ਭਾਜਪਾ ਦੇ ਦਬਾਅ ਹੇਠ ਮੇਰੀ ਪਾਰਟੀ ਦੇ 3 ਉਮੀਦਵਾਰ ਚੋਣਾਂ ਤੋਂ ਪਿੱਛੇ ਹਟ ਗਏ : ਪ੍ਰਸ਼ਾਂਤ ਕਿਸ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਬਿਹਾਰ ਵਿਧਾਨ ਸਭਾ ਚੋਣਾਂ

3 candidates of my party withdrew from elections under pressure from BJP: Prashant Kishor

ਪਟਨਾ: ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਬਿਹਾਰ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਜਨਸੁਰਾਜ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਬਾਅ ਕਾਰਨ ਅਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਪ੍ਰਸ਼ਾਂਤ ਪ੍ਰਸ਼ਾਂਤ ਕਿਸ਼ੋਰ ਨੇ ਦੋਸ਼ ਲਾਇਆ ਕਿ ਸੱਤਾਧਾਰੀ ਐਨ.ਡੀ.ਏ. ਚੋਣਾਂ ਹਾਰਨ ਤੋਂ ਇੰਨੀ ਡਰਦੀ ਹੈ ਕਿ ਉਹ ਵਿਰੋਧੀ ਉਮੀਦਵਾਰਾਂ ਨੂੰ ਦੌੜ ਤੋਂ ਪਿੱਛੇ ਹਟਣ ਦੀ ਧਮਕੀ ਦੇ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਦੋਸ਼ ਲਾਇਆ, ‘‘ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਦੇਸ਼ ’ਚ ਪਹਿਲਾਂ ਕਦੇ ਅਜਿਹਾ ਵੇਖਣ ਨੂੰ ਨਹੀਂ ਮਿਲਿਆ।’’

ਉਨ੍ਹਾਂ ਕਿਹਾ ਕਿ ਦੌੜ ਤੋਂ ਪਿੱਛੇ ਹਟਣ ਵਾਲੇ ਉਮੀਦਵਾਰਾਂ ਨੂੰ ਦਾਨਾਪੁਰ, ਬ੍ਰਹਮਪੁਰ ਅਤੇ ਗੋਪਾਲਗੰਜ ਸੀਟਾਂ ਉਤੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਉਨ੍ਹਾਂ ਕਿਹਾ, ‘‘ਭਾਜਪਾ ਸੂਰਤ ਮਾਡਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿਚ ਉਨ੍ਹਾਂ ਦਾ ਉਮੀਦਵਾਰ ਬਿਨਾਂ ਮੁਕਾਬਲਾ ਚੁਣਿਆ ਗਿਆ ਸੀ, ਕਿਉਂਕਿ ਬਾਕੀ ਸਾਰੇ ਉਮੀਦਵਾਰਾਂ ਨੂੰ ਹਟਣ ਲਈ ਮਜਬੂਰ ਕੀਤਾ ਗਿਆ ਸੀ। ਭਾਜਪਾ ਨੂੰ ਇਹ ਅਹਿਸਾਸ ਨਹੀਂ ਹੈ ਕਿ ਦੇਸ਼ ਭਰ ਦੇ ਵੋਟਰਾਂ ਨੇ ਇਸ ਕੰਮ ਲਈ ਪਾਰਟੀ ਨੂੰ ਸਜ਼ਾ ਦਿਤੀ ਹੈ ਅਤੇ ਉਸ ਨੇ ਸਿਰਫ 240 ਸੀਟਾਂ ਜਿੱਤੀਆਂ ਹਨ, ਹਾਲਾਂਕਿ ਉਸ ਨੇ ਸ਼ੇਖੀ ਮਾਰ ਕੇ ਕਿਹਾ ਸੀ ਕਿ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਇਹ ਗਿਣਤੀ 400 ਤੋਂ ਵੱਧ ਹੋਵੇਗੀ।’’

ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨੇ ਬਿਹਾਰ ਦੀਆਂ ਸਾਰੀਆਂ 243 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਤਿੰਨ ਉਮੀਦਵਾਰਾਂ ਦੇ ਦੌੜ ਤੋਂ ਪਿੱਛੇ ਹਟਣ ਦੇ ਨਾਲ, ਇਹ ਹੁਣ 240 ਸੀਟਾਂ ਉਤੇ ਲੜੇਗੀ ਕਿਉਂਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਰੀਕ ਪਹਿਲਾਂ ਹੀ ਲੰਘ ਚੁਕੀ ਹੈ।