Patna ਵਿਚ ਅਯੁੱਧਿਆ ਤੋਂ ਵਾਪਸ ਆ ਰਹੀ ਸ਼ਰਧਾਲੂਆਂ ਦੀ ਬੱਸ 20 ਫੁੱਟ ਡੂੰਘੀ ਖੱਡ ਵਿੱਚ ਡਿੱਗੀ
1 ਔਰਤ ਦੀ ਮੌਤ ਤੇ 25 ਜ਼ਖ਼ਮੀ
A Bus Carrying Pilgrims Returning From Ayodhya Fell Into a 20-Foot Deep Gorge in Patna Latest News in Punjabi ਮੋਕਾਮਾ (ਪਟਨਾ) : ਪਟਨਾ ਦੇ ਬਖਤਿਆਰਪੁਰ-ਮੋਕਾਮਾ ਚਾਰ-ਮਾਰਗੀ 'ਤੇ ਸ਼ੁਕਰਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਅਯੁੱਧਿਆ ਤੋਂ ਸਿਮਰੀਆ ਗੰਗਾ ਘਾਟ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਅਚਾਨਕ ਬਹਾਰਪੁਰ ਪਿੰਡ ਦੇ ਨੇੜੇ ਆਪਣਾ ਕੰਟਰੋਲ ਗੁਆ ਬੈਠੀ ਅਤੇ 20 ਫ਼ੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਬੱਸ ਵਿੱਚ ਸਵਾਰ ਇਕ ਮਹਿਲਾ ਸ਼ਰਧਾਲੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 25 ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਮੋਕਾਮਾ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਵਾਪਰਿਆ। ਬੱਸ (ਨੰਬਰ BR-06-PB-6383) ਵਿਚ 40 ਲੋਕ ਸਵਾਰ ਸਨ, ਜਿਨ੍ਹਾਂ ਵਿਚ 38 ਸ਼ਰਧਾਲੂ, ਡਰਾਈਵਰ ਅਤੇ ਵਾਹਨ ਮਾਲਕ ਸ਼ਾਮਲ ਸਨ। ਰਿਪੋਰਟਾਂ ਅਨੁਸਾਰ, ਬੱਸ ਮਾਲਕ ਵੈਦਨਾਥ ਪ੍ਰਸਾਦ ਚਲਾ ਰਿਹਾ ਸੀ। ਰਾਤ ਭਰ ਦੀ ਯਾਤਰਾ ਦੌਰਾਨ ਅਚਾਨਕ ਉਸ ਦੀ ਅੱਖ ਲੱਗ ਗਈ, ਜਿਸ ਕਾਰਨ ਬੱਸ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਬੱਸ ਦੇ ਅੰਦਰ ਵਿਆਪਕ ਦਹਿਸ਼ਤ ਫੈਲ ਗਈ ਅਤੇ ਯਾਤਰੀ ਬੁਰੀ ਤਰ੍ਹਾਂ ਫਸ ਗਏ।
ਹਾਦਸੇ ਵਿੱਚ 60 ਸਾਲਾ ਧਨੇਸ਼ਵਰੀ ਦੇਵੀ, ਜੋ ਕਿ ਸਵਰਗੀ ਮੰਨੂ ਰਾਮ ਦੀ ਪਤਨੀ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਮਧੂਬਨੀ ਜ਼ਿਲ੍ਹੇ ਦੇ ਮਧੇਪੁਰ ਥਾਣਾ ਖੇਤਰ ਦੇ ਤਾਰਡੀਹ ਪਿੰਡ ਦੀ ਰਹਿਣ ਵਾਲੀ ਸੀ। ਬਾਕੀ ਸਾਰੇ ਜ਼ਖ਼ਮੀ ਯਾਤਰੀ ਬਿਹਾਰ ਦੇ ਵੱਖ-ਵੱਖ ਹਿੱਸਿਆਂ ਤੋਂ ਦੱਸੇ ਜਾ ਰਹੇ ਹਨ।
ਖ਼ਬਰ ਮਿਲਦੇ ਹੀ ਮੋਕਾਮਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਕੱਢ ਕੇ ਐਂਬੂਲੈਂਸ ਰਾਹੀਂ ਟਰਾਮਾ ਸੈਂਟਰ ਭੇਜਿਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ, ਕੁੱਝ ਗੰਭੀਰ ਜ਼ਖ਼ਮੀ ਯਾਤਰੀਆਂ ਨੂੰ ਪਟਨਾ ਰੈਫ਼ਰ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।