ਅਮਰੀਕਾ ਵਿਚ ਕੋਰੋਨਾ ਦਾ ਕਹਿਰ, ਨਿਊਯਾਰਕ ‘ਚ ਦੋ ਹਫ਼ਤੇ ਵਧਿਆ ਲੌਕਡਾਊਨ
ਅਮਰੀਕਾ ਵਿਚ ਕੋਰੋਨਾ ਵਾਇਰਸ ਸੰਕਟ ਬਹੁਤ ਵੱਡੇ ਪੱਧਰ ‘ਤੇ ਕਹਿਰ ਬਰਸਾ ਰਿਹਾ ਹੈ
ਵਾਸ਼ਿੰਗਟਨ: ਅਮਰੀਕਾ ਵਿਚ ਕੋਰੋਨਾ ਵਾਇਰਸ ਸੰਕਟ ਬਹੁਤ ਵੱਡੇ ਪੱਧਰ ‘ਤੇ ਕਹਿਰ ਬਰਸਾ ਰਿਹਾ ਹੈ। ਨਿਊਯਾਰਕ, ਮਿਸ਼ਿਗਨ ਅਤੇ ਲੁਈਸਿਯਾਨਾ ਵਿਚ ਮ੍ਰਿਤਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਦੇਸ਼ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ 10,369 ਹੋ ਚੁੱਕੀ ਹੈ ਜਦਕਿ ਪੀੜਤ ਮਰੀਜ 3, 52,160 ਹੋ ਚੁੱਕੇ ਹਨ।
ਅਮਰੀਕਾ ਵਿਚ ਸਭ ਤੋਂ ਬੁਰਾ ਹਾਲ ਨਿਊਯਾਰਕ ਸ਼ਹਿਰ ਦਾ ਹੈ, ਜਿੱਥੇ ਕੁੱਲ 4,758 ਮੌਤਾਂ ਹੋ ਚੁੱਕੀਆਂ ਹਨ। ਜਦਕਿ ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 1,30,689 ਹੈ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਮੋ ਨੇ ਸੋਮਵਾਰ ਨੂੰ ਲੌਕਡਾਊਨ ਦੀ ਮਿਆਦ ਦੋ ਹਫ਼ਤੇ ਯਾਨੀ 29 ਅਪ੍ਰੈਲ ਤੱਕ ਵਧਾਉਣ ਦਾ ਐਲਾਨ ਕੀਤਾ ਸੀ।
ਇਸ ਦੇ ਨਾਲ ਹੀ ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਅਮਰੀਕੀ ਗਵਰਨਰਾਂ ਨੇ ਵ੍ਹਾਈਟ ਹਾਊਸ ਨੂੰ ਤੁਰੰਤ ਰਾਸ਼ਟਰੀ ਰਣਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਗਿਆਨਕਾਂ ਅਤੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਨੂੰ ਬੁਰੇ ਹਫ਼ਤਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕਹਿਲ ਲਗਾਤਾਰ ਜਾਰੀ ਹੈ।
ਦੁਨੀਆ ਭਰ ਵਿਚ ਕੋਰੋਨਾ ਨੇ ਹੁਣ ਤੱਕ 73 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਉੱਥੇ ਹੀ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 13 ਲੱਖ 28 ਹਜ਼ਾਰ 400 ਤੋਂ ਪਾਰ ਪਹੁੰਚ ਗਈ ਹੈ। ਭਾਰਤ ਵਿਚ ਕੋਰੋਨਾ ਦੇ 4400 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੀ 111 ਤੱਕ ਪਹੁੰਚ ਚੁੱਕੀ ਹੈ।