ਰਾਜਸਥਾਨ ਸੀਤ ਲਹਿਰ, ਮੱਧ ਪ੍ਰਦੇਸ਼ ਵਿੱਚ ਤਾਪਮਾਨ 9°C ਤੋਂ ਘੱਟ, ਬਿਹਾਰ ਵਿੱਚ ਧੁੰਦ ਕਾਰਨ 11 ਉਡਾਣਾਂ ਲੇਟ, ਠੰਢ ਨੇ ਕੀਤਾ ਬੇਹਾਲ
ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਹੋਣ ਕਾਰਨ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵਧ ਗਈ ਹੈ।
ਦਸੰਬਰ ਦੇ ਸ਼ੁਰੂ ਤੋਂ ਹੀ ਪਹਾੜੀ ਰਾਜਾਂ ਵਿਚ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਢ ਵਧ ਗਈ ਹੈ। ਮੱਧ ਪ੍ਰਦੇਸ਼ ਵਿਚ ਕੱਲ੍ਹ ਤੋਂ ਤਾਪਮਾਨ ਹੋਰ ਘਟਣ ਦੀ ਉਮੀਦ ਹੈ। ਇਸ ਦਾ ਸਭ ਤੋਂ ਵੱਧ ਅਸਰ ਇੰਦੌਰ, ਗਵਾਲੀਅਰ, ਚੰਬਲ, ਉਜੈਨ ਅਤੇ ਸਾਗਰ ਡਿਵੀਜ਼ਨਾਂ ਵਿਚ ਪਵੇਗਾ, ਜਿਸ ਨਾਲ ਠੰਢ ਵਧੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭੋਪਾਲ ਅਤੇ ਇੰਦੌਰ ਵਿਚ ਘੱਟੋ-ਘੱਟ ਤਾਪਮਾਨ 9 ਡਿਗਰੀ ਤੋਂ ਘੱਟ ਸੀ।
ਰਾਜਸਥਾਨ ਵਿਚ ਅੱਜ ਤੋਂ ਅਗਲੇ ਤਿੰਨ ਦਿਨਾਂ ਲਈ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੁਰੂ, ਝੁੰਝੁਨੂ ਅਤੇ ਸੀਕਰ ਲਈ ਯੈਲੋ ਅਲਰਟ ਜਾਰੀ ਕੀਤਾ ਜਾਵੇਗਾ। ਮੰਗਲਵਾਰ ਨੂੰ ਸਭ ਤੋਂ ਘੱਟ ਤਾਪਮਾਨ ਬੀਕਾਨੇਰ ਦੇ ਨੇੜੇ ਲੂਣਕਰਨਸਰ ਵਿੱਚ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਦੌਰਾਨ, ਹਿਮਾਚਲ ਪ੍ਰਦੇਸ਼ ਵਿਚ ਭਾਰੀ ਠੰਢ ਪੈ ਰਹੀ ਹੈ। ਸੂਬੇ ਭਰ ਦੇ 24 ਸ਼ਹਿਰਾਂ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ। ਬੀਤੀ ਰਾਤ, ਲਾਹੌਲ-ਸਪਿਤੀ ਦੇ ਤਾਬੋ ਵਿਚ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ, ਜੋ ਕਿ ਮਨਫ਼ੀ 8 ਡਿਗਰੀ ਸੈਲਸੀਅਸ ਤੱਕ ਪਹੁੰਚ ਗਈ।
ਇਸ ਦੌਰਾਨ, ਬਿਹਾਰ ਦੇ ਅੱਠ ਜ਼ਿਲ੍ਹਿਆਂ ਵਿੱਚ ਧੁੰਦ ਛਾਈ ਰਹੀ, ਜਿਨ੍ਹਾਂ ਵਿੱਚ ਪਟਨਾ, ਗੋਪਾਲਗੰਜ, ਬੇਤੀਆ ਅਤੇ ਸਮਸਤੀਪੁਰ ਸ਼ਾਮਲ ਹਨ। ਬੇਗੂਸਰਾਏ ਵਿੱਚ ਬੱਦਲਵਾਈ ਰਹੀ। ਘੱਟ ਦ੍ਰਿਸ਼ਟੀ ਕਾਰਨ 11 ਉਡਾਣਾਂ ਵਿੱਚ ਦੇਰੀ ਹੋਈ। ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 2-3 ਡਿਗਰੀ ਤੱਕ ਘੱਟ ਜਾਵੇਗਾ।