ਬਿਹਾਰ ਸਰਕਾਰ ਦਾ ਫ਼ੈਸਲਾ: ਬਜ਼ੁਰਗਾਂ ਨੂੰ ਘਰ ਵਿਚ ਹੀ ਮਿਲਣਗੀਆਂ ਸਿਹਤ ਸਹੂਲਤਾਂ
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਕੀਤਾ ਐਲਾਨ
Bihar government's decision: Elderly will get healthcare facilities at home
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਨਿਚਰਵਾਰ ਨੂੰ ਸੂਬੇ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਸ ਯੋਜਨਾ ਨੂੰ ਪਹਿਲ ਦਿੰਦਿਆਂ ਲਾਗੂ ਕਰਨ ਦਾ ਹੁਕਮ ਦਿਤਾ ਹੈ। ਇਹ ਯੋਜਨਾ ਨਿਤੀਸ਼ ਕੁਮਾਰ ਸਰਕਾਰ ਦੀ ‘ਸੱਤ ਨਿਸਚੈ’ ਪਹਿਲ ਹੇਠ ਆਉਂਦੀ ਹੈ।
ਕੁਮਾਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉਤੇ ਇਕ ਪੋਸਟ ਵਿਚ ਲਿਖਿਆ, ‘‘ਸਾਡੀ ਕੋਸ਼ਿਸ਼ ਇਹ ਯਕੀਨੀ ਕਰਨਾ ਹੈ ਕਿ ਸੂਬੇ ਦੇ ਜ਼ਰੂਰਤਮੰਦ ਬਜ਼ੁਰਗਾਂ ਨੂੰ ਜ਼ਰੂਰਤ ਵੇਲੇ ਘਰ ਵਿਚ ਹੀ ਨਰਸਿੰਗ ਸਹਾਇਤਾ, ਘਰ ’ਤੇ ਪੈਥੋਲੋਜੀ ਜਾਂਚ, ਬੀ.ਪੀ. ਦੀ ਜਾਂਚ, ਈ.ਸੀ.ਜੀ. ਟੈਸਟ, ਫ਼ਿਜੀਓਥੈਰੇਪੀ ਅਤੇ ਐਮਰਜੈਂਸੀ ਸਥਿਤੀਆਂ ’ਚ ਹੋਰ ਕਿਸਮ ਦੀ ਡਾਕਟਰੀ ਸਹਾਇਤਾ ਸਮੇਤ ਜ਼ਰੂਰੀ ਸਿਹਤ ਸੇਵਾਵਾਂ ਮਿਲ ਸਕਣ।’’