ਪਟਨਾ: ਬਿਹਾਰ ਦੇ ਸਮਸਤੀਪੁਰ ਵਿੱਚ ਸੜਕ ਕਿਨਾਰੇ ਮਿਲੀਆਂ VVPAT ਸਲਿੱਪਾਂ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਸਬੰਧਤ ARO ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਵੋਟਿੰਗ ਦੀ ਨਿਰਪੱਖਤਾ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਇਹ ਘਟਨਾ ਸਿਰਫ ਮੌਕ ਪੋਲ ਸਲਿੱਪਾਂ ਨਾਲ ਸਬੰਧਤ ਹੈ ਅਤੇ ਵੋਟਿੰਗ ਪ੍ਰਕਿਰਿਆ ਦੀ ਅਖੰਡਤਾ ’ਤੇ ਕੋਈ ਅਸਰ ਨਹੀਂ ਪਿਆ ਹੈ।
ਸਮਸਤੀਪੁਰ ਦੇ DM ਨੂੰ ਮੌਕੇ 'ਤੇ ਜਾਂਚ ਕਰਨ ਦੇ ਦਿੱਤੇ ਨਿਰਦੇਸ਼
ਸਮਸਤੀਪੁਰ ਘਟਨਾ ਦੇ ਸੰਬੰਧ ਵਿੱਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ, "ਸਮਸਤੀਪੁਰ ਦੇ DM ਨੂੰ ਮੌਕੇ 'ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਉਂਕਿ ਇਹ ਇੱਕ ਮੌਕ ਪੋਲ ਦੀਆਂ VVPAT ਸਲਿੱਪਾਂ ਹਨ, ਇਸ ਨਾਲ ਅਸਲ ਵੋਟਿੰਗ ਪ੍ਰਕਿਰਿਆ ਦੀ ਅਖੰਡਤਾ ’ਤੇ ਕੋਈ ਪ੍ਰਭਾਵਤ ਨਹੀਂ ਪਿਆ ਹੈ। DM ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਹਾਲਾਂਕਿ, ਸਬੰਧਤ ARO ਨੂੰ ਲਾਪਰਵਾਹੀ ਲਈ ਮੁਅੱਤਲ ਕੀਤਾ ਜਾ ਰਿਹਾ ਹੈ ਅਤੇ FIR ਦਰਜ ਕੀਤੀ ਜਾ ਰਹੀ ਹੈ।"
VVPAT ਸਲਿੱਪਾਂ ਸੜਕ ਕਿਨਾਰੇ ਕੂੜੇ ਦੇ ਢੇਰ ਵਿੱਚ ਪਈਆਂ ਮਿਲੀਆਂ
ਸਮਸਤੀਪੁਰ ਦੇ ਸਰਾਏਰੰਜਨ ਵਿਧਾਨ ਸਭਾ ਹਲਕੇ ਦੇ ਗੁਡਮਾ ਪਿੰਡ ਵਿੱਚ ਸੜਕ ਕਿਨਾਰੇ ਕੂੜੇ ਦੇ ਢੇਰ ਵਿੱਚ VVPAT ਸਲਿੱਪਾਂ ਪਈਆਂ ਮਿਲੀਆਂ। ਸੂਤਰਾਂ ਅਨੁਸਾਰ, ਬਿਹਾਰ ਪ੍ਰਸ਼ਾਸਨਿਕ ਸੇਵਾ (ਏ.ਆਰ.ਓ.) ਦੇ ਇੱਕ ਸੀਨੀਅਰ ਅਧਿਕਾਰੀ ਨੇ ਮੌਕ ਪੋਲ ਤੋਂ ਬਾਅਦ ਕੁਝ ਸਮੇਂ ਲਈ ਪੋਲਿੰਗ ਸਟੇਸ਼ਨ ਛੱਡ ਦਿੱਤਾ ਸੀ ਅਤੇ ਕੰਮ ਇੱਕ ਜੂਨੀਅਰ ਅਧਿਕਾਰੀ ਨੂੰ ਸੌਂਪ ਦਿੱਤਾ ਸੀ, ਜਿਸਨੇ ਗਲਤੀ ਨਾਲ ਸਲਿੱਪਾਂ ਨੂੰ 100 ਮੀਟਰ ਦੇ ਪਾਬੰਦੀਸ਼ੁਦਾ ਖੇਤਰ ਤੋਂ ਬਾਹਰ ਸੁੱਟ ਦਿੱਤਾ।