ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿਚ ਅੱਖਾਂ ਦੇ ਫਲੂ ਦੀ ਮਾਰ, ਮੁਹਾਲੀ ਵਿਚ 1000 ਤੋਂ ਵੱਧ ਮਾਮਲੇ 

ਏਜੰਸੀ

ਖ਼ਬਰਾਂ

ਪਟਿਆਲਾ ਜ਼ਿਲ੍ਹੇ ਵਿਚ 2619, ਮੁਹਾਲੀ ਵਿਚ 1930, ਜਲੰਧਰ ਵਿਚ 1039, ਸੰਗਰੂਰ ਵਿਚ 770 ਮਾਮਲੇ ਆਏ ਸਾਹਮਣੇ

eye flu

ਚੰਡੀਗੜ੍ਹ - ਚੰਡੀਗੜ੍ਹ ਸ਼ਹਿਰ ਵਿਚ ਪਿਛਲੇ ਦਿਨਾਂ ਵਿਚ ਅੱਖਾਂ ਦੇ ਫਲੂ ਦੇ ਕਈ ਮਰੀਜ਼ ਦੇਖਣ ਨੂੰ ਮਿਲੇ ਹਨ। ਮੀਂਹ ਤੋਂ ਬਾਅਦ ਅਜਿਹੀਆਂ ਮੌਸਮੀ ਬਿਮਾਰੀਆਂ ਦਾ ਹੋਣਾ ਸੁਭਾਵਿਕ ਹੈ ਪਰ ਹੁਣ ਸ਼ਹਿਰ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਵਧ ਗਈ ਹੈ। ਸ਼ਹਿਰ ਵਿਚ ਹੁਣ ਤੱਕ ਡੇਂਗੂ ਦੇ 10 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਕੱਲੇ ਜੁਲਾਈ ਮਹੀਨੇ ਵਿਚ ਡੇਂਗੂ ਦੇ ਸੱਤ ਮਰੀਜ਼ ਪਾਏ ਗਏ ਹਨ।

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮੱਛਰਾਂ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਕਿਸੇ ਜਗ੍ਹਾ ਪਾਣੀ ਇਕੱਠਾ ਹੋਣ ਕਰ ਕੇ ਮੱਛਰ ਪੈਦਾ ਹੁੰਦਾ ਹੈ ਤੇ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ। ਪਰ ਸ਼ਹਿਰੀ ਖੇਤਰ ਵਿਚ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਤੇ ਮੱਛਰ ਵੀ ਘੱਟ ਪੈਦਾ ਹੁੰਦਾ ਹੈ। ਚੰਡੀਗੜ੍ਹ ਵਿਚ ਮੌਲੀ ਜਾਗਰੀ, ਮਨੀਮਾਜਰਾ, ਦੜਵਾ, ਹੱਲੋਮਾਜਰਾ, ਬਹਿਲਾਨਾ, ਮਲੋਆ, ਧਨਾਸ ਅਤੇ ਸਹਾਰਨਪੁਰ ਵਰਗੇ ਇਲਾਕਿਆਂ ਵਿਚ ਡੇਂਗੂ ਫੈਲਣ ਦਾ ਜ਼ਿਆਦਾ ਖ਼ਤਰਾ ਹੈ। 

ਜੁਲਾਈ ਮਹੀਨੇ ਵਿਚ ਪਏ ਭਾਰੀ ਮੀਂਹ ਕਰ ਕੇ ਵਿੱਤੀ ਤਬਾਹੀ ਤੋਂ ਬਾਅਦ ਪੰਜਾਬ ’ਚ ਅੱਖਾਂ ਦੇ ਫਲੂ (ਵਾਇਰਲ ਕੋਨਜੰਕਟਿਵਾਇਟਿਸ) ਨੇ ਮਾਰ ਪਾਈ ਹੈ। ਇਹ ਰੋਗ ਅੱਖਾਂ ਦੇ ਗੰਭੀਰ ਰੋਗਾਂ ਵਿਚੋਂ ਇਕ ਹੈ ਜਿਸ ਨਾਲ ਸੂਬੇ ਦੇ 23 ਜ਼ਿਲ੍ਹਿਆਂ ’ਚੋਂ ਜੁਲਾਈ ਦੇ ਅਖੀਰਲੇ ਪੰਦਰਾਂ ਦਿਨਾਂ ਦੌਰਾਨ 9741 ਮਰੀਜ਼ ਪ੍ਰਭਾਵਿਤ ਪਾਏ ਗਏ। ਸਿਹਤ ਵਿਭਾਗ ਇਸ ਰੋਗ ਨੂੰ ਮਹਾਮਾਰੀ ਦੱਸ ਰਿਹਾ ਹੈ ਅਤੇ ਆਮ ਫਲੂ ਤੋਂ ਹਟ ਕੇ ਇਸ ਨੂੰ ‘ਵਾਇਰਲ ਐਪੀਡੈਮਿਕ  ਕੇਰਾਟੋਕੋਨਜੰਕਟਿਵਾਇਟਿਸ’ ਦਾ ਨਾਂਅ ਦਿੱਤਾ ਗਿਆ ਹੈ। 

