Bihar Assembly Elections : ਬਿਹਾਰ 'ਚ ਐਨ.ਡੀ.ਏ. ਦੀ ਪ੍ਰਚੰਡ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

89 ਸੀਟਾਂ ਲੈ ਕੇ ਭਾਜਪਾ ਬਣੀ ਸਭ ਤੋਂ ਵੱਡੀ ਪਾਰਟੀ

NDA's landslide victory in Bihar

ਪਟਨਾ: ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਨੇ ਬਿਹਾਰ ਵਿਚ ਅਪਣੀ ਸੱਤਾ ਬਰਕਰਾਰ ਰੱਖੀ ਹੈ। ਗਠਜੋੜ ਵਿਧਾਨ ਸਭਾ ਚੋਣਾਂ ਵਿਚ 243 ’ਚੋਂ 202 ਸੀਟਾਂ ਜਿੱਤ ਕੇ ਭਾਰੀ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਤਿਆਰ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲਗਭਗ 90 ਫ਼ੀ ਸਦੀ ਦੀ ‘ਸਟ੍ਰਾਈਕ ਰੇਟ’ ਨਾਲ ਸੂਬੇ ਦੀ ਸੱਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਭਾਜਪਾ ਨੂੰ 89 ਸੀਟਾਂ ਮਿਲੀਆਂ। ਦੂਜੇ ਪਾਸੇ ਵਿਰੋਧੀ ਧਿਰ ਮਹਾਗਠਜੋੜ ਦੇ ਖਾਤੇ ਵਿਚ ਸਿਰਫ਼ 35 ਸੀਟਾਂ ਪਈਆਂ। ਬਿਹਾਰ ’ਚ ਸਰਕਾਰ ਬਣਾਉਣ ਲਈ ਘੱਟੋ-ਘੱਟ 122 ਸੀਟਾਂ ਜਿੱਤਣੀਆਂ ਜ਼ਰੂਰੀ ਹਨ।

101 ਸੀਟਾਂ ਉਤੇ ਚੋਣ ਲੜਨ ਵਾਲੀ ਭਾਜਪਾ ਨੂੰ ਕਰੀਬ 21 ਫੀ ਸਦੀ ਵੋਟਾਂ ਮਿਲੀਆਂ। ਇਸ ਚੋਣ ’ਚ ਜਨਤਾ ਦਲ (ਯੂਨਾਈਟਿਡ) ਨੂੰ ਵੀ ਕਾਫੀ ਫਾਇਦਾ ਮਿਲਿਆ। 2020 ਦੀਆਂ ਚੋਣਾਂ ’ਚ ਸਿਰਫ 43 ਸੀਟਾਂ ਜਿੱਤਣ ਵਾਲੀ ਨਿਤੀਸ਼ ਦੀ ਪਾਰਟੀ ਇਸ ਵਾਰ ਲਗਭਗ 19 ਫੀ ਸਦੀ ਵੋਟਾਂ ਹਾਸਲ ਕਰ ਕੇ 85 ਸੀਟਾਂ ਉਤੇ ਜਿੱਤੀ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਜੋ ਅਪਣੇ ਆਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਨੂੰਮਾਨ ਕਹਿੰਦੀ ਹੈ, 19 ਸੀਟਾਂ ਉਤੇ ਜਿੱਤੀ।

ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸੱਭ ਤੋਂ ਵੱਡੀ ਪਾਰਟੀ ਦਾ ਖਿਤਾਬ ਹਾਸਲ ਕਰਨ ਦੇ ਬਾਵਜੂਦ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਅਤੇ ਉਹ ਸਿਰਫ 25 ਸੀਟਾਂ ਜਿੱਤ ਸਕੀ। ਇਸ ਚੋਣ ਵਿਚ ਆਰ.ਜੇ.ਡੀ. ਨੇ 140 ਤੋਂ ਵੱਧ ਸੀਟਾਂ ਉਤੇ ਚੋਣ ਲੜੀ ਸੀ। ਇਸ ਨੂੰ 22 ਫ਼ੀ ਸਦੀ ਤੋਂ ਵੱਧ ਵੋਟਾਂ ਮਿਲੀਆਂ।

ਦੋ ਪੜਾਵਾਂ ’ਚ ਹੋਣ ਵਾਲੀਆਂ ਬਿਹਾਰ ਚੋਣਾਂ ’ਚ ਐਨ.ਡੀ.ਏ. ਦੀ ਜਿੱਤ ਇਸ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਪਛਮੀ ਬੰਗਾਲ ਅਤੇ ਅਸਾਮ ’ਚ ਅਗਲੇ ਛੇ ਮਹੀਨਿਆਂ ’ਚ ਚੋਣਾਂ ਹੋਣੀਆਂ ਹਨ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ਗਾਂਧੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਵਿਰੋਧੀ ਪਾਰਟੀ ਨਾ ਸਿਰਫ ਅਪਣੀ ਵਿਰਾਸਤ ਗੁਆ ਚੁਕੀ ਹੈ ਬਲਕਿ ਭਰੋਸੇਯੋਗਤਾ ਵੀ ਗੁਆ ਚੁਕੀ ਹੈ। ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਨੇ ਨਹਿਰੂ ਜੀ ਦੇ ਜਨਮ ਦਿਨ ਉਤੇ ਕਾਂਗਰਸ ਨੂੰ ਤੋਹਫ਼ਾ ਦਿਤਾ: ਲਗਾਤਾਰ 95 ਹਾਰ। ਵਿਰਾਸਤ ਗੁਆਚ, ਭਰੋਸੇਯੋਗਤਾ ਗੁੰਮ ਗਈ!’’ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੀ ਏ.ਆਈ.ਐਮ.ਆਈ.ਐਮ, ਜਿਸ ਉਤੇ ਅਕਸਰ ਭਾਜਪਾ ਦੀ ‘ਬੀ-ਟੀਮ’ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ, ਨੇ ਪੰਜ ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ ਹੈ। ਪਾਰਟੀ ਨੇ 32 ਸੀਟਾਂ ਉਤੇ ਚੋਣ ਲੜੀ ਸੀ। ਪ੍ਰਸ਼ਾਂਤ ਕਿਸ਼ੋਰ ਦੀ ਜਨ ਸੂਰਜ ਪਾਰਟੀ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਇਸ ਚੋਣ ਵਿਚ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

ਮੁੱਖ ਮੰਤਰੀ ਦੇ ਘਰ ਸਾਹਮਣੇ ਲੱਗੇ ‘ਟਾਇਗਰ ਅਭੀ ਜ਼ਿੰਦਾ ਹੈ’ ਦੇ ਪੋਸਟਰ

ਜੇ.ਡੀ.ਯੂ. ਦੇ 75 ਸਾਲ ਦੇ ਕੌਮੀ ਪ੍ਰਧਾਨ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ਦੇ ਸਾਹਮਣੇ ‘ਟਾਇਗਰ ਅਭੀ ਜ਼ਿੰਦਾ ਹੈ’ ਦੇ ਲਿਖੇ ਪੋਸਟਰ ਦੇ ਸਾਹਮਣੇ ਜੇ.ਡੀ.ਯੂ. ਵਰਕਰਾਂ ਨੇ ਫੋਟੋਆਂ ਖਿਚਵਾਈਆਂ। ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਜੈਸਵਾਲ ਨੇ ਮਜ਼ਾਕ ਵਿਚ ਕਿਹਾ, ‘‘ਬੇਸ਼ੱਕ ਨਿਤੀਸ਼ ਕੁਮਾਰ ਦਾ ਕੱਦ ਸ਼ੇਰ ਤੋਂ ਵੀ ਉੱਚਾ ਹੈ£’’ ਰੁਝਾਨਾਂ ਵਿਚ ਲੋੜੀਂਦੇ ਜਿੱਤ ਦੇ ਅੰਕੜੇ ਨੂੰ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ, ਦੁਪਹਿਰ ਨੂੰ ਭਾਜਪਾ ਅਤੇ ਜੇ.ਡੀ.ਯੂ. ਦੇ ਦਫਤਰਾਂ ਵਿਚ ਜਸ਼ਨ ਦੀ ਲਹਿਰ ਫੈਲ ਗਈ ਜਦੋਂ ਵਰਕਰਾਂ ਨੇ ਢੋਲ ਉਤੇ ਨੱਚਣਾ ਸ਼ੁਰੂ ਕਰ ਦਿਤਾ, ਪਟਾਕੇ ਚਲਾਏ ਅਤੇ ਗੁਲਾਲ ਲਗਾਏ ਅਤੇ ਆਪੋ-ਅਪਣੇ ਨੇਤਾਵਾਂ ਦੀ ਪ੍ਰਸ਼ੰਸਾ ਵਿਚ ਨਾਅਰੇਬਾਜ਼ੀ ਕੀਤੀ।

ਭਾਜਪਾ ਵਿਚ ਪਾਰਟੀ ਦੇ ਮੁੱਖ ਮੰਤਰੀ ਦੀ ਮੰਗ ਮਜ਼ਬੂਤ ਹੋਈ, ਪਰ ਕੇਂਦਰ ਮਜਬੂਰ

ਲਗਾਤਾਰ ਦੂਜੀ ਚੋਣ ਵਿਚ ਭਾਜਪਾ ਨੇ ਜੇ.ਡੀ.ਯੂ. ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਵਰਕਰਾਂ ਦੇ ਅੰਦਰੋਂ ਉਨ੍ਹਾਂ ਦੇ ‘ਮੁੱਖ ਮੰਤਰੀ’ ਦੀ ਮੰਗ ਮਜ਼ਬੂਤ ਹੋ ਗਈ ਹੈ। ਬਿਹਾਰ ਦੇਸ਼ ਦੇ ਉਨ੍ਹਾਂ ਕੁੱਝ ਸੂਬਿਆਂ ਵਿਚੋਂ ਇਕ ਹੈ, ਜਿੱਥੇ ਭਾਜਪਾ ਅਜੇ ਤਕ ਅਪਣੇ ਦਮ ਉਤੇ ਸਰਕਾਰ ਨਹੀਂ ਬਣਾ ਸਕੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਗੱਲ ਉਤੇ ਜ਼ੋਰ ਦੇ ਰਹੇ ਹਨ ਕਿ ਬਿਹਾਰ ’ਚ ਨਿਤੀਸ਼ ਕੁਮਾਰ ਐਨ.ਡੀ.ਏ. ਦੀ ਅਗਵਾਈ ਕਰ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਇਹ ਰਣਨੀਤੀ ਇਸ ਤੱਥ ਨੂੰ ਧਿਆਨ ’ਚ ਰੱਖਦਿਆਂ ਅਪਣਾਈ ਹੋਵੇਗੀ ਕਿ ਉਸ ਕੋਲ ਲੋਕ ਸਭਾ ’ਚ ਬਹੁਮਤ ਨਹੀਂ ਹੈ ਅਤੇ ਉਹ ਜੇ.ਡੀ.ਯੂ. ਵਰਗੇ ਸਹਿਯੋਗੀਆਂ ਉਤੇ ਨਿਰਭਰ ਹੈ। ਕੇਂਦਰ ਸਰਕਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਟੀ.ਡੀ.ਪੀ. ਦਾ ਸਮਰਥਨ ਵੀ ਹੈ।

