ਅਜ਼ਾਦੀ ਦਿਹਾੜੇ ਮੌਕੇ ਬਿਹਾਰ ਦੇ ਦਰਭੰਗ ਜ਼ਿਲ੍ਹੇ ਦੇ ਰਜ਼ਾ ਚੌਕ ’ਚ ਲੱਗੇ ਨਫ਼ਰਤ ਭਰੇ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਪੋਸਟਰਾਂ ’ਤੇ ਲਿਖਿਆ ‘ਸਰਦਾਰ ਅਤੇ ਮੁਸਲਮਾਨ’ ਭਾਰਤ ਛੱਡ ਦਿਓ

Hateful posters put up at Raza Chowk in Darbhanga district of Bihar on the occasion of Independence Day

Raza Chowk Darbhanga news: 15 ਅਗਸਤ ਨੂੰ ਜਦੋਂ ਇਕ ਪਾਸੇ ਪੂਰਾ ਦੇਸ਼ ਮਾਣ ਨਾਲ ਅਜ਼ਾਦੀ ਦਿਹਾੜਾ ਮਨਾ ਰਹੀ ਸੀ, ਉਸ ਦੇ ਉਲਟ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਰਜ਼ਾ ਚੌਕ ’ਤੇ ਸ਼ਰ੍ਹੇਆਮ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਫ਼ਰਤੀ ਪੋਸਟਰਾਂ ਨਾਲ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ ਦੀ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਦਿਖਾਇਆ ਗਿਆ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਹੱਥਾਂ ’ਚ ਤਖਤੀਆਂ ਫੜੀਆਂ ਹੋਈਆਂ ਹਨ, ਜਿਨ੍ਹਾਂ ’ਤੇ ਲਿਖਿਆ ਹੋਇਆ ਹੈ ਕਿ ਸਰਦਾਰ ਤੇ ਮੁਸਲਮਾਨ ਭਾਰਤ ਛੱਡ ਦਿਓ ਕਿਉਂਕਿ ਇਹ ਦੋਵੇਂ ਅੱਤਵਾਦੀ ਹਨ। ਭੜਕਾਊ ਨਾਅਰਿਆਂ ਵਾਲੀਆਂ ਤਖਤੀਆਂ ਹੱਥਾਂ ’ਚ ਲੈ ਕੇ ਇਹ ਸ਼ਰਾਰਤੀ ਅਨਸਰ ਸੜਕਾਂ ’ਤੇ ਉਤਰ ਆਏ ਅਤੇ ਇਨ੍ਹਾਂ ਵੱਲੋਂ ਜਨਤਕ ਥਾਵਾਂ ’ਤੇ ਭੜਕਾਊ ਪੋਸਟਰ ਵੀ ਲਗਾਏ ਗਏ।

ਇਹ ਭੜਕਾਊਟ ਪੋਸਟਰ ਕਾਫ਼ੀ ਮੋਟੇ ਅੱਖਾਂ ਵਿਚ ਲਿਖੇ ਹੋਏ ਸਨ ਜਿਨ੍ਹਾਂ ’ਤੇ ਲਿਖਿਆ ਗਿਆ ਸੀ ਕਿ ‘ਸਰਦਾਰ ਅਤੇ ਮੁਸਲਮਾਨ ਭਾਰਤ ਛੱਡ ਦਿਓ।’ ਇਹ ਘਟਨਾ ਸਿੰਘਵਾੜਾ ਪੁਲਿਸ ਸਟੇਸ਼ਨ ਖੇਤਰ ਵਿੱਚ ਵਾਪਰੀ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਦਹਾਕਿਆਂ ਤੋਂ ਸ਼ਾਂਤੀ ਨਾਲ ਇਕੱਠੇ ਰਹਿ ਰਹੇ ਹਨ। 15 ਅਗਸਤ ਦੀ ਸਵੇਰ ਨੂੰ ਜਦੋਂ ਬੱਚੇ ਤਿਰੰਗਾ ਲੈ ਕੇ ਜਾ ਰਹੇ ਸਨ ਅਤੇ ਰਾਸ਼ਟਰੀ ਝੰਡਾ ਘਰਾਂ ’ਤੇ ਮਾਣ ਨਾਲ ਲਹਿਰਾ ਰਿਹਾ ਸੀ। ਪਰ ਇਹ ਨਫ਼ਰਤ ਭਰੇ ਪੋਸਟਰ ਆਜ਼ਾਦੀ ਅਤੇ ਭਾਈਚਾਰੇ ਦੀ ਭਾਵਨਾ ਦੇ ਬਿਲਕੁਲ ਉਲਟ ਜਾਪ ਰਹੇ ਸਨ।

ਇਸ ਘਟਨਾ ਤੋਂ ਹੈਰਾਨ ਹੋਏ ਸਥਾਨਕ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਇਨ੍ਹਾਂ ਪੋਸਟਰਾਂ ਨੂੰ ਉਤਾਰ ਦਿੱਤਾ ਗਿਆ।  ਕਮਤੌਲ ਦੇ ਸਦਰ ਡੀਐਸਪੀ ਐਸ.ਕੇ. ਸੁਮਨ ਨੇ ਮੀਡੀਆ ਨੂੰ ਦੱਸਿਆ ਇਸ ਘਟਨਾ ਪਿੱਛੇ ਜਿਹੜੇ ਵੀ ਵਿਅਕਤੀ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।