ਤਖ਼ਤ ਪਟਨਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ, ਵੱਡੀ ਗਿਣਤੀ ਵਿੱਚ ਸੰਗਤ ਹੋਈ ਨਤਮਸਤਕ
ਗੁਰਦੁਆਰਾ ਗਾਇ ਘਾਟ ਤੋਂ ਆਰੰਭ ਹੋ ਕੇ ਤਖ਼ਤ ਪਟਨਾ ਸਾਹਿਬ ਵਿੱਚ ਹੋਈ ਸਮਾਪਤੀ
Great Nagar Kirtan dedicated to the Prakash Purb at Takht Patna Sahib
ਪਟਨਾ: ਤਖ਼ਤ ਪਟਨਾ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 25 ਤੋਂ 27 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਗਾਇ ਘਾਟ ਵਿੱਚ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਜਿਨ੍ਹਾਂ ਦੀ ਸਮਾਪਤੀ ਤੋਂ ਬਾਅਦ ਅੱਜ ਵਿਸ਼ੇਸ਼ ਦੀਵਾਨ ਸਜਾਏ ਗਏ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਕੱਢਿਆ ਗਿਆ, ਜਿਸ ਦੀ ਸਮਾਪਤੀ ਦੇਰ ਸ਼ਾਮ ਤਖ਼ਤ ਪਟਨਾ ਸਾਹਿਬ ਵਿੱਚ ਹੋਈ। ਤਖ਼ਤ ਪਟਨਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ, ਐਡੀਸ਼ਨਲ ਹੈਡ ਗ੍ਰੰਥੀ ਦਲੀਪ ਸਿੰਘ, ਗੁਰਦਿਆਲ ਸਿੰਘ, ਤਖ਼ਤ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਂਸਚਿਵ ਇੰਦਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ।
ਨਗਰ ਕੀਰਤਨ ਦੀ ਸ਼ੁਰੂਆਤ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਆਸਮਾਨ ਵਿੱਚ ਗੁਬਾਰੇ ਛੱਡ ਕੇ ਕੀਤੀ ਗਈ। ਨਗਰ ਕੀਰਤਨ ਵਿੱਚ ਸ਼ਬਦੀ ਜੱਥੇ, ਸਕੂਲਾਂ ਦੇ ਬੱਚੇ, ਬੈਂਡ ਬਾਜੇ, ਗਤਕਾ ਪਾਰਟੀਆਂ ਆਦਿ ਸ਼ਾਮਲ ਹੋਏ। ਸ. ਜਗਜੋਤ ਸਿੰਘ ਸੋਹੀ ਅਤੇ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਤਖ਼ਤ ਸਾਹਿਬ ਕਮੇਟੀ ਵੱਲੋਂ ਦੇਸ਼-ਵਿਦੇਸ਼ ਤੋਂ ਆਈ ਸੰਗਤ ਲਈ ਰਹਾਇਸ਼, ਲੰਗਰ, ਟਰਾਂਸਪੋਰਟ, ਸੁਰੱਖਿਆ ਆਦਿ ਦੀ ਪੂਰੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਕੱਲ੍ਹ ਸਵੇਰੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਗੁਰੂ ਮਹਾਰਾਜ ਦੇ ਪ੍ਰਕਾਸ਼ ਸਮੇਂ ਤੱਕ ਦੀਵਾਨ ਸਜਾਏ ਜਾਣਗੇ।