ਅੱਖਾਂ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਇਸ ਬਿਮਾਰੀ ਦੇ ਜ਼ਿਆਦਾ ਮਰੀਜ਼ ਦੇਖੇ ਗਏ ਹਨ। ਇਸ ਲਈ ਇਸ ਨੂੰ ਐਪੀਡੈਮਿਕ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਸੋਮਵਾਰ ਨੂੰ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿਚੋਂ ਅੱਖਾਂ ਦੀ ਓਪੀਡੀ 'ਚ676 ਮਰੀਜ਼ ਸਿਰਫ਼ ਫਲੂ ਤੋਂ ਲਾਗ ਨਾਲ ਪ੍ਰਭਾਵਿਤ ਪਾਏ ਗਏ ਹਨ ਜਦੋਂਕਿ ਪਹਿਲੀ ਅਗਸਤ ਨੂੰ ਇਹ ਅੰਕੜਾ 750 ਦੇ ਆਸਪਾਸ ਰਿਹਾ ਹੈ। 

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਪਿਛਲੇ 15 ਦਿਨਾਂ ਦੌਰਾਨ ਸਿਰਫ਼ ਪਟਿਆਲਾ ਜ਼ਿਲ੍ਹੇ ਵਿਚ 2619 ਮਰੀਜ਼ ਅੱਖਾਂ ਦੇ ਫਲੂ ਤੋਂ ਪੀੜਤ ਮਿਲੇ ਹਨ ਜਦੋਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ 1930 ਮਰੀਜ਼ਾਂ ਨਾਲ ਪ੍ਰਭਾਵਿਤ ਖੇਤਰਾਂ ਵਿਚੋਂ ਦੂਜਾ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਹੈ। ਇਸੇ ਤਰ੍ਹਾਂ 31 ਮਈ ਤਕ ਜਲੰਧਰ ਤੋਂ 1039 ਮਰੀਜ਼ ਸਾਹਮਣੇ ਆਏ ਹਨ।

ਇਹੀ ਕਾਰਨ ਹੈ ਕਿ ਪਹਿਲੀ ਵਾਰ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵੀ ਜ਼ਿਲ੍ਹਾ ਪੱਧਰ ’ਤੇ ਕੀਤੀ ਜਾ ਰਹੀ ਹੈ। ਆਲ੍ਹਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਖਾਂ ਦੀ ਓਪੀਡੀ ’ਚ ਹਰੇਕ 100 ਮਰੀਜ਼ਾਂ ਵਿਚੋਂ 90 ਮਰੀਜ਼ ਅੱਖਾਂ ਦੇ ਫਲੂ ਤੋਂ ਪੀੜਤ ਹਨ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਗਿਣਤੀ ਸਕੂਲੀ ਵਿਦਿਆਰਥੀਆਂ ਦੀ ਹੈ। ਮੋਹਾਲੀ ਵਿਖੇ 200 ਮਰੀਜ਼ਾਂ ਵਿਚੋਂ 170 ਮਰੀਜ਼ ਇਸੇ ਬਿਮਾਰੀ ਤੋਂ ਪੀੜਤ ਪਾਏ ਜਾ ਰਹੇ ਹਨ।

ਡਾਕਟਰਾਂ ਦਾ ਮੰਨਣਾ ਹੈ ਕਿ ਅੱਖਾਂ ਦਾ ਫਲੂ ਆਮ ਗੱਲ ਹੈ ਪਰ ਇਹ ਰੋਗ ਅੱਖਾਂ ਦੀ ਪੁਤਲੀ ’ਤੇ ਧੱਬੇ ਬਣਾ ਰਿਹਾ ਹੈ ਜਿਸ ਨੂੰ ਠੀਕ ਕਰਨ ’ਚ ਕਈ ਮਹੀਨੇ ਲੱਗ ਜਾਂਦੇ ਹਨ। ਪਟਿਆਲਾ ਜ਼ਿਲ੍ਹੇ ਵਿਚ 2619, ਮੁਹਾਲੀ ਵਿਚ 1930, ਜਲੰਧਰ ਵਿਚ 1039, ਸੰਗਰੂਰ ਵਿਚ 770, ਰੂਪਨਗਰ ਵਿਚ 629 ਤੇ ਇਸ ਨਾਲ ਹੀ ਹੋਰ ਵੀ ਕਈ ਜ਼ਿਲ੍ਹਿਆ ਵਿਚ 100 ਤੋਂ ਵੱਧ ਮਰੀਜ਼ ਪਾਏ ਗਏ ਗਨ ।