ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦੀ ਭਰਪਾਈ ਕਰੇ ਕੈਪਟਨ ਸਰਕਾਰ : ਪ੍ਰਿੰਸੀਪਲ ਬੁੱਧ ਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ

-ਪੰਜਾਬ ਮੰਡੀ ਬੋਰਡ ਦੇ ਭ੍ਰਿਸ਼ਟ ਅਧਿਕਾਰੀਆਂ ਉੱਤੇ ਲਗਾਮ ਕੱਸੇ ਕੈਪਟਨ ਸਰਕਾਰ : ਮੀਤ ਹੇਅਰ

Principal Budh Ram

ਚੰਡੀਗੜ੍ਹ - ਪੰਜਾਬ ਭਰ ਵਿਚ ਪਏ ਮੀਂਹ ਕਾਰਨ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦੇ ਨੁਕਸਾਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਤੋਂ ਭਰਪਾਈ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਉੱਤੇ ਸਹੀ ਪ੍ਰਬੰਧ ਨਾ ਕਰਨ ਦਾ ਇਲਜ਼ਾਮ ਲਗਾਇਆ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ 'ਆਪ' ਆਗੂਆਂ ਨੇ ਕਿਹਾ ਕਿ ਕਿਸਾਨ ਵੱਲੋਂ ਪੁੱਤਾਂ ਦੇ ਵਾਂਗ ਪਾਲੀ ਫ਼ਸਲ ਅੱਜ ਮੰਡੀਆਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਮੰਡੀਕਰਨ ਬੋਰਡ ਦੀਆਂ ਨਲਾਇਕੀਆਂ ਕਰਕੇ ਖ਼ਰਾਬ ਹੋ ਰਹੀ ਹੈ। ਮੰਡੀਆਂ ਵਿਚ ਖ਼ਰਾਬ ਹੋਈ ਫ਼ਸਲ ਕਾਰਨ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਿੰਮੇਵਾਰ ਹੈ।

'ਆਪ' ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਮੰਡੀ ਬੋਰਡ ਵੱਲੋਂ ਕਿਸਾਨਾਂ ਦੀ ਫ਼ਸਲ ਦੀ ਸੰਭਾਲ ਲਈ ਮੰਡੀਆਂ ਵਿਚ ਯੋਗ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਮੰਡੀਆਂ ਵਿਚ ਪਈ ਕਿਸਾਨਾਂ ਦੀ ਫ਼ਸਲ ਖ਼ਰਾਬ ਹੋਈ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਮੰਡੀਆਂ ਵਿਚ ਸੁੱਕੀ ਫ਼ਸਲ ਨੂੰ ਵੀ ਅਧਿਕਾਰੀਆਂ ਵੱਲੋਂ ਨਹੀਂ ਖ਼ਰੀਦੀਆਂ ਗਈਆਂ, ਜੋ ਫ਼ਸਲਾਂ ਖ਼ਰਾਬ ਹੋਣ ਦਾ ਵੱਡਾ ਕਾਰਨ ਬਣਿਆ। 'ਆਪ' ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਦੀਆਂ ਅਤੇ ਪੰਜਾਬ ਮੰਡੀ ਬੋਰਡ ਦੀਆਂ ਗ਼ਲਤੀਆਂ ਨਾਲ ਫ਼ਸਲ ਦੇ ਨੁਕਸਾਨ ਦੀ ਭਰਪਾਈ ਕਰੇ।

ਆਗੂਆਂ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਉੱਤੇ ਦੋਸ਼ ਲਗਾਇਆ ਕਿ ਮੰਡੀ ਵਿਚੋਂ ਫ਼ਸਲ ਖ਼ਰੀਦਣ ਦੇ ਲਈ ਕਿਸਾਨਾਂ ਤੋਂ ਅਧਿਕਾਰੀ ਪੈਸੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਵੱਲੋਂ ਪੈਸੇ ਨਾ ਦੇਣ ਕਾਰਨ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਨੂੰ ਲਟਕਾਇਆ ਜਾ ਰਿਹਾ ਹੈ।  ਆਗੂਆਂ ਨੇ ਕਿਹਾ ਕਿ ਲਾਲਚੀ ਅਧਿਕਾਰੀਆਂ ਕਰਕੇ ਹੀ ਅੱਜ ਕਿਸਾਨ ਮੰਡੀਆਂ ਵਿਚ ਖੱਜਲ ਖ਼ੁਆਰ ਹੋ ਰਹੇ ਹਨ।

ਆਗੂਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਅੱਜ ਸ਼ਰੇਆਮ ਰਿਸ਼ਵਤ ਲਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਨੂੰ ਲਗਾਮ ਕੱਸਣ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।