ਪਾਕਿਸਤਾਨੀ ਦੂਤਘਰ ਤੋਂ ਲਾਪਤਾ ਹੋਏ 23 ਭਾਰਤੀ ਸਿੱਖਾਂ ਦੇ ਪਾਸਪੋਰਟ
ਜਿਹਨਾਂ ਲੋਕਾਂ ਦੇ ਪਾਸਪੋਰਟ ਲਾਪਤਾ ਹੋਏ ਹਨ ਉਹਨਾਂ ਵਿਚੋਂ ਕੁਝ ਲੋਕਾਂ ਨੇ ਪੁਲਿਸ ਕੋਲ ਇਸ ਦੇ ਵਿਰੁਧ ਐਫਆਈਆਰ ਦਰਜ ਕੀਤੀ ਹੈ।
ਨਵੀਂ ਦਿੱਲੀ, ( ਪੀਟੀਆਈ) : ਪਾਕਿਸਤਾਨ ਹਾਈ ਕਮਿਸ਼ਨਰ ਤੋਂ ਕਥਿਤ ਤੌਰ 'ਤੇ 23 ਪਾਸਪੋਰਟ ਲਾਪਤਾ ਹੋ ਗਏ ਹਨ। ਇਹ ਪਾਸਪੋਰਟ ਸਿੱਖ ਸ਼ਰਧਾਲੂਆਂ ਦੇ ਹਨ ਜੋ ਪਾਕਿਸਤਾਨ ਸਥਿਤ ਗੁਰੂਦੁਆਰੇ ਵਿਚ ਦਰਸ਼ਨਾਂ ਲਈ ਜਾਣਾ ਚਾਹੁੰਦੇ ਸਨ। ਇਹਨਾਂ ਵਿਚ ਕਰਤਾਰਪੁਰ ਗੁਰੂਦੁਆਰਾ ਵੀ ਸ਼ਾਮਲ ਹੈ। ਜਿਸ ਦੇ ਲਈ ਪਿਛਲੇ ਮਹੀਨੇ ਹੀ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਜਿਹਨਾਂ ਲੋਕਾਂ ਦੇ ਪਾਸਪੋਰਟ ਲਾਪਤਾ ਹੋਏ ਹਨ ਉਹਨਾਂ ਵਿਚੋਂ ਕੁਝ ਲੋਕਾਂ ਨੇ ਪੁਲਿਸ ਕੋਲ ਇਸ ਦੇ ਵਿਰੁਧ ਐਫਆਈਆਰ ਦਰਜ ਕੀਤੀ ਹੈ।
ਜਿਸ ਕਾਰਨ ਇਹ ਮਾਮਲਾ ਵਿਦੇਸ਼ ਮੰਤਰਾਲਾ ਤੱਕ ਪੁੱਜ ਗਿਆ ਹੈ। ਮੰਤਰਾਲਾ ਹੁਣ ਇਹਨਾਂ ਪਾਸਪੋਰਟਾਂ ਨੂੰ ਰੱਦ ਕਰਨ ਦੀ ਤਿਆਰੀ ਵਿਚ ਹੈ ਅਤੇ ਉਹ ਇਸ ਮਾਮਲੇ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਸਾਹਮਣੇ ਵੀ ਰੱਖੇਗਾ। ਪਾਕਿਸਤਾਨ ਨੇ 3800 ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਦਿਤਾ ਸੀ ਤਾਂ ਕਿ ਉਹ ਗੁਰੂ ਨਾਨਕ ਦੇਵ ਦੇ 21 ਤੋਂ 30 ਨਵੰਬਰ ਵਿਚਕਾਰ 549ਵੇਂ ਗੁਰੂਪੁਰਬ ਵਿਚ ਸ਼ਾਮਲ ਹੋ ਸਕਣ। ਜਿਹਨਾਂ 23 ਸਿੱਖਾਂ ਦੇ ਪਾਸਪੋਰਟ ਲਾਪਤਾ ਹੋਏ ਹਨ, ਇਹ ਉਹਨਾਂ 3800 ਯਾਤਰੀਆਂ ਵਿਚ ਸ਼ਾਮਲ ਸਨ ।
ਪਾਸਪੋਰਟ ਲਾਪਤਾ ਹੋਣ 'ਤੇ ਪਾਕਿਸਤਾਨ ਨੇ ਅਪਣੇ ਕਿਸੇ ਅਧਿਕਾਰੀ ਦੇ ਜਿੰਮ੍ਹੇਵਾਰ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਇਹਨਾਂ ਪਾਸਪੋਰਟਾਂ ਨੂੰ ਦਿੱਲੀ ਦੇ ਏਜੰਟ ਨੇ ਇਕੱਠਾ ਕੀਤਾ ਹੈ ਜਿਸ ਦਾ ਦਾਅਵਾ ਹੈ ਕਿ ਉਸ ਨੇ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਪਾਸਪੋਰਟ ਜਮ੍ਹਾਂ ਕਰਵਾ ਦਿਤੇ ਹਨ। ਉਸ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਜਦ ਉਹ ਪਾਸਪੋਰਟ ਲੈਣ ਗਿਆ ਤਾਂ ਪਾਕਿਸਤਾਨ ਹਾਈ ਕਮਿਸ਼ਨ ਨੇ ਉਸ ਨੂੰ ਦੱਸਿਆ ਕਿ ਉਹਨਾਂ ਕੋਲ ਦਸਤਾਵੇਜ਼ ਨਹੀਂ ਹਨ। ਅਧਿਕਾਰਕ ਸੂਤਰਾਂ ਮੁਤਾਬਕ ਇਹ ਗੰਭਾਰ ਮਾਮਲਾ ਹੈ
ਅਤੇ ਅਸੀਂ ਪਾਸਪੋਰਟ ਦੀ ਕਿਸੇ ਤਰ੍ਹਾਂ ਦੀ ਗਲਤ ਵਰਤੋਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਹਨ। ਭਾਰਤ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਰਤਾਰਪੁਰ ਸਾਹਿਬ ਵਿਖੇ 24 ਘੰਟੇ ਦਾਖਲੇ ਅਤੇ ਸ਼ਰਧਾਰੂਲਾਂ ਦੀ ਬੇਰੋਕ ਗਿਣਤੀ ਦੀ ਮੰਗ ਕੀਤੀ ਹੈ। ਉਥੇ ਹੀ ਅਧਿਕਾਰੀਆਂ ਨੇ ਕਿਹਾ ਹੈ ਕਿ ਪਕਿਸਤਾਨ ਆਧਾਰਿਤ ਅਤਿਵਾਦੀਆਂ ਵੱਲੋਂ ਇਸ ਲਾਂਘੇ ਦੀ ਗਲਤ ਵਰਤੋਂ ਨੂੰ ਰੋਕਣ ਲਈ ਵੀ ਹਰ ਸੰਭਵ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ।