ਪਾਬੰਦੀਆਂ 'ਚ ਕੁੱਝ ਢਿੱਲ ਦਿਆਂਗੇ ਪਰ ਕਰਫ਼ੀਊ ਦੀ ਉਲੰਘਣਾ ਬਰਦਾਸ਼ਤ ਨਹੀਂ : ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਮੈਨੀਫ਼ੈਸਟੋ ਦੇ ਵਾਅਦਿਆਂ 'ਤੇ ਕੋਈ ਅਸਰ ਨਹੀਂ ਪੈਣ ਦਿਆਂਗੇ, ਪੁਲਿਸ ਮੁਲਾਜ਼ਮਾਂ ਨੂੰ ਵੀ ਪੀ.ਪੀ.ਈ ਕਿੱਟਾਂ ਦੇਣ ਦੀ ਯੋਜਨਾ, ਸਾਰੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਮਿਲੇਗੀ

ਪਾਬੰਦੀਆਂ 'ਚ ਕੁੱਝ ਢਿੱਲ ਦਿਆਂਗੇ ਪਰ ਕਰਫ਼ੀਊ ਦੀ ਉਲੰਘਣਾ ਬਰਦਾਸ਼ਤ ਨਹੀਂ : ਮੁੱਖ ਮੰਤਰੀ

ਚੰਡੀਗੜ੍ਹ, 14 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪਾਬੰਦੀਆਂ 'ਚ ਕੁੱਝ ਢਿੱਲ ਦਿਤੀ ਜਾਵੇਗੀ ਪਰ ਕਰਫ਼ੀਊ ਦੇ ਉਲੰਘਣਾ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਵੀਡੀਉ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੌਲੀ ਹੌਲੀ ਲਾਕਡਾਊਨ ਦੀ ਸਥਿਤੀ 'ਚੋਂ ਨਿਕਲਣ ਲਈ ਕਮੇਟੀ ਗਠਤ ਕੀਤੀ ਗਈ ਹੈ ਅਤੇ ਦਿਤੀਆਂ ਜਾਣ ਵਾਲੀਆਂ ਢਿੱਲਾਂ ਬਾਰੇ ਵੀ ਇਹ ਕਮੇਟੀ ਸਥਿਤੀ ਮੁਤਾਬਕ ਸੁਝਾਅ ਦੇਵੇਗੀ।

ਇਸ ਤੋਂ ਇਲਾਵਾ ਭਵਿੱਖ ਦੇ ਆਰਥਕ ਮਸਲਿਆਂ ਨੂੰ ਲੈ ਕੇ ਵੀ ਇਕ ਕਮੇਟੀ ਬਣਾਈ ਜਾ ਰਹੀ ਹੈ ਜੋ ਕਰਫ਼ੀਊ ਤੇ ਲਾਕਡਾਊਨ 'ਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਸੁਝਾਅ ਦੇਵੇਗੀ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਚੋਣ ਮੈਨੀਫ਼ੈਸਟੋ ਦੇ ਵਾਅਦਿਆਂ 'ਤੇ ਸਥਿਤੀ ਦਾ ਕੋਈ ਪ੍ਰਭਾਵ ਨਹੀਂ ਪੈਣ ਦਿਤਾ ਜਾਵੇਗਾ ਅਤੇ ਵਾਅਦੇ ਰਹਿੰਦੇ 2 ਸਾਲਾਂ 'ਚ ਪੂਰੇ ਕਰਨ ਲਈ ਪੂਰੇ ਉਪਰਾਲੇ ਹੋਣਗੇ।

ਮੌਜੂਦਾ ਸਥਿਤੀ 'ਚ ਲੋੜਵੰਦਾਂ ਨੂੰ ਰਾਸ਼ਨ ਦੇਣ ਬਾਰੇ ਉਨ੍ਹਾਂ ਕਿਹਾ ਕਿ ਨੀਲੇ ਕਾਰਡ ਵਾਲਿਆਂ ਨੂੰ 6 ਮਹੀਨੇ ਦਾ ਰਾਸ਼ਨ ਦੇਣ ਤੋਂ ਇਲਾਵਾ ਜਿਨ੍ਹਾਂ ਕੋਲ ਇਹ ਕਾਰਡ ਨਹੀਂ ਉਨ੍ਹਾਂ ਨੂੰ ਵੀ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਇਹ ਵੀ ਸਪੱਸ਼ਟ ਕੀਤਾ ਕਿ ਰਾਸ਼ਨ ਵੰਡਣਾ ਪੁਲਿਸ ਦਾ ਕੰਮ ਨਹੀਂ ਪਰ ਉਨ੍ਹਾਂ ਨੇ ਇਹ ਸੇਵਾ ਵਲੰਟਰੀ ਤੌਰ 'ਤੇ ਕੀਤੀ ਹੈ ਪਰ ਸਰਕਾਰ ਅਪਣੇ ਪੱਧਰ 'ਤੇ ਰਾਸ਼ਨ ਲੋਕਾਂ ਤਕ ਪਹੁੰਚਾ ਰਹੀ ਹੈ।


ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਰਫ਼ੀਊ ਦੇ ਸਮੇਂ ਦੌਰਾਨ ਕਿਸੇ ਵੀ ਦਿਹਾੜੀਦਾਰ, ਕੰਟਰੈਕਟਰ ਜਾਂ ਹੋਰ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਕਟੀ ਜਾਵੇਗੀ ਅਤੇ ਪੂਰੀ ਤਨਖ਼ਾਹ ਮਿਲੇਗੀ। ਕੇਂਦਰ ਸਰਕਾਰ ਵਲੋਂ ਸਨਅਤੀ ਮਜ਼ਦੂਰਾਂ ਨੂੰ ਪੂਰੀ ਤਨਖ਼ਾਹ ਦੇਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਨੂੰ ਉਦਯੋਗਾਂ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ 'ਤੇ ਕਾਮਿਆਂ ਨੂੰ ਪੂਰੀਆਂ ਤਨਖ਼ਾਹਾਂ ਦੇਣ ਕਾਰਨ ਮਾੜਾ ਅਸਰ ਨਾ ਪਵੇ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਾਵੇਂ ਸਿਹਤ ਮੁਲਾਜ਼ਮਾਂ ਨੂੰ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਪਰ ਪੁਲਿਸ ਮੁਲਾਜ਼ਮਾਂ ਨੂੰ ਵੀ ਪੀ.ਪੀ.ਟੀ. ਕਿੱਟਾਂ ਮੁਹੱਈਆ ਕਰਵਾਉਣ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਸਿਹਤ ਮੁਲਾਜ਼ਮਾਂ, ਸਫ਼ਾਈ ਕਾਮਿਆਂ ਤੇ ਪੁਲਿਸ ਵਲੋਂ ਨਿਭਾਈ ਜਾ ਰਹੀ ਕੋਰੋਨਾ ਵਿਰੋਧੀ ਭੂਮਿਕਾ ਦੀ ਸਰਾਹਨਾ ਕੀਤੀ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਰਾਜ 'ਚ ਵੱਡੀ ਪੱਧਰ 'ਤੇ ਲੋਕਾਂ ਦੇ ਟੈਸਟ ਕਰਨਾ ਚਾਹੁੰਦੀ ਹੈ ਪਰ ਹਾਲੇ ਤਕ ਕੇਂਦਰ ਸਰਕਾਰ ਤੋਂ 10 ਲੱਖ ਕਿੱਟਾਂ ਦੀ ਥਾਂ 1000 ਟੈਸਟ ਕਿੱਟਾਂ ਹੀ ਮਿਲੀਆਂ ਹਨ। ਇਨ੍ਹਾਂ 'ਚੋਂ 500 ਮੋਹਾਲੀ ਤੇ 500 ਜਲੰਧਰ ਦਿਤੀਆਂ ਜਾ ਰਹੀਆਂ ਹਨ। ਜਦਕਿ ਕੋਰੋਨਾ ਦੇ ਸਾਰੇ ਹਾਟ ਸਪਾਟ ਜ਼ਿਲ੍ਹਿਆਂ 'ਚ ਟੈਸਟਾਂ 'ਚ ਤੇਜ਼ੀ ਲਿਆਉਣ ਲਈ ਕਿੱਟਾਂ ਦੀ ਵਧੇਰੇ ਲੋੜ ਹੈ। ਉਨ੍ਹਾਂ ਏ.ਐਸ.ਆਈ. ਹਰਜੀਤ ਸਿੰਘ ਦੇ ਹੌਂਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੀ.ਜੀ.ਪੀ. ਨੂੰ ਢੁਕਵੇਂ ਸਨਮਾਨ ਲਈ ਸਿਫ਼ਾਰਸ਼ ਦੇਣ ਲਈ ਕਿਹਾ ਗਿਆ ਹੈ।