12 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਖਰੜਾ ਸੂਚੀਆਂ ’ਚੋਂ ਹਟਾਏ ਗਏ ਲਗਭਗ 6.5 ਕਰੋੜ ਵੋਟਰ
ਐੱਸ.ਆਈ.ਆਰ. ਦਾ ਦੂਜਾ ਪੜਾਅ
ਨਵੀਂ ਦਿੱਲੀ : ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਦੇ ਹਿੱਸੇ ਵਜੋਂ ਪਿਛਲੇ ਦਿਨਾਂ ’ਚ 9 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਵੋਟਰ ਸੂਚੀਆਂ ਦੇ ਖਰੜੇ ਵਿਚੋਂ 6.5 ਕਰੋੜ ਵੋਟਰਾਂ ਦੇ ਨਾਂ ਹਟਾ ਦਿਤੇ ਗਏ ਹਨ। 27 ਅਕਤੂਬਰ ਨੂੰ ਸ਼ੁਰੂ ਹੋਏ ਐੱਸ.ਆਈ.ਆਰ. ਦੇ ਦੂਜੇ ਪੜਾਅ ਤੋਂ ਪਹਿਲਾਂ, 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 50.90 ਕਰੋੜ ਵੋਟਰ ਸਨ। ਵੱਖਰੀਆਂ ਖਰੜਾ ਸੂਚੀਆਂ ਪ੍ਰਕਾਸ਼ਿਤ ਹੋਣ ਤੋਂ ਬਾਅਦ, ਵੋਟਰਾਂ ਦੀ ਗਿਣਤੀ ਘਟ ਕੇ 44.40 ਕਰੋੜ ਰਹਿ ਗਈ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਖਰੜਾ ਸੂਚੀ ’ਚੋਂ ਹਟਾਏ ਗਏ ਲੋਕਾਂ ਦੇ ਨਾਮ ‘ਏ.ਐਸ.ਡੀ.’ ਜਾਂ ਗੈਰਹਾਜ਼ਰ, ਸ਼ਿਫਟ ਅਤੇ ਡੈੱਡ/ਡੁਪਲੀਕੇਟ ਸ਼੍ਰੇਣੀ ਵਿਚ ਪਾਏ ਗਏ ਹਨ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਪਹਿਲਾਂ ਉਪਲਬਧ ਰੁਝਾਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਐਸ.ਆਈ.ਆਰ. ਅਭਿਆਸ ਵਿਚ ਸ਼ਾਮਲ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿਚ ਗਿਣਤੀ ਫਾਰਮਾਂ ਦੀ ਇਕੱਤਰਤਾ ਬਹੁਤ ਘੱਟ ਰਹੀ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਲਕਸ਼ਦੀਪ, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਪੁਡੂਚੇਰੀ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਵਿਚ ਐਸ.ਆਈ.ਆਰ. ਦਾ ਦੂਜਾ ਪੜਾਅ 4 ਨਵੰਬਰ ਨੂੰ ਸ਼ੁਰੂ ਹੋਇਆ ਸੀ। ਅਸਾਮ ’ਚ, ਵੋਟਰ ਸੂਚੀਆਂ ਦੀ ਇਕ ਵੱਖਰੀ ‘ਵਿਸ਼ੇਸ਼ ਸੋਧ’ ਚੱਲ ਰਹੀ ਹੈ।