ਭਾਰਤ ਪਲੱਸ ਗਰੁੱਪ ਦੇ ਚੇਅਰਮੈਨ ਅਜੈ ਕੁਮਾਰ ਸਿੰਘ 'ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ
ਡਰਾਈਵਰ ਦੀ ਚੌਕਸੀ ਕਾਰਨ ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਪਟਨਾ : ਭਾਰਤ ਪਲੱਸ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਅਜੈ ਕੁਮਾਰ ਸਿੰਘ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਫੁੱਲ ਮਿੱਲ ਨਾਲ ਸਬੰਧਤ ਕੰਮ ਲਈ ਪਟਨਾ ਤੋਂ ਬਿਹਟਾ ਜਾ ਰਹੇ ਸਨ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਛਾ ਗਿਆ ਹੈ ਅਤੇ ਬਿਹਾਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਇੱਕ ਵਾਰ ਫਿਰ ਗੰਭੀਰ ਸਵਾਲ ਉੱਠੇ ਹਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਜੈ ਕੁਮਾਰ ਸਿੰਘ ਆਪਣੀ ਨਿੱਜੀ ਕਾਰ ਵਿੱਚ ਜਾ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਰਸਤੇ ਵਿੱਚ ਭਾਰੀ ਟ੍ਰੈਫਿਕ ਜਾਮ ਹੋਣ ਕਾਰਨ ਉਨ੍ਹਾਂ ਨੇ ਗੱਡੀ ਨੂੰ ਮੋੜ ਕੇ ਪਟਨਾ ਵਾਪਸ ਜਾਣ ਦਾ ਫੈਸਲਾ ਕੀਤਾ। ਇਸ ਦੌਰਾਨ ਵਿਸੰਬਰਪੁਰ ਓਲਡ ਏਜ ਹੋਮ ਦੇ ਨੇੜੇ ਸਥਿਤੀ ਅਚਾਨਕ ਬਦਲ ਗਈ । 50 ਤੋਂ ਵੱਧ ਅਣਪਛਾਤੇ ਵਿਅਕਤੀਆਂ ਜੋ ਪਹਿਲਾਂ ਹੀ ਉਡੀਕ ਵਿੱਚ ਸਨ, ਡੰਡਿਆਂ ਅਤੇ ਰਾਡਾਂ ਨਾਲ ਸੜਕ 'ਤੇ ਆ ਗਏ ਅਤੇ ਉਨ੍ਹਾਂ ਅਜੈ ਕੁਮਾਰ ਦੀ ਕਾਰ ਨੂੰ ਘੇਰ ਲਿਆ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਅਜੈ ਕੁਮਾਰ ਸਿੰਘ ਦੀ ਕਾਰ 'ਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ਦੇ ਪਿਛਲੇ ਅਤੇ ਸਾਈਡ ਸ਼ੀਸ਼ੇ ਚਕਨਾਚੂਰ ਹੋ ਗਏ, ਅਤੇ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ। ਜਦਕਿ ਕਾਰ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ।
ਇਸ ਮੌਕੇ ਡਰਾਈਵਰ ਚੰਦਰ ਸ਼ੇਖਰ ਸ਼ਰਮਾ ਨੇ ਹਿੰਮਤ ਅਤੇ ਸਮਝਦਾਰੀ ਦਿਖਾਈ ਅਤੇ ਉਸ ਨੇ ਬਿਨਾ ਘਬਰਾਏ ਗੱਡੀ ਨੂੰ ਉਲਟਾ ਮੋੜ ਦਿੱਤਾ ਅਤੇ ਘਟਨਾ ਸਥਾਨ ਤੋਂ ਸੁਰੱਖਿਅਤ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸਦੀ ਤੇਜ਼ ਕਾਰਵਾਈ ਨਾਲ ਇੱਕ ਵੱਡਾ ਹਾਦਸਾ ਟਲ ਗਿਆ, ਅਤੇ ਸਾਰੇ ਸੁਰੱਖਿਅਤ ਬਚ ਗਏ।