ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਛੇੜਿਆ ਨਵਾਂ ਵਿਵਾਦ, ਮੰਚ ਉਤਾਰ ਦਿਤਾ ਔਰਤ ਦਾ ਹਿਜਾਬ
ਨਿਤੀਸ਼ ਕੁਮਾਰ ਨੇ ਨਿਯੁਕਤੀ ਪੱਤਰ ਦਿੰਦਿਆਂ ਉਤਾਰਿਆ ਔਰਤ ਦਾ ਹਿਜਾਬ, ਵਿਰੋਧੀ ਧਿਰ ਦੇ ਆਗੂਆਂ ਨੇ ਹੰਗਾਮਾ ਕੀਤਾ
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਕ ਨਵੇਂ ਵਿਵਾਦ ਵਿਚ ਫਸ ਗਏ ਹਨ। ਇਸ ਵਾਰ ਇਸ ਦਾ ਕਾਰਨ ਉਨ੍ਹਾਂ ਦੀ ਇਕ ਵੀਡੀਉ ਹੈ, ਜੋ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਉ ’ਚ ਮੁੱਖ ਮੰਤਰੀ ਇਕ ਜਨਤਕ ਸਮਾਗਮ ਦੌਰਾਨ ਇਕ ਮੁਸਲਿਮ ਮਹਿਲਾ ਡਾਕਟਰ ਦੇ ਚਿਹਰੇ ਤੋਂ ਹਿਜਾਬ ਉਤਾਰਦੇ ਨਜ਼ਰ ਆ ਰਹੇ ਹਨ। ਵੀਡੀਉ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਅਤੇ ਸਮਾਜਕ ਹਲਕਿਆਂ ’ਚ ਇਸ ਘਟਨਾ ਉਤੇ ਤਿੱਖੀ ਪ੍ਰਤੀਕਿਰਿਆ ਵੇਖੀ ਜਾ ਰਹੀ ਹੈ।
ਇਹ ਵਾਇਰਲ ਵੀਡੀਉ ਸੋਮਵਾਰ ਨੂੰ ਉਸ ਸਮੇਂ ਦਾ ਦਸਿਆ ਜਾ ਰਿਹਾ ਹੈ, ਜਦੋਂ ਪਟਨਾ ’ਚ ਸੂਬਾ ਸਰਕਾਰ ਵਲੋਂ ਕਰਵਾਏ ਇਕ ਪ੍ਰੋਗਰਾਮ ’ਚ 1283 ਆਯੁਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਸਨ। ਇਨ੍ਹਾਂ ਡਾਕਟਰਾਂ ਵਿਚ ਆਯੁਰਵੈਦ, ਹੋਮਿਓਪੈਥੀ ਅਤੇ ਯੂਨਾਨੀ ਪ੍ਰਣਾਲੀ ਨਾਲ ਜੁੜੇ ਡਾਕਟਰ ਸ਼ਾਮਲ ਸਨ। ਇਸ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਸਟੇਜ ਉਤੇ ਮੌਜੂਦ ਸਨ।
ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਫੁਟੇਜ ’ਚ ਸਪੱਸ਼ਟ ਤੌਰ ਉਤੇ ਵੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨਿਯੁਕਤੀ ਪੱਤਰ ਦਿੰਦੇ ਸਮੇਂ ਇਕ ਮਹਿਲਾ ਡਾਕਟਰ ਦੇ ਚਿਹਰੇ ਤੋਂ ਹਿਜਾਬ ਉਤਾਰ ਰਹੇ ਹਨ। ਵੀਡੀਉ ’ਚ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਵੇਂ ਹੀ ਇਹ ਘਟਨਾ ਵਾਪਰਦੀ ਹੈ, ਸਟੇਜ ਉਤੇ ਮੌਜੂਦ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਦੋਂ ਤਕ ਇਹ ਪਲ ਕੈਮਰੇ ’ਚ ਕੈਦ ਹੋ ਗਿਆ ਸੀ। ਹਾਲਾਂਕਿ ਔਰਤ ਡਾਕਟਰ ਉਸ ਸਮੇਂ ਸਟੇਜ ਉਤੇ ਸ਼ਾਂਤ ਵਿਖਾਈ ਦਿੰਦੀ ਹੈ ਅਤੇ ਪ੍ਰੋਗਰਾਮ ਅੱਗੇ ਵਧਦਾ ਹੈ।
ਵੀਡੀਉ ਸਾਹਮਣੇ ਆਉਂਦੇ ਹੀ ਰਾਸ਼ਟਰੀ ਜਨਤਾ ਦਲ ਨੇ ਇਸ ਉਤੇ ਤਿੱਖੀ ਪ੍ਰਤੀਕਿਰਿਆ ਦਿਤੀ। ਆਰ.ਜੇ.ਡੀ. ਨੇ ਵੀਡੀਉ ਸੋਸ਼ਲ ਮੀਡੀਆ ਮੰਚ ‘ਐਕਸ’ ਉਤੇ ਸਾਂਝੀ ਕੀਤੀ ਹੈ, ਜਿਸ ਵਿਚ ਮੁੱਖ ਮੰਤਰੀ ਦੀ ਮਾਨਸਿਕ ਸਥਿਤੀ ਉਤੇ ਸਵਾਲ ਚੁਕੇ ਗਏ ਹਨ। ਪਾਰਟੀ ਦੀ ਪੋਸਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਹ ਵਿਵਹਾਰ ਨਾ ਸਿਰਫ ਸੰਵੇਦਨਸ਼ੀਲ ਹੈ, ਸਗੋਂ ਜਨਤਕ ਮੰਚ ਉਤੇ ਇਕ ਔਰਤ ਦੇ ਨਿੱਜੀ ਵਿਸ਼ਵਾਸ ਅਤੇ ਇੱਜ਼ਤ ਦਾ ਮਾਮਲਾ ਵੀ ਹੈ।
ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਵਜੂਦ ਸੂਬਾ ਸਰਕਾਰ ਜਾਂ ਮੁੱਖ ਮੰਤਰੀ ਦਫ਼ਤਰ ਵਲੋਂ ਅਜੇ ਤਕ ਇਸ ਮਾਮਲੇ ਉਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਨਾ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਦਾ ਮਨੋਰਥ ਕੀ ਸੀ ਜਾਂ ਇਹ ਕਿਸੇ ਕਿਸਮ ਦੀ ਗਲਤਫਹਿਮੀ ਦਾ ਨਤੀਜਾ ਸੀ। ਇਸ ਚੁੱਪ ਕਾਰਨ ਚਰਚਾਵਾਂ ਤੇਜ਼ ਹੋ ਗਈਆਂ ਹਨ। (ਏਜੰਸੀ)