ਐਗਜ਼ਿਟ ਪੋਲ ਅਨੁਸਾਰ ਬਿਹਾਰ ’ਚ ਐਨ.ਡੀ.ਏ. ਦੀ ਵੱਡੀ ਜਿੱਤ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਚੋਣਾਂ ਦਾ ਨਤੀਜਾ 14 ਨਵੰਬਰ ਨੂੰ ਆਵੇਗਾ

Exit polls predict big win for NDA in Bihar

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਪੜਾਅ ਤੋਂ ਬਾਅਦ ਲਗਭਗ ਸਾਰੇ ਐਗਜ਼ਿਟ ਪੋਲ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਇਕ ਵਾਰ ਫਿਰ ਵੱਡੇ ਬਹੁਮਤ ਨਾਲ ਸਰਕਾਰ ਬਣਾ ਸਕਦਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਲਈ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿਚ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।

ਜੇਕਰ ਅਸਲ ਨਤੀਜੇ ਚੋਣਾਂ ਤੋਂ ਬਾਅਦ ਦੇ ਇਨ੍ਹਾਂ ਸਰਵੇਖਣਾਂ ਦੇ ਅੰਕੜਿਆਂ ਵਰਗੇ ਹਨ, ਤਾਂ ਇਕ ਵਾਰ ਫਿਰ ਸੱਤਾ ਰਾਸ਼ਟਰੀ ਜਨਤਾ ਦਲ, ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਵਿਕਾਸ ਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਦੇ ਮਹਾਗਠਜੋੜ ਲਈ ਦੂਰ ਦਾ ਸੁਪਨਾ ਸਾਬਤ ਹੋਵੇਗੀ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਐਨ.ਡੀ.ਏ. ਵਿਚ ਜਨਤਾ ਦਲ (ਯੂਨਾਈਟਿਡ), ਭਾਰਤੀ ਜਨਤਾ ਪਾਰਟੀ (ਭਾਜਪਾ), ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਹਿੰਦੁਸਤਾਨ ਅਵਾਮੀ ਮੋਰਚਾ (ਐਚ.ਏ.ਐਮ.) ਅਤੇ ਕੌਮੀ ਲੋਕ ਮੋਰਚਾ (ਆਰ.ਐਲ.ਐਮ.ਓ.) ਸ਼ਾਮਲ ਹਨ। ਲਗਭਗ ਸਾਰੀਆਂ ਸਰਵੇਖਣ ਏਜੰਸੀਆਂ ਦੇ ਐਗਜ਼ਿਟ ਪੋਲ ਨੇ ਬਿਹਾਰ ਵਿਚ ਐਨ.ਡੀ.ਏ. ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।

ਮੈਟ੍ਰਿਕਸ ਸਰਵੇਖਣ ਮੁਤਾਬਕ ਐਨ.ਡੀ.ਏ. ਨੂੰ 147 ਤੋਂ 167 ਸੀਟਾਂ ਨਾਲ ਦੋ-ਤਿਹਾਈ ਬਹੁਮਤ ਮਿਲਣ ਦੀ ਸੰਭਾਵਨਾ ਹੈ। ਇਸ ਦੇ ਐਗਜ਼ਿਟ ਪੋਲ ਵਿਚ ਕਿਹਾ ਗਿਆ ਹੈ ਕਿ ਮਹਾਗਠਜੋੜ ਨੂੰ 70 ਤੋਂ 90 ਸੀਟਾਂ ਮਿਲ ਸਕਦੀਆਂ ਹਨ ਅਤੇ ਜਨ ਸੁਰਾਜ ਪਾਰਟੀ ਨੂੰ ਸਿਫ਼ਰ ਤੋਂ ਦੋ ਸੀਟਾਂ ਮਿਲਣ ਦੀ ਸੰਭਾਵਨਾ ਹੈ।

ਦੈਨਿਕ ਭਾਸਕਰ ਦੇ ਸਰਵੇਖਣ ਮੁਤਾਬਕ ਐਨ.ਡੀ.ਏ. ਨੂੰ 145-160 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਮਹਾਗਠਜੋੜ ਨੂੰ 73-91 ਸੀਟਾਂ ਮਿਲਣ ਦੀ ਉਮੀਦ ਹੈ।

ਪੀਪਲਜ਼ ਪਲਸ ਐਗਜ਼ਿਟ ਪੋਲ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਐਨ.ਡੀ.ਏ. ਇਕ ਵਾਰ ਫਿਰ ਚੋਣ ਜਿੱਤ ਸਕਦੀ ਹੈ। ਇਸ ਸਰਵੇਖਣ ਮੁਤਾਬਕ ਐਨ.ਡੀ.ਏ. ਨੂੰ 133 ਤੋਂ 159 ਸੀਟਾਂ ਮਿਲ ਸਕਦੀਆਂ ਹਨ, ਜਦਕਿ ਮਹਾਗਠਜੋੜ ਨੂੰ 75 ਤੋਂ 101 ਸੀਟਾਂ ਉਤੇ ਸੰਤੁਸ਼ਟ ਹੋਣਾ ਪੈ ਸਕਦਾ ਹੈ। ਸਰਵੇਖਣ ਨੇ ਭਵਿੱਖਬਾਣੀ ਕੀਤੀ ਹੈ ਕਿ ਜਨਸੂਰਾਜ ਨੂੰ ਸਿਫ਼ਰ ਤੋਂ ਪੰਜ ਸੀਟਾਂ ਮਿਲਣ ਦੀ ਸੰਭਾਵਨਾ ਹੈ।

‘ਚਾਣਕਿਆ ਸਟਰੈਟਰੀਜ਼’ ਦੇ ਐਗਜ਼ਿਟ ਪੋਲ ’ਚ ਕਿਹਾ ਗਿਆ ਹੈ ਕਿ ਐਨ.ਡੀ.ਏ. 130 ਤੋਂ 138 ਸੀਟਾਂ ਨਾਲ ਪੂਰਨ ਬਹੁਮਤ ਵਾਲੀ ਸਰਕਾਰ ਬਣਾ ਸਕਦੀ ਹੈ, ਜਦਕਿ ਮਹਾਗਠਜੋੜ ਨੂੰ 100 ਤੋਂ 108 ਸੀਟਾਂ ਨਾਲ ਵਿਰੋਧੀ ਧਿਰ ’ਚ ਬੈਠਣਾ ਪੈ ਸਕਦਾ ਹੈ। ਉਸ ਨੇ ਦੂਜਿਆਂ ਨੂੰ ਤਿੰਨ ਤੋਂ ਪੰਜ ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ।

‘ਪੋਲ ਸਟ੍ਰੇਟ’ ਅਨੁਸਾਰ ਐਨ.ਡੀ.ਏ. ਨੂੰ 133 ਤੋਂ 148 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਮਹਾਗਠਜੋੜ ਨੂੰ 87 ਤੋਂ 102 ਸੀਟਾਂ ਮਿਲਣ ਦੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਿਆਂ ਨੂੰ ਤਿੰਨ ਤੋਂ ਪੰਜ ਸੀਟਾਂ ਮਿਲ ਸਕਦੀਆਂ ਹਨ।

‘ਪੋਲ ਡਾਇਰੀ’ ਦੇ ਐਗਜ਼ਿਟ ਪੋਲ ’ਚ ਅਨੁਮਾਨ ਲਗਾਇਆ ਗਿਆ ਹੈ ਕਿ ਐਨ.ਡੀ.ਏ. ਨੂੰ ਭਾਰੀ ਬਹੁਮਤ ਮਿਲੇਗਾ। ਇਸ ਵਿਚ ਕਿਹਾ ਗਿਆ ਹੈ ਕਿ ਇਹ ਸੱਤਾਧਾਰੀ ਗਠਜੋੜ 2010 ਦੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਪ੍ਰਦਰਸ਼ਨ ਕਰ ਸਕਦਾ ਹੈ ਅਤੇ 184 ਤੋਂ 209 ਸੀਟਾਂ ਜਿੱਤ ਸਕਦਾ ਹੈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਵਿਰੋਧੀ ਮਹਾਗਠਜੋੜ ਨੂੰ 32 ਤੋਂ 49 ਸੀਟਾਂ ਨਾਲ ਸੰਤੁਸ਼ਟ ਹੋਣਾ ਪੈ ਸਕਦਾ ਹੈ।