ਮਹਾਂਗੱਠਜੋੜ ਨੇ ਤੇਜਸਵੀ ਯਾਦਵ ਨੂੰ ਐਲਾਨਿਆ ਮੁੱਖ ਮੰਤਰੀ ਚਿਹਰਾ
ਮੁਕੇਸ ਸਹਨੀ ਨੂੰ ਉਪ ਮੁੱਖ ਮੰਤਰੀ ਵਜੋਂ ਲੜਨਗੇ ਚੋਣ, ਕਾਂਗਰਸੀ ਆਗੂ ਅਸ਼ੋਕ ਗਹਿਲੋਤ ਵੱਲੋਂ ਕੀਤਾ ਗਿਆ ਐਲਾਨ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਲਈ ਮਹਾਂਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਆਰ.ਜੇ.ਡੀ. ਮੁਖੀ ਤੇਜਸਵੀ ਯਾਦਵ ਹੋਣਗੇ ਜਦਕਿ ਉਪ ਮੁੱਖ ਮੰਤਰੀ ਦਾ ਚਿਹਰਾ ਮੁਕੇਸ਼ ਸਹਨੀ ਹੋਣਗੇ। ਇਸ ਸਬੰਧੀ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਆਗੂ ਤਾਂ ਤੇਜਸਵੀ ਯਾਦਵ ਹੈ ਅਤੇ ਐਨ.ਡੀ.ਏ. ਦੱਸੇ ਕਿ ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ਸਿਰਫ ਨੀਤਿਸ਼ ਕੁਮਾਰ ਦੀ ਅਗਵਾਈ ਚੋਣਾਂ ਲੜਨਗੇ ਇਹ ਕਹਿ ਕੇ ਕੰਮ ਨਹੀਂ ਚੱਲੇਗਾ।
ਅਸ਼ੋਕ ਗਹਿਲੋਤ ਨੇ ਕਿਹਾ ਕਿ ਉਪ ਮੁੱਖ ਮੰਤਰੀ ਹੋਰ ਵੀ ਬਣਾਏ ਜਾਣਗੇ ਜੋ ਪਿਛੜੇ ਵਰਗ ਨਾਲ ਸਬੰਧਤ ਹੋਵੇਗਾ। ਪ੍ਰੈਸ ਕਾਨਫਰੰਸ ਦੌਰਾਨ ਤੇਜਸਵੀ ਯਾਦਵ ਦੇ ਬੋਰਡ ਅਤੇ ਫੋਟੋਆਂ ਲਗਾਈਆਂ ਗਈਆਂ ਸਨ ਜਦਕਿ ਇਨ੍ਹਾਂ ’ਤੇ ਕਿਸੇ ਵੀ ਕਾਂਗਰਸੀ ਆਗੂ ਦੀ ਤਸਵੀਰ ਨਹੀਂ ਸੀ। ਜਿਸ ਨੂੰ ਲੈ ਕੇ ਭਾਜਪਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣਾ ਸਨਮਾਨ ਖੋ ਦਿੱਤਾ ਹੈ ਜਦਕਿ ਬਿਹਾਰ ਭਾਜਪਾ ਦੇ ਪ੍ਰਧਾਨ ਦਿਲੀਪ ਜਾਇਸਵਾਲ ਨੇ ਕਿਹਾ ਕਿ ਮਹਾਂਗੱਠਜੋੜ ਦੇ ਅੰਦਰ ਕਲੇਸ਼ ਹੈ। ਉਹ ਚਾਹੇ ਜਨਤਾ ਨੂੰ ਜਿੰਨ ਮਰਜੀ ਸਮਝਾਉਣ ਦੀ ਕੋਸ਼ਿਸ਼ ਕਰ ਲੈਣ ਕਿ ਉਹ ਇਕਜੁੱਟ ਹਨ ਪਰ ਜਨਤਾ ਸਮਝ ਚੁੱਕੀ ਹੈ ਕਿ ਜੋ ਪਾਰਟੀ ਸੀਟਾਂ ਦੀ ਵੰਡ ਨਹੀਂ ਕਰ ਸਕੀ, ਉਹ ਸਰਕਾਰ ਨਹੀਂ ਚਲਾ ਸਕੇਗੀ।
ਉਥੇ ਹੀ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ ਵਿਰੋਧੀ ਧਿਰ ਜੋ ਮਰਜੀ ਕਹਿੰਦੀ ਰਹੇ ਪ੍ਰੰਤੂ ਗੱਠਜੋੜ ’ਚ ਕੋਈ ਟਕਰਾਅ ਨਹੀਂ। ਪੋਸਟਰਾਂ ’ਚ ਸਿਰਫ਼ ਤੇਜਸਵੀ ਯਾਦਵ ਦੀ ਤਸਵੀਰ ਕੋਈ ਮੁੱਦਾ ਨਹੀਂ ਅਤੇ ਬਿਹਾਰ ਦੇ ਨੌਜਵਾਨਾਂ ਦੇ ਲਈ ਇਹ ਮੁੱਦਾ ਕੋਈ ਮਾਇਨੇ ਨਹੀਂ ਰੱਖਦਾ।