ਧਰਮ, ਜਾਤੀ ਵਿਸ਼ੇਸ਼, ਲਿੰਗ ਆਦਿ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ- ਗੁਰਜੀਤ ਔਜਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਜੀਤ ਸਿੰਘ ਔਜਲਾ ਨੇ ਸੰਵਿਧਾਨ ਦੇ ਆਰਟੀਕਲ 15 ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਆਰਟੀਕਲ ਤਹਿਤ ਕਿਸੇ ਧਰਮ, ਜਾਤੀ ਵਿਸ਼ੇਸ਼, ਲਿੰਗ ਆਦਿ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ

Gurjeet Aujla

ਚੰਡੀਗੜ੍ਹ: ਅੱਜ 26 ਨਵੰਬਰ ਨੂੰ ਭਾਰਤ ਦਾ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ ਤੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸੰਵਿਧਾਨ ਦੇ ਆਰਟੀਕਲ 15 ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਆਰਟੀਕਲ ਤਹਿਤ ਕਿਸੇ ਧਰਮ, ਜਾਤੀ ਵਿਸ਼ੇਸ਼, ਲਿੰਗ ਆਦਿ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ , ਭਾਵ ਕਿ ਸੰਵਿਧਾਨ ਵਿਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਇਸ ਖਾਸ ਮੌਕੇ 'ਤੇ ਪੀਐਮ ਮੋਦੀ ਨੇ ਕਿਹਾ ਕਿ "ਅੰਬੇਦਕਰ ਨੇ 25 ਨਵੰਬਰ 1949 ਨੂੰ ਯਾਦ ਦਿਵਾਇਆ ਸੀ ਕਿ ਭਾਰਤ ਪਹਿਲੀ ਵਾਰ 1947 'ਚ ਆਜ਼ਾਦ ਹੋਇਆ ਹੈ ਜਾਂ ਫਿਰ 29 ਜਨਵਰੀ 1959 ਨੂੰ ਗਣਤੰਤਰ ਹੋਇਆ ਹੈ। ਅਜਿਹਾ ਨਹੀਂ ਹੈ। ਸਾਡੇ ਕੋਲ ਪਹਿਲਾਂ ਵੀ ਗਣਤੰਤਰ ਸੀ। ਅਸੀ ਪਹਿਲਾਂ ਵੀ ਆਜ਼ਾਦੀ ਗੁਆਈ ਹੈ ਅਤੇ ਗਣਤੰਤਰ ਵੀ। ਬਾਬਾ ਸਾਹਿਬ ਨੇ ਯਾਦ ਦਿਵਾਇਆ ਸੀ ਕਿ ਅਸੀ ਗਣਤੰਤਰ ਹੋਏ ਹਾਂ, ਕੀ ਅਸੀ ਆਜ਼ਾਦੀ ਬਣਾਈ ਰੱਖ ਸਕਦੇ ਹਾਂ। ਅੱਜ ਬਾਬਾ ਸਾਹਿਬ ਹੁੰਦੇ ਤਾਂ ਉਨ੍ਹਾਂ ਨੂੰ ਖੁਸ਼ੀ ਹੁੰਦੀ।

 ਸੰਵਿਧਾਨ ਦਿਵਸ ਦੇ ਮੌਕੇ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਮਮਤਾ ਬੈਨਰਜੀ ਨੇ ਟਵੀਟ ਕੀਤਾ, ‘ਸੰਵਿਧਾਨ ਦਿਵਸ ਦੇ ਮੌਕੇ ‘ਤੇ ਡਾਕਟਰ ਬੀ.ਆਰ. ਅੰਬੇਦਕਰ ਅਤੇ ਸੰਵਿਧਾਨ ਸਭਾ ਨੂੰ ਸ਼ਰਧਾਂਜਲੀ, ਜਿਨ੍ਹਾਂ ਨੇ ਸਾਡੇ ਮਹਾਨ ਲੋਕਤੰਤਰ ਨੂੰ ਆਕਾਰ ਦਿੱਤਾ। ਸਾਨੂੰ ਸੰਵਿਧਾਨ ਦੇ ਹਰੇਕ ਸ਼ਬਦ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਇਸ ਮੌਕੇ ‘ਤੇ ਪੀਐਮ ਮੋਦੀ ਨੇ ਵੀ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਲੋਕ ਸਭਾ-ਰਾਜ ਸਭਾ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕੀਤਾ।

ਦੱਸ ਦਈਏ ਕਿ 26 ਨਵੰਬਰ ਨੂੰ ਭਾਰਤ ਦਾ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਇਤਿਹਾਸਕ ਤਰੀਕ ਨੂੰ ਸੰਨ 1949 ਵਿਚ ਭਾਰਤ ਦੀ ਸੰਵਿਧਾਨ ਸਮਿਤੀ (Constituent Assembly of India) ਵੱਲੋਂ ਭਾਰਤ ਦੇ ਸੰਵਿਧਾਨ ਨੂੰ ਸਵਿਕਾਰ ਕੀਤਾ ਗਿਆ ਸੀ। ਪਰ ਇਸ ਨੂੰ 26 ਜਨਵਰੀ 1950 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਸੀ। ਭਾਰਤ ਦਾ ਸੰਵਿਧਾਨ ਲਚਕਦਾਰ ਹੈ। ਇਸ ਨੂੰ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਅਤੇ ਉਹਨਾਂ ਵਿਚ ਕੁਝ ਬਦਲਾਅ ਵੀ ਕੀਤੇ ਗਏ ਹਨ। ਹਾਲਾਂਕਿ ਜ਼ਿਆਦਾਤਰ ਹਿੱਸਾ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਵਿਚੋਂ ਲਿਆ ਗਿਆ ਹੈ।