Amritsar News : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੁਰਾਤਨ ਸਰੂਪ ਉੱਪਰ ਬਹੁਤ ਸਾਰੇ ਲੋਕਾਂ ਤੇ ਆਗੂਆਂ ਦੇ ਹੱਥੋਂ ਤਿਲਕ ਲਗਵਾਉਣ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ

Amritsar News : ਪੰਥਕ ਰਵਾਇਤ ਅਨੁਸਾਰ ਸਖ਼ਤ ਕਾਰਵਾਈ ਦੀ ਮੰਗ ਕੀਤੀ

file photo

Amritsar News : ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੁੰਦਿਆਂ ਅੱਜ ਸਿੱਖ ਜਥੇਬੰਦੀਆਂ ਨੇ ਸੀਨੀਅਰ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਮਾਲਵਿੰਦਰ ਸਿੰਘ, ਪ੍ਰਨੀਤ ਕੌਰ ਅਤੇ ਸੁਰਜੀਤ ਸਿੰਘ ਰੱਖੜਾ ਸਮੇਤ ਕਈ ਲੋਕਾਂ ’ਤੇ 2008 ਦੀ ਇਕ ਵੀਡੀਉ ਦੇ ਆਧਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ। 
ਸ੍ਰੀ ਮੁਕਤਸਰ ਸਾਹਿਬ ਤੋਂ ਆਏ ਗੁਰਜੀਤ ਸਿੰਘ ਨੇ ਅਕਾਲ ਤਖ਼ਤ ਨੂੰ ਲਿਖੀ ਚਿੱਠੀ ’ਚ ਕਿਹਾ, ‘‘ਇਸ ਚਿੱਠੀ ਦੇ ਨਾਲ ਅਸੀ ਆਪ ਜੀ ਨੂੰ ਇੱਕ ਵੀਡੀਓ ਕਲਿੱਪ ਵੀ ਭੇਜ ਰਹੇ ਹਾਂ ਜੋ ਕਿ ਸੰਨ 2008 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਗੱਦੀ ਦਿਹਾੜੇ ਮੌਕੇ ਜਦੋਂ ਸੰਸਾਰ ਭਰ ਅੰਦਰ ਸਮੂਹ ਸਿੱਖਾਂ ਵੱਲੋਂ ਵੱਡੇ ਪੱਧਰ ’ਤੇ ਸਮਾਗਮ ਕੀਤੇ ਗਏ। ਉਸ ਵੇਲੇ ਇੱਕ ਨਿੱਜੀ ਡੇਰੇਦਾਰ ਬਾਬਾ ਬਲਵੰਤ ਸਿੰਘ ਸਿਹੋੜੇ ਵੱਲੋਂ ਆਪਣੇ ਕਿਸੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜੂਰੀ ਵਿੱਚ ਮਨਮਤਿ ਕਰਦਿਆਂ ਗੁਰੂ ਘਰ ਦੀ ਮਰਿਯਾਦਾ ਦੀ ਘੋਰ ਉਲੰਘਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗਵਾਹੀ ਭਰਦੀ ਹੈ । ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹੱਥੀਂ ਗੁਰਗੱਦੀ ਬਖਸ਼ੀ ਗਈ।’’ 

ਚਿੱਠੀ ’ਚ ਅੱਗੇ ਲਿਖਿਆ ਹੈ, ‘‘ਪਰ ਉਕਤ ਸਮਾਗਮ ਵਿੱਚ ਉਸ ਬਾਬਾ ਬਲਵੰਤ ਸਿੰਘ ਨਾਮੀ ਡੇਰੇਦਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੁਰਾਤਨ ਸਰੂਪ ਉੱਪਰ ਬਹੁਤ ਸਾਰੇ ਲੋਕਾਂ ਤੇ ਆਗੂਆਂ ਦੇ ਹੱਥੋਂ ਤਿਲਕ ਲਗਵਾਏ ਗਏ। ਇਹ ਜੁਗੋ ਜੁਗ ਅਟੱਲ ਚਵਰ ਵਰ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੈ ਕਿ ਕੋਈ ਮਨੁੱਖ ਉਹਨਾਂ ਦੇ ਤਿਲਕ ਲਗਾਵੇ । ਪਰ ਉਕਤ ਡੇਰੇਦਾਰ ਦੇ ਕਹਿਣ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਾਲਵਿੰਦਰ ਸਿੰਘ, ਬੀਬੀ ਪ੍ਰਨੀਤ ਕੌਰ, ਸੁਰਜੀਤ ਸਿੰਘ ਰੱਖੜਾ ਤੇ ਹੋਰ ਬਹੁਤ ਸਾਰੇ ਅਗਿਆਤ ਵਿਅਕਤੀਆਂ ਵੱਲੋਂ ਗੁਰੂ ਸਾਹਿਬ ਦੇ ਤਿਲਕ ਲਗਾਏ ਗਏ।’’

ਉਨ੍ਹਾਂ ਕਿਹਾ ਕਿ ਇਹ ਘਟਨਾ ਸੰਨ 2008 ਵਿਚ ਵਾਪਰੀ ਓਸੇ ਵੇਲੇ ਹੀ ਇਹ ਬੇਅਦਬੀ ਕਰਨ ਵਾਲੇ ਸਬੰਧਿਤ ਸਮੂਹ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਦਿਆਂ ਪੰਥਕ ਰਵਾਇਤ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਪਰ ਅਫਸੋਸ ਕਿ ਅਜਿਹਾ ਨਾ ਹੋ ਸਕਿਆ। 

ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ, ‘‘ਇਸ ਚਿੱਠੀ ਨਾਲ ਉਕਤ ਵੀਡੀਓ ਭੇਜਦੇ ਹੋਏ ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਵੀਡੀਓ ਵਿਚ ਆਏ ਸਮੂਹ ਦੋਸ਼ੀਆਂ ਜਿੰਨਾਂ ਵਿੱਚੋਂ ਕੁਝ ਦੇ ਨਾਮ ਅਸੀ ਆਪ ਜੀ ਨੂੰ ਲਿਖੇ ਹਨ ਤੇ ਬਾਕੀਆਂ ਕੀ ਪਹਿਚਾਣ ਕਰਦੇ ਹੋਏ। ਖ਼ਾਲਸਾ ਪੰਥ ਦੀ ਰਵਾਇਤ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਦਿਆਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਕਿਉਂਕਿ ਇਹ ਪੰਥਕ ਰਵਾਇਤ ਦੇ ਨਾਲ ਹੀ ਗੁਰੂ ਸਾਹਿਬ ਦੀ ਬੇਅਦਬੀ ਵੀ ਹੈ। ਇਸ ਲਈ ਆਪ ਨੂੰ ਇਸ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਅਪੀਲ ਕਰਦੇ ਹਾਂ।’’