ਪ੍ਰਮੁੱਖ ਨੇਤਾਵਾਂ ਅਤੇ ਮੰਤਰੀਆਂ ਨੂੰ ਮਿਲੀ ਜਿੱਤ

ਸੂਬਾ ਸਰਕਾਰ ਵਿਚ ਐਨ.ਡੀ.ਏ. ਦੇ ਕਈ ਪ੍ਰਮੁੱਖ ਨੇਤਾਵਾਂ ਅਤੇ ਮੰਤਰੀਆਂ ਨੂੰ ਜਿੱਤ ਨਸੀਬ ਹੋਈ। ਖੇਤੀਬਾੜੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਪ੍ਰੇਮ ਕੁਮਾਰ ਨੇ ਗਯਾ ਸ਼ਹਿਰ ਦੀ ਸੀਟ ਉਤੇ ਅਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਉਹ 1990 ਤੋਂ ਇਸ ਸੀਟ ਉਤੇ ਕਾਬਜ਼ ਹਨ। ਪ੍ਰੇਮ ਕੁਮਾਰ ਨੇ ਕਾਂਗਰਸ ਦੇ ਉਮੀਦਵਾਰ ਅਖੌਰੀ ਓਂਕਾਰ ਨਾਥ ਨੂੰ 26,000 ਤੋਂ ਵੱਧ ਵੋਟਾਂ ਨਾਲ ਹਰਾਇਆ। ਜਨਤਾ ਦਲ (ਯੂਨਾਈਟਿਡ) ਦੇ ਨੇਤਾ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਮਹੇਸ਼ਵਰ ਹਜ਼ਾਰੀ ਨੇ ਚੌਥੀ ਵਾਰ ਕਲਿਆਣਪੁਰ (ਐਸ.ਸੀ.) ਸੀਟ ਤੋਂ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਸੀ.ਪੀ.ਆਈ. (ਐੱਮ.ਐੱਲ.) ਦੇ ਲਿਬਰੇਸ਼ਨ ਉਮੀਦਵਾਰ ਰਣਜੀਤ ਕੁਮਾਰ ਰਾਮ ਨੂੰ 38,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਮਾਲ ਅਤੇ ਭੂਮੀ ਸੁਧਾਰ ਮੰਤਰੀ ਸੰਜੇ ਸਰੋਗੀ ਨੇ ਲਗਾਤਾਰ ਪੰਜਵੀਂ ਵਾਰ ਦਰਭੰਗਾ ਸੀਟ ਜਿੱਤੀ। ਮਾਰਵਾੜੀ ਭਾਈਚਾਰੇ ਦੇ ਰਹਿਣ ਵਾਲੇ ਸਰਾਓਗੀ ਨੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਦੇ ਉਮੀਦਵਾਰ ਉਮੇਸ਼ ਸਾਹਨੀ (ਵੀ.ਆਈ.ਪੀ.) ਨੂੰ 24,500 ਤੋਂ ਵੱਧ ਵੋਟਾਂ ਨਾਲ ਹਰਾਇਆ। ਇਸ ਤੋਂ ਇਲਾਵਾ ਸੈਰ-ਸਪਾਟਾ ਮੰਤਰੀ ਰਾਜੂ ਕੁਮਾਰ ਸਿੰਘ ਵੀ ਸ਼ਾਮਲ ਹਨ, ਜਿਨ੍ਹਾਂ ਨੇ 2020 ’ਚ ਵੀ.ਆਈ.ਪੀ. ਟਿਕਟ ਉਤੇ ਚੋਣ ਜਿੱਤੀ ਸੀ ਪਰ ਬਾਅਦ ’ਚ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਇਸ ਵਾਰ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਉਮੀਦਵਾਰ ਪਿ੍ਰਥਵੀ ਨਾਥ ਰਾਏ ਨੂੰ 13,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਸੀਟ ਬਰਕਰਾਰ ਰੱਖੀ। ਮਧੂਬਨ ਤੋਂ ਸਾਬਕਾ ਮੰਤਰੀ ਅਤੇ ਭਾਜਪਾ ਦੇ ਰਾਣਾ ਰਣਧੀਰ ਸਿੰਘ ਅਤੇ ਮੋਕਾਮਾ ਤੋਂ ਜੇ.ਡੀ.ਯੂ. ਦੇ ਬਾਹੂਬਲੀ ਨੇਤਾ ਅਨੰਤ ਸਿੰਘ ਵੀ ਜਿੱਤੇ ਹਨ। ਚੋਣ ਪ੍ਰਚਾਰ ਦੌਰਾਨ ਜਨ ਸੂਰਜ ਪਾਰਟੀ ਦੇ ਸਮਰਥਕ ਦੁਲਾਰ ਚੰਦਰ ਯਾਦਵ ਦੀ ਹੱਤਿਆ ਦੇ ਮਾਮਲੇ ਵਿਚ ਜੇਲ ਵਿਚ ਬੰਦ ਆਨੰਦ ਸਿੰਘ ਨੇ ਆਰ.ਜੇ.ਡੀ. ਉਮੀਦਵਾਰ ਵੀਨਾ ਦੇਵੀ ਨੂੰ ਹਰਾਇਆ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਸੂਬਾ ਪ੍ਰਧਾਨ ਰਾਜੂ ਤਿਵਾੜੀ ਨੇ ਵੀ ਗੋਵਿੰਦਗੰਜ ਸੀਟ ਉਤੇ ਸ਼ਾਨਦਾਰ ਜਿੱਤ ਦਰਜ ਕੀਤੀ। ਤਿਵਾੜੀ ਨੇ 2015 ਵਿਚ ਸੀਟ ਜਿੱਤੀ ਸੀ ਪਰ 2020 ਵਿਚ ਹਾਰ ਗਈ ਸੀ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਸ਼ਸ਼ੀਭੂਸ਼ਣ ਰਾਏ ਨੂੰ 32,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਸੀਟ ਉਤੇ ਮੁੜ ਜਿੱਤ ਹਾਸਲ ਕੀਤੀ।