ਅਰਰੀਆ (ਬਿਹਾਰ), ਸ਼ਾਹ : ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿਚ ਉਸ ਸਮੇਂ ਜ਼ਬਰਦਸਤ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਭਾਜਪਾ ਵੱਲੋਂ ਟਿਕਟ ਨਾ ਮਿਲਣ ’ਤੇ ਸੀਨੀਅਰ ਨੇਤਾ ਅਜੈ ਝਾਅ ਨੇ ਨਾਰਾਜ਼ਗੀ ਜਤਾਉਣ ਲਈ ਧਰਨਾ ਲਗਾ ਦਿੱਤਾ। ਉਨ੍ਹਾਂ ਨੇ ਨਾਰਾਜ਼ਗੀ ਜਤਾਉਣ ਲਈ ਅਜਿਹਾ ਤਰੀਕਾ ਅਪਣਾਇਆ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਦਰਅਸਲ ਭਾਜਪਾ ਨੇਤਾ ਕੱਫਣ ਲੈ ਕੇ ਧਰਨੇ ’ਤੇ ਬੈਠ ਗਏ ਤੇ ਪਾਰਟੀ ਵਿਰੁੱਧ ਜਮ ਕੇ ਭੜਾਸ ਕੱਢੀ। ਦੇਖੋ ਪੂਰੀ ਖ਼ਬਰ।
ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿਚ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਏ ਸੀਨੀਅਰ ਨੇਤਾ ਕੱਫਣ ਲਪੇਟ ਕੇ ਧਰਨੇ ’ਤੇ ਬੈਠ ਗਏ, ਜਿਨ੍ਹਾਂ ਦੇ ਵਿਰੋਧ ਦਾ ਇਹ ਅਨੋਖਾ ਤਰੀਕਾ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਵਿਚ ਆਇਆ ਹੋਇਆ ਏ। ਦਰਅਸਲ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਪੰਡਤ ਅਜੈ ਝਾਅ ਵੱਲੋਂ ਅਰਰੀਆ ਜ਼ਿਲ੍ਹੇ ਦ ਨਰਪਤਗੰਜ ਵਿਧਾਨ ਸਭਾ ਸੀਟ ਤੋਂ ਟਿਕਟ ਮੰਗੀ ਗਈ ਸੀ ਪਰ ਪਾਰਟੀ ਨੇ ਦੇਵੰਤੀ ਯਾਦਵ ਨੂੰ ਟਿਕਟ ਦੇ ਦਿੱਤੀ। ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਅਨੋਖੇ ਤਰੀਕੇ ਨਾਲ ਵਿਰੋਧ ਦਰਜ ਕਰਨ ਦਾ ਤਰੀਕਾ ਅਪਣਾਇਆ। ਅਜੈ ਝਾਅ ਨੇ ਆਖਿਆ ਕਿ ਪਾਰਟੀ ਦੇ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਟਿਕਟ ਦੇਣ ਦਾ ਭਰੋਸਾ ਦਿੱਤਾ ਸੀ ਪਰ ਪਾਰਟੀ ਨੇ ਉਨ੍ਹਾਂ ਦੇ ਨਾਲ ਵਿਸਵਾਸ਼ਘਾਤ ਕੀਤਾ। ਇੱਥੇ ਹੀ ਬਸ ਨਹੀਂ, ਇਕ ਵਾਰ ਤਾਂ ਉਨ੍ਹਾਂ ਵੱਲੋਂ ਆਤਮਦਾਹ ਤੱਕ ਦੀ ਚਿਤਾਵਨੀ ਦੇ ਦਿੱਤੀ ਗਈ ਸੀ। ਹਾਲਾਂਕਿ ਬਾਅਦ ਵਿਚ ਕੱਫਣ ਲਪੇਟ ਕੇ ਸ਼ਾਂਤੀਪੂਰਨ ਵਿਰੋਧ ਦਾ ਫ਼ੈਸਲਾ ਕੀਤਾ। ਇਸ ਦੌਰਾਨ ਗੱਲਬਾਤ ਕਰਦਿਆਂ ਉਹ ਕਾਫ਼ੀ ਭਾਵੁਕ ਵੀ ਹੋ ਗਏ।
ਦੱਸ ਦਈਏ ਕਿ ਉਨ੍ਹਾਂ ਦੇ ਇਸ ਕਦਮ ਤੋਂ ਬਾਅਦ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਵੀ ਉਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਦੀ ਪਤਨੀ ਸੰਜੂ ਝਾਅ ਨੇ ਨਰਪਤਗੰਜ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ 2020 ਵਿਚ ਇਸ ਸੀਟ ਤੋਂ ਭਾਜਪਾ ਦੇ ਜੈਪ੍ਰਕਾਸ਼ ਯਾਦਵ ਨੇ ਜਿੱਤ ਦਰਜ ਕੀਤੀ ਗਈ ਸੀ, ਪਰ ਪਾਰਟੀ ਨੇ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਕੇ ਰੇਵੰਤੀ ਯਾਦਵ ਨੂੰ ਦੇ ਦਿੱਤੀ। ਇਕ ਰਿਪੋਰਟ ਮੁਤਾਬਕ ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਭਾਜਪਾ ਦੇ ਵੱਡੇ ਆਗੂ ਅੰਦਰਖ਼ਾਤੇ ਇਸ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਉਣ ਵਿਚ ਲੱਗੇ ਹੋਏ ਨੇ,, ਪਰ ਦੇਖਣਾ ਹੋਵੇਗਾ ਕਿ ਭਾਜਪਾ ਦੇ ਸੀਨੀਅਰ ਨੇਤਾ ਅਜੈ ਝਾਅ ਆਪਣੀ ਜਿੱਦ ਤੋਂ ਪਿੱਛੇ ਹਟਦੇ ਹਨ ਜਾਂ ਨਹੀਂ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