ਸੁਖਜਿੰਦਰ ਰੰਧਾਵਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦੋਸ਼ਾਂ ਬਾਰੇ ਭਗਵੰਤ ਮਾਨ ਤੋਂ ਮੰਗਿਆ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਜੇ ਸਟੇਟ ਪੁਲਿਸ ਜ਼ਿੰਮੇਵਾਰੀ ਤੋਂ ਕੰਮ ਲੈੰਦੀ ਤਾਂ ਕੀਮਤੀ ਜਾਨ ਬਚਾਈ ਜਾ ਸਕਦੀ ਸੀ।

Sukhjinder Randhawa

 

ਚੰਗੀਗੜ੍ਹ - ਸੀਨੀਅਰ ਕਾਂਗਰਸੀ ਵਿਧਾਇਕ ਤੇ ਸਾਬਕਾ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਉਸ ਦੇ ਪੁੱਤ ਦੀ ਸੁਰੱਖਿਆ ਵਿਚ ਕੀਤੀ ਕੁਤਾਹੀ ਕਾਰਨ ਹੋਈ ਹੱਤਿਆ ਸੰਬੰਧੀ ਲਾਏ ਦੋਸ਼ਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਿਆ ਹੈ।ਸੁਖਜਿੰਦਰ ਰੰਧਾਵਾ ਨੇ ਇਸ ਗੱਲ ਉੱਤੇ ਨਿਰਾਸ਼ਾ ਪ੍ਰਗਟਾਈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਹੋਈ ਜਾਂਚ ਦੇ ਹੁਣ ਤੱਕ ਦੀ ਰਫ਼ਤਾਰ ਤਸੱਲੀਬਖਸ਼ ਨਹੀਂ ਹੈ। ਸਰਕਾਰ ਨੂੰ ਕੋਈ ਵੀ ਸੂਹ ਨਹੀਂ ਲੱਗ ਰਹੀ ਹੈ ਅਤੇ ਉਹ ਸਿਰਫ਼ ਵਿਦੇਸ਼ਾਂ ਵਿਚ ਰਹਿੰਦੇ ਗੈਂਗਸਟਰਾਂ ਵੱਲੋ ਕੀਤੇ ਜਾ ਰਹੇ ਦਾਅਵਿਆਂ ਉੱਤੇ ਹੀ ਨਿਰਭਰ ਹੈ।

ਬਲਕੌਰ ਸਿੰਘ ਨੇ ਅੱਜ ਦੋਸ਼ ਲਾਇਆ ਹੈ ਕਿ ਉਸ ਦੇ ਪੁੱਤ ਨੂੰ ਚੋਣ ਪ੍ਰਚਾਰ ਸਮੇਂ ਤੋਂ ਹੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਇਸ ਦੇ ਬਾਵਜੂਦ ਸਰਕਾਰ ਨੇ ਸੁਰੱਖਿਆ ਵਧਾਉਣੀ ਤਾਂ ਕੀ ਸੀ ਸਗੋਂ ਮਾਨ ਸਰਕਾਰ ਨੇ ਸਰੁੱਖਿਆ ਵਿਚ ਕਟੌਤੀ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ 29 ਮਈ ਨੂੰ ਪ੍ਰਸਿੱਧ ਗਾਇਕ ਦਾ ਦਰਦਨਾਕ ਕਤਲ ਹੋਇਆ। ਸੁਖਜਿੰਦਰ ਸਿੰਘ ਰੰਧਾਵਾ ਨੇ ਬਲਕੌਰ ਸਿੰਘ ਵੱਲੋਂ ਲਗਾਏ ਦੋਸ਼ਾਂ ਦਾ ਸਮਰਥਨ ਕਰਦਿਆਂ ਮੰਗ ਕੀਤੀ ਕਿ ਜਿਸ ਦੇ ਵੀ ਕਹਿਣ ਉਤੇ ਮੂਸੇਵਾਲਾ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਹੈ, ਉਨ੍ਹਾਂ ਵਿਅਕਤੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

ਮਾਨ ਸਰਕਾਰ ਇੰਟੈਲੀਜੈਂਸ ਪੱਧਰ ਉੱਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਕਾਤਲ ਮੂਸੇਵਾਲਾ ਪਿੰਡ ਅਤੇ ਆਲੇ-ਦੁਆਲੇ ਘੁੰਮ ਰਹੇ ਸਨ ਅਤੇ ਮੂਸੇਵਾਲਾ ਨੂੰ ਧਮਕੀਆਂ ਮਿਲ ਰਹੀਆਂ ਸਨ ਪਰ ਮਾਨ ਸਰਕਾਰ ਨੇ ਉਸ ਦੀ ਫੇਰ ਵੀ ਸੁਰੱਖਿਆ ਘਟਾ ਦਿੱਤੀ। ਅਜਿਹੀ ਗੰਭੀਰ ਧਮਕੀ ਵਾਲੇ ਦੀ ਇੰਟੈਲੀਜੈਂਸ ਵੱਲੋਂ ਸੁਰੱਖਿਆ ਕਿਵੇਂ ਘਟਾਈ ਜਾ ਸਕਦੀ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਭਵ ਹੈ ਕਿ ਗਾਇਕ ਦੇ ਕਾਤਲ ਕਾਫ਼ੀ ਸਮੇਂ ਤੋਂ ਕਤਲ ਦੀ ਯੋਜਨਾ ਬਣਾ ਰਹੇ ਸਨ ਪਰ ਫਿਰ ਵੀ ਸੂਬਾ ਸਰਕਾਰ ਮੂਸੇਵਾਲਾ ਦੇ ਕਤਲ ਦੇ ਖ਼ਤਰੇ ਦੀ ਸੰਭਾਵਨਾ ਦਾ ਪਤਾ ਨਹੀਂ ਕਰ ਸਕੀ। ਜੇ ਸਟੇਟ ਪੁਲਿਸ ਜ਼ਿੰਮੇਵਾਰੀ ਤੋਂ ਕੰਮ ਲੈੰਦੀ ਤਾਂ ਕੀਮਤੀ ਜਾਨ ਬਚਾਈ ਜਾ ਸਕਦੀ ਸੀ।