1984 'ਚ ਕਾਂਗਰਸ ਪਾਰਟੀ ਦੇ ਲੋਕਾਂ ਨੇ ਦਿੱਲੀ 'ਚ ਸਿੱਖਾਂ ਦਾ ਕੀਤਾ ਸੀ ਕਤਲੇਆਮ : ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਕਾਂਗਰਸ ਪਾਰਟੀ ਸਿੱਖ ਨਸਲਕੁਸ਼ੀ ਦੇ ਆਰੋਪੀਆਂ ਨੂੰ ਦੇ ਰਹੀ ਹੈ ਨਵੇਂ-ਨਵੇਂ ਅਹੁਦੇ

Congress party members massacred Sikhs in Delhi in 1984: Narendra Modi

ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਚੋਣ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਹਿਲੇ ਗੇੜ ਦੀਆਂ ਚੋਣਾਂ ਲਈ ਆਉਂਦੀ 6 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਸ ਦੇ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਅੱਜ ਬਿਹਾਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਐਨਡੀਏ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਰਾਸ਼ਟਰੀ ਜਨਤਾ ਦਲ ਬਿਹਾਰ ’ਚ ‘ਜੰਗਲ ਰਾਜ’ ਦੀ ਰਾਜਨੀਤੀ ਲੈ ਕੇ ਆਈ ਤਾਂ ਕਾਂਗਰਸ ਪਾਰਟੀ ਦੀ ਪਹਿਚਾਣ ਸਿੱਖਾਂ ਦੇ ਕਤਲੇਆਮ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਇਹ 1 ਅਤੇ  2 ਨਵੰਬਰ 1984 ਦੀ ਗੱਲ ਹੈ ਅਤੇ ਅੱਜ ਵੀ 2 ਨਵੰਬਰ ਹੀ ਹੈ। ਕਾਂਗਰਸ ਪਾਰਟੀ ਦੇ ਲੋਕਾਂ ਨੇ 1 ਅਤੇ 2 ਨਵੰਬਰ 1984 ਨੂੰ ਦਿੱਲੀ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ’ਚ ਸਿੱਖਾਂ ਦਾ ਕਤਲੇਆਮ ਕੀਤਾ ਸੀ। ਅੱਜ ਵੀ ਕਾਂਗਰਸ ਪਾਰਟੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਆਪਣੀ ਪਾਰਟੀ ’ਚ ਸਨਮਾਨ ਦੇ ਨਾਲ ਨਵੇਂ ਅਹੁਦੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕਾਂਗਰਸ ਪਾਰਟੀ ਹੋਵੇ ਜਾਂ ਆਰ.ਜੇ.ਡੀ. ਉਨ੍ਹਾਂ ਨੂੰ ਆਪਣੇ ਪਾਪਾਂ ਦਾ ਕੋਈ ਪਛਤਾਵਾ ਨਹੀਂ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਆਰ.ਜੇ.ਡੀ. ਨੇ ਕਾਂਗਰਸ ਪਾਰਟੀ ਦੀ ਪੁਰਪੜੀ ’ਤੇ ‘ਕੱਟਾ’ ਰੱਖ ਕੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਨਹੀਂ ਚਾਹੁੰਦੀ ਸੀ ਕਿ ਆਰ.ਜੇ.ਡੀ. ਦੇ ਕਿਸੇ ਉਮੀਦਵਾਰ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਵੇਗਾ। ਪਰ ਆਰ.ਜੇ.ਡੀ. ਨੇ ਕਾਂਗਰਸ ਪਾਰਟੀ ’ਤੇ ਬੰਦੂਕ ਤਾਣ ਕੇ ਮੁੱਖ ਮੰਤਰੀ ਚਿਹਰੇ ਦਾ ਅਹੁਦਾ ਖੋ ਲਿਆ ਹੈ ਅਤੇ ਇਹ ਪੱਕਾ ਕਰ ਲਿਆ ਹੈ ਕਿ ਉਨ੍ਹਾਂ ਦਾ ਉਮੀਦਵਾਰ ਹੀ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ਆਰ.ਜੇ.ਡੀ. ਅਤੇ ਕਾਂਗਰਸ ਦਰਮਿਆਨ ਬਹੁਤ ਵੱਡਾ ਝਗੜਾ ਹੈ ਅਤੇ ਮੈਨੀਫੈਸਟੋ ’ਚ ਕਾਂਗਰਸ ਦੀਆਂ ਮੰਗਾਂ ’ਤੇ ਧਿਆਨ ਨਹੀਂ ਦਿੱਤਾ ਗਿਆ। ਚੋਣਾਂ ਤੋਂ ਪਹਿਲਾਂ ਹੀ ਇਨ੍ਹਾਂ ਦਰਮਿਆਨ ਇੰਨੀ ਜ਼ਿਆਦਾ ਨਫ਼ਰਤ ਹੈ ਅਤੇ ਚੋਣ ਤੋਂ ਬਾਅਦ ਇਹ ਇਕ-ਦੂਜੇ ਦੇ ਦੁਸ਼ਮਣ ਬਣ ਜਾਣਗੇ ਅਤੇ ਇਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।