ਜ਼ਿਲ੍ਹਾ ਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸੇ ਦਰਮਿਆਨ ਅੱਜ ਅਤੇ ਕੱਲ੍ਹ ਧੁੰਦ ਦਾ ਪ੍ਰਭਾਵ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿਚ ਬਹੁਤ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਜਾਂ ਠੰਢਾ ਦਿਨ ਰਹਿਣ ਦੇ ਅਸਾਰ ਹਨ। ਖ਼ਾਸ ਕਰ ਕੇ ਦੱਖਣ-ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਵਿਚ ਤਾਪਮਾਨ ਆਮ ਨਾਲੋਂ ਘੱਟ ਰਹਿ ਸਕਦਾ ਹੈ। ਇਸ ਦੌਰਾਨ ਕੁਝ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ।

ਉੱਥੇ 4 ਅਤੇ 5 ਜਨਵਰੀ ਨੂੰ ਮੌਸਮ ਵਿਭਾਗ ਅਨੁਸਾਰ ਕੁਝ ਇਲਾਕਿਆਂ ’ਚ ਥੋੜ੍ਹਾ ਸੁਧਾਰ ਆ ਸਕਦਾ ਹੈ, ਕੁਝ ਥਾਵਾਂ ’ਤੇ ਸੀਤ ਲਹਿਰ ਦਾ ਅਸਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿਤੀ ਹੈ ਕਿ ਧੁੰਦ ਅਤੇ ਸਖ਼ਤ ਠੰਢ ਦੇ ਮੱਦੇਨਜ਼ਰ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਿਆ ਜਾਵੇ, ਵਾਹਨ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ ਤੇ ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਵਿਅਕਤੀਆਂ ਦਾ ਖ਼ਾਸ ਧਿਆਨ ਰਖਿਆ ਜਾਵੇ। ਕਿਸਾਨਾਂ ਨੂੰ ਵੀ ਫ਼ਸਲਾਂ ਅਤੇ ਪਸ਼ੂਆਂ ਦੀ ਸੰਭਾਲ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।