ਦੀਵਾਲੀ ਮੌਕੇ ਬਿਹਾਰ ਨਿਵਾਸੀਆਂ ਨੇ ਚਲਾਏ 750 ਕਰੋੜ ਰੁਪਏ ਦੇ ਪਟਾਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਬਿਹਾਰ

ਮਠਿਆਈਆਂ, ਦੀਵਿਆਂ ਅਤੇ ਸਜਾਵਟੀ ਲੜੀਆਂ ’ਤੇ ਵੀ ਖਰਚੇ ਕਰੋੜਾਂ ਰੁਪਏ

Bihar residents burst firecrackers worth Rs 750 crore on Diwali

ਪਟਨਾ : ਸੋਮਵਾਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਰੋਸ਼ਨੀ, ਪਟਾਕਿਆਂ,  ਮਠਿਆਈਆਂ ਅਤੇ ਸਜਾਵਟ ’ਤੇ ਲੋਕਾਂ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਅਤੇ ਬਾਜ਼ਾਰ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਇਆ। ਜੇਕਰ ਅਸੀਂ ਬਿਹਾਰ ਦੀ ਗੱਲ ਕਰੀਏ ਤਾਂ ਇਸ ਸਾਲ ਸੂਬੇ ’ਚ ਦੀਵਾਲੀ ਮੌਕੇ ਲਗਭਗ 2200 ਤੋਂ 3000 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਇਆ। ਚੈਂਬਰ ਆਫ਼ ਕਾਮਰਸ ਨੇ ਇਹ ਅੰਕੜੇ  ਜਾਰੀ ਕੀਤੇ  ਅਤੇ ਇਸ ਵਾਰ ਲੋਕਾਂ ਦਾ ਲੋਕਲ ਫਾਰ ਵੋਕਲ ’ਤੇ ਜ਼ੋਰ ਰਿਹਾ, ਜਿਸ ਦੇ ਚਲਦੇ ਬਾਜ਼ਾਰ ਨੂੰ ਬਹੁਤ ਵੱਡਾ ਫਾਇਦਾ ਹੋਇਆ।
ਬਿਹਾਰ ਸਰਕਾਰ ਦੀ ਰਿਪੋਰਟ ਅਨੁਸਾਰ ਸੂਬੇ ਅੰਦਰ 2.80 ਕਰੋੜ ਘਰ ਹਨ, ਜਿਨ੍ਹਾਂ ’ਚੋਂ 15 ਤੋਂ 17 ਫ਼ੀ ਸਦੀ ਮੁਸਲਿਮਾਂ ਘਰਾਂ ਨੂੰ ਜੇਕਰ ਹਟਾ ਦਿਓ ਤਾਂ ਹਿੰਦੂਆਂ ਦੇ ਲਗਭਗ 2.30 ਕਰੋੜ ਘਰ ਬਚਦੇ ਹਨ ਜਿਨ੍ਹਾਂ ਵੱਲੋਂ ਦੀਵਾਲੀ ਮਨਾਈ ਗਈ। ਵਪਾਰ ਐਸੋਸੀਏਸ਼ਨ ਅਨੁਸਾਰ ਇਨ੍ਹਾਂ ਪਰਿਵਾਰਾਂ ਵੱਲੋਂ ਦੀਵਾਲੀ ਮੌਕੇ ਦੀਵੇ, ਕੈਂਡਲ, ਬੱਤੀਆਂ ਅਤੇ ਤੇਲ ਵਰਗੀਆਂ ਚੀਜ਼ਾਂ ’ਤੇ ਹਰ ਪਰਿਵਾਰ ਵੱਲੋਂ ਔਸਤਨ 50 ਰੁਪਏ ਖਰਚ ਕੀਤੇ ਗਏ, ਜਿਸ ਨਾਲ 115 ਕਰੋੜ ਰੁਪਏ ਦੀ ਕਮਾਈ ਹੋਈ। ਉਥੇ ਹੀ ਗਣੇਸ਼, ਲਕਸ਼ਮੀ ਦੀ ਮੂਰਤੀ ਦਾ ਜੋੜਾ ਔਸਤਨ 50 ਰੁਪਏ ’ਚ ਖਰੀਦਿਆ ਗਿਆ, ਇਸ ਨਾਲ ਵੀ 115 ਕਰੋੜ ਰੁਪਏ ਵੀ ਬਾਜ਼ਾਰ ਦੇ ਮੁਨਾਫ਼ੇ ’ਚ ਜੁੜੇ।
ਇਸ ਤੋਂ ਇਲਾਵਾ ਬਿਹਾਰ ਨਿਵਾਸੀਆਂ ਵੱਲੋਂ ਲਗਭਗ 575 ਕਰੋੜ ਰੁਪਏ ਮਠਿਆਈਆਂ ’ਤੇ ਖਰਚ ਕੀਤੇ ਗਏ। ਉਥੇ ਹੀ ਜੇਕਰ ਅਸੀਂ ਪਟਾਕਿਆਂ ਦੀ ਗੱਲ ਕਰੀਏ ਤਾਂ ਬਿਹਾਰ ਵਾਲਿਆਂ ਨੇ ਦੀਵਾਲੀ ਧੂਮਧਾਮ ਨਾਲ ਮਨਾਉਂਦੇ ਹੋਏ 750 ਕਰੋੜ ਰੁਪਏ ਦੇ ਪਟਾਕੇ ਚਲਾ ਦਿੱਤੇ।
ਇਸ ਤੋਂ ਇਲਾਵਾ ਜੇਕਰ ਅਸੀਂ ਰੋਸ਼ਨੀ ਅਤੇ ਸਜਾਵਟ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਮਿੱਟੀ ਦੇ ਦੀਵਿਆਂ ਦੇ ਨਾਲ-ਨਾਲ ਬਿਜਲਈ ਲੜੀਆਂ ’ਤੇ ਵੀ ਕਾਫ਼ੀ ਖਰਚ ਕੀਤਾ ਗਿਆ। ਜੇਕਰ 150 ਕਰੋੜ ਘਰਾਂ ’ਚ ਔਸਤ 100 ਰੁਪਇਆ ਵੀ ਸਜਾਵਟ ’ਤੇ ਖਰਚ ਕੀਤਾ ਗਿਆ ਹੋਵੇ ਤਾਂ ਇਸ ਨਾਲ ਬਾਜ਼ਾਰ ਨੂੰ 150 ਕਰੋੜ ਰੁਪਏ ਦਾ ਫਾਇਦਾ ਹੋਇਆ। ਸਿਰਫ਼ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਲੋਕਾਂ ਵੱਲੋਂ ਪੂਜਾ ਅਤੇ ਸਜਾਵਟ ਦੇ ਫੁੱਲਾਂ ’ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ।