ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣੇ ਨਿਤਿਨ ਨਬੀਨ ਦਾ ਜੀਵਨ ਵੇਰਵਾ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣੇ ਨਿਤਿਨ ਨਬੀਨ ਦਾ ਜੀਵਨ ਵੇਰਵਾ
ਨਾਮ : ਨਿਤਿਨ ਨਬੀਨ ਸਿਨਹਾ
ਪਿਤਾ: ਨਬੀਨ ਕਿਸ਼ੋਰ ਸਿਨਹਾ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਵਿਧਾਇਕ
ਮਾਤਾ : ਮੀਰਾ ਸਿਨਹਾ
ਜਨਮ : 23 ਮਈ 1980 ਨੂੰ ਰਾਂਚੀ (ਝਾਰਖੰਡ) ’ਚ ਹੋਇਆ
ਦਸਵੀਂ : 1996 ’ਚ ਸੇਂਟ ਮਾਈਕਲ ਸਕੂਲ ਤੋਂ ਕੀਤੀ
10+2 :1998 ’ਚ ਨਵੀਂ ਦਿੱਲੀ ਤੋਂ ਕੀਤੀ
ਪਤਨੀ : ਡਾ. ਦੀਪਮਾਲਾ ਸ੍ਰੀਵਾਸਤਵ
ਰਾਜਨੀਤਿਕ ਪਾਰਟੀ : ਭਾਰਤੀ ਜਨਤਾ ਪਾਰਟੀ
ਰਾਜਨੀਤਿਕ ਕਰੀਅਰ : ਬਿਹਾਰ ਦੀ ਬਾਂਕੀਪੁਰ ਸੀਟ ਤੋਂ 5 ਵਾਰ ਵਿਧਾਇਕ ਬਣੇ
ਨਿਤਿਨ ਨਬੀਨ ਭਾਰਤੀ ਜਨਤਾ ਪਾਰਟੀ ਦੇ 12ਵੇਂ ਕੌਮੀ ਪ੍ਰਧਾਨ ਬਣ ਗਏ ਹਨ। ਨਿਤਿਨ ਨਬੀਨ ਦਾ ਜਨਮ 23 ਮਈ 1980 ਨੂੰ ਝਾਰਖੰਡ ਦੇ ਰਾਂਚੀ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਨਬੀਨ ਕਿਸ਼ੋਰ ਸਿਨਹਾ ਸੀ ਅਤੇ ਉਨ੍ਹਾਂ ਦੀ ਮਾਤਾ ਦਾ ਨਾਮ ਮੀਰਾ ਸਿਨਹਾ ਸੀ। ਨਬੀਨ ਕਿਸ਼ੋਰ ਸਿਨਹਾ ਸੀਨੀਅਰ ਭਾਜਪਾ ਆਗੂ ਅਤੇ ਵਿਧਾਇਕ ਸਨ। ਨਿਤਿਨ ਨਬੀਨ ਦਸਵੀਂ ਸੇਂਟ ਮਾਈਕਲ ਸਕੂਲ ਤੋਂ ਕੀਤੀ ਅਤੇ 10+2 ਉਨ੍ਹਾਂ ਨਵੀਂ ਦਿੱਲੀ ਤੋਂ ਪਾਸ ਕੀਤੀ।
2005 ਵਿੱਚ ਨਿਤਿਨ ਨਬੀਨ ਦੇ ਪਿਤਾ ਨਬੀਨ ਕਿਸ਼ੋਰ ਸਿਨਹਾ ਦਾ ਦਿਹਾਂਤ ਹੋ ਗਿਆ ਅਤੇ ਨਿਤਿਨ ਦੀ ਪੜ੍ਹਾਈ ਅਤੇ ਤਿਆਰੀ ਅਧੂਰੀ ਰਹੀ । ਪਿਤਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ’ਤੇ ਉਪ ਚੋਣ ਹੋਈ ਅਤੇ ਨਿਤਿਨ ਵਿਧਾਇਕ ਬਣ ਗਏ। ਵਿਧਾਇਕ ਹੋਣ ਦੇ ਨਾਤੇ ਨਿਤਿਨ ਨਵੀਨ ਪਟਨਾ ਪੱਛਮੀ ਖੇਤਰ (ਹੁਣ ਬਾਂਕੀਪੁਰ ਵਿਧਾਨ ਸਭਾ) ਦੀ ਪਛਾਣ ਬਣ ਗਏ। ਉਨ੍ਹਾਂ ਉਪ ਚੋਣ ਜਿੱਤੀ ਅਤੇ ਫਿਰ ਹਮੇਸ਼ਾ ਵੱਡੇ ਫਰਕ ਨਾਲ ਜਿੱਤਦੇ ਰਹੇ। ਜਦੋਂ ਕੇਂਦਰ ਵਿੱਚ ਵੀ ਭਾਜਪਾ ਸਰਕਾਰ ਬਣੀ ਤਾਂ ਨਿਤਿਨ ਨਵੀਨ ਦਾ ਰਾਜਨੀਤਿਕ ਕੱਦ ਵਧਿਆ। ਵਰਕਰਾਂ ਵਿੱਚ ਉਨ੍ਹਾਂ ਦੀ ਦ੍ਰਿਸ਼ਟੀ ਅਤੇ ਪਕੜ ਦੀ ਸਪਸ਼ਟਤਾ ਨੂੰ ਸਮਝਦੇ ਹੋਏ, ਉਨ੍ਹਾਂ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।
2016 ਤੋਂ 2019 ਤੱਕ ਬੀ.ਜੇ.ਵਾਈ.ਐਮ. ਦੇ ਸੂਬਾ ਪ੍ਰਧਾਨ ਵਜੋਂ ਵਰਕਰਾਂ ਦਾ ਨੈੱਟਵਰਕ ਬਣਾਉਣਾ ਨਿਤਿਨ ਨਬੀਨ ਲਈ ਲਾਹੇਵੰਦ ਸਾਬਤ ਹੋਇਆ। ਜਿਵੇਂ-ਜਿਵੇਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਸੰਗਠਨ ਦੇ ਅੰਦਰ ਮਾਨਤਾ ਮਿਲੀ ਤਾਂ ਭਾਜਪਾ ਨੇ ਉਨ੍ਹਾਂ ਨੂੰ ਦੂਜੇ ਰਾਜਾਂ ਵਿੱਚ ਵੀ ਭੇਜਿਆ। 2019 ਵਿੱਚ ਸਿੱਕਮ ਦੇ ਸੰਗਠਨ ਇੰਚਾਰਜ ਵਜੋਂ ਅਤੇ ਫਿਰ ਜੁਲਾਈ 2024 ਤੋਂ ਛੱਤੀਸਗੜ੍ਹ ਵਿੱਚ ਭਾਜਪਾ ਵੱਲੋਂ ਸੰਗਠਨ ਲਈ ਉਨ੍ਹਾਂ ਦੇ ਕੰਮ ਅਤੇ ਸਰਗਰਮੀ ਦੀ ਮਾਨਤਾ ਦਾ ਪ੍ਰਮਾਣ ਹੈ। ਛੱਤੀਸਗੜ੍ਹ ਦੇ ਇੰਚਾਰਜ ਵਜੋਂ ਉਹ ਭਾਜਪਾ ਦੀ ਵਾਪਸੀ ਦੀ ਕੁੰਜੀ ਸਾਬਤ ਹੋਏ। ਉਨ੍ਹਾਂ ਨੇ ਬਿਹਾਰ ਸਰਕਾਰ ਵਿੱਚ ਪੰਜ ਵਾਰ ਵਿਧਾਇਕ ਅਤੇ ਤਿੰਨ ਵਾਰ ਮੰਤਰੀ ਵਜੋਂ ਸੇਵਾ ਨਿਭਾਈ । ਉਨ੍ਹਾਂ ਨੇ ਆਖਰੀ ਵਾਰ 2025 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਵਜੋਂ ਸੇਵਾ ਨਿਭਾਈ ਸੀ। ਜ਼ਿਕਰਯੋਗ ਹੈ ਕਿ 14 ਦਸੰਬਰ 2025 ਨੂੰ ਨਿਤਿਨ ਨਬੀਨ ਨੂੰ ਭਾਰਤੀ ਜਨਤਾ ਪਾਰਟੀ ਕਾਰਜਕਾਰੀ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਹੀਰੇ ਦੀ ਪਛਾਣ ਜੌਹਰੀ ਹੀ ਕਰਦਾ ਹੈ : ਦੀਪਮਾਲਾ ਸ੍ਰੀਵਾਸਤਵ
ਨਿਤਿਨ ਨਬੀਨ ਦੀ ਪਤਨੀ ਦੀਪਮਾਲਾ ਸ੍ਰੀਵਾਸਤਵ ਨੇ ਕਿਹਾ ਕਿ ਕੇਂਦਰੀ ਆਗੂਆਂ ਨੂੰ ਪਛਾਣ ਹੈ ਕਿ ਕਿਹੜਾ ਵਿਅਕਤੀ ਕੰਮ ਕਰਨ ਦੇ ਸਮਰੱਥ ਹੈ। ਜਿਸ ਤਰ੍ਹਾਂ ਹੀਰੇ ਦੀ ਪਰਖ ਜੌਹਰੀ ਨੂੰ ਹੁੰਦੀ ਹੈ ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਵੀ ਨਿਤਿਨ ਨਬੀਨ ਨੂੰ ਹੀਰੇ ਵਜੋਂ ਚੁਣਿਆ ਹੈ। ਉਨ੍ਹਾਂ ਨੇ ਪਾਰਟੀ ਦੇ ਲਈ ਦਿਨ-ਰਾਤ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਉਸ ਮਿਹਨਤ ਦਾ ਹੀ ਫ਼ਲ਼ ਮਿਲਿਆ ਹੈ।
45 ਸਾਲ ਦੇ ਨਿਤਿਨ ਨਬੀਨ ਭਾਜਪਾ ਦੇ ਸਭ ਤੋਂ ਨੌਜਵਾਨ ਕੌਮੀ ਪ੍ਰਧਾਨ ਬਣੇ
ਭਾਰਤੀ ਜਨਤਾ ਪਾਰਟੀ ਦੇ ਹੁਣ ਤੱਕ 11 ਪ੍ਰਧਾਨ ਰਹਿ ਚੁੱਕੇ ਹਨ। ਜਿਨ੍ਹਾਂ ’ਚੋਂ ਲਾਲ ਕ੍ਰਿਸ਼ਨ ਅਡਵਾਨੀ ਤਿੰਨ ਵਾਰ ਪ੍ਰਧਾਨ ਬਣੇ ਜਦਕਿ ਰਾਜਨਾਥ ਸਿੰਘ ਦੋ ਵਾਰ ਪ੍ਰਧਾਨ ਰਹੇ ਪਰ ਨਿਤਿਨ ਨਬੀਨ ਭਾਜਪਾ ਦੇ ਸਭ ਤੋਂ ਨੌਜਵਾਨ ਪ੍ਰਧਾਨ ਬਣੇ ਹਨ। ਜਦਿਕ ਅਟਲ ਬਿਹਾਰੀ ਵਾਜਪਾਈ 55 ਸਾਲ ਦੀ ਉਮਰ ’ਚ, ਲਾਲ ਕ੍ਰਿਸ਼ਨ ਅਡਵਾਨੀ 58, 65 ਅਤੇ 76 ਸਾਲ ਦੀ ਉਮਰ ’ਚ ਪ੍ਰਧਾਨ ਬਣੇ। ਇਸੇ ਤਰ੍ਹਾਂ ਰਾਜਨਾਥ ਸਿੰਘ 54 ਅਤੇ 62 ਸਾਲ ਦੀ ਉਮਰ ’ਚ ਬਣੇ ਪ੍ਰਧਾਨ ਬਣੇ। ਜਦਕਿ ਮੁਰਲੀ ਮਨੋਹਰ ਜੋਸ਼ੀ 57, ਕੁਸ਼ਾਭਾਊ ਠਾਕਰੇ 75, ਬੰਗਾਰੂ ਲਕਸ਼ਮਣ 62, ਜੇਨਾ ਕ੍ਰਿਸ਼ਨਾਮੂਰਤੀ 73, ਵੈਂਕਈਆ ਨਾਇਡੂ 53, ਨਿਤਿਨ ਗਡਕਰੀ 52, ਅਮਿਤ ਸ਼ਾਹ 49 ਅਤੇ ਜੇਪੀ ਨੱਢਾ 59 ਸਾਲ ਦੀ ਉਮਰ ’ਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣੇ ਸਨ।
ਨਿਤਿਨ ਨਵੀਨ ਦਾ ਪਰਿਵਾਰ : ਨਿਤਿਨ ਨਬੀਨ ਦਾ ਵਿਆਹ ਦੀਪਮਾਲਾ ਸ੍ਰੀਵਾਸਤਵ ਨਾਲ ਹੋਇਆ। ਦੀਪਮਾਲਾ ਬੈਂਕ ਅਧਿਕਾਰੀ ਸੀ ਅਤੇ ਹੁਣ ਉਹ ਨੌਕਰੀ ਛੱਡ ਕੇ ਆਪਣਾ ਸਟਾਰਟਅਪ ਨਵਿਰਾ ਇੰਟਰਪ੍ਰਾਈਜਿਜ਼ ਨੂੰ ਅੱਗੇ ਵਧਾਉਣ ’ਚ ਲੱਗੇ ਹੋਏ ਹਨ। ਨਿਤਿਨ ਨਬੀਨ ਦਾ ਇਕ ਪੁੱਤਰ ਨੈਤਿਕ ਅਤੇ ਨਵਿਰਾ ਬੇਟੀ ਬੇਟੀ ਹੈ